ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਉਤੇ ਮੋਹਾਲੀ ਪੁਲਿਸ ਵੱਲੋਂ ਤਸ਼ੱਦਦ
ਸੰਘਰਸ਼ਕਾਰੀ ਲੜਕੀਆਂ ਨੇ ਮੁਸ਼ਕਲਾਂ ਨਾਲ ਪੁਰਸ਼ ਪੁਲਿਸ ਮੁਲਾਜ਼ਮਾਂ ਤੋਂ ਖੋਹੀਆਂ ਆਪਣੀਆਂ ਚੁੰਨੀਆਂ
ਖ਼ਬਰ ਲਿੱਖੇ ਜਾਣ ਤੱਕ ਥਾਣੇ ਵਿੱਚ ਬੰਦ ਸੰਘਰਸ਼ਕਾਰੀ
ਮੋਹਾਲੀ, 2 ਅਕਤੂਬਰ,
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਅੱਜ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਜੱਦੀ ਜ਼ਿਲ੍ਹੇ ‘’ਚ ਸੰਘਰਸ਼ ਕਰਨ ਪੁੱਜੇ ਤਾਂ ਪੁਲਿਸ ਨੇ ਡੰਡਿਆਂ ਨਾਲ ਸਵਾਗਤ ਕੀਤਾ। ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਬੀ ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਚੰਡੀਗੜ੍ਹ-ਖਰੜ ਰੋਡ ਉਤੇ ਜਾਮ ਲਗਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਪੁਲਿਸ ਨੇ ਨੌਜਵਾਨਾਂ ਨੂੰ ਖਿੱਚ ਖਿੱਚ ਬੱਸਾਂ ਵਿੱਚ ਡੱਕ ਦਿੱਤਾ। ਇੱਥੋਂ ਤੱਕ ਕਿ ਸੰਘਰਸ਼ਕਾਰ ਲੜਕੀਆਂ ਨੂੰ ਸੜਕ ਉਤੇ ਘੜੀਸ-ਘੜੀਸ ਬੱਸਾਂ ਤੱਕ ਲਿਜਾਇਆ ਗਿਆ।
ਸੰਘਰਸ਼ਕਾਰੀ ਮਹਿਲਾਵਾਂ ਦੀਆਂ ਚੁੰਨੀਆਂ ਪੁਲਿਸ ਮੁਲਾਜ਼ਮਾਂ ਨੇ ਹੱਥਾਂ ਵਿੱਚ ਫੜ੍ਹ ਲਈਆਂ, ਜਿਨ੍ਹਾਂ ਨੂੰ ਲੜਕੀਆਂ ਨੇ ਮੁਸ਼ਕਲਾਂ ਨਾਲ ਵਾਪਸ ਖੋਹਿਆ। ਦੂਜੇ ਪਾਸੇ ਪੁਲਿਸ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਕਿਨਾਰਾ ਕਰ ਲਿਆ, ਸਿਰਫ ਇਹ ਕਹਿੰਦੀ ਰਹੀ ਕਿ ਪਹਿਲਾਂ ਇਸ ਨੂੰ ਨਬੇੜ ਲਈਏ ਫਿਰ ਦਸ ਦਿੰਦੇ ਹਾਂ। ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਨੇ ਰੁਜ਼ਾਗਰ ਦੇਣ ਦੀ ਬਜਾਏ ਸਾਨੂੰ ਅੱਜ ਜ਼ਖਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣਾ ਸੰਘਰਸ਼ ਉਦੋਂ ਤੱਕ ਜਾਰੀ ਰੱਖਣਗੇ, ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ। ਪੁਲਿਸ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਖ਼ਬਰ ਲਿੱਖੇ ਜਾਣ ਤੱਕ ਥਾਣੇ ਵਿੱਚ ਬੰਦ ਕੀਤਾ ਹੋਇਆ ਹੈ।