_*ਸਰਕਾਰੀ ਸਕੂਲਾਂ ਵਿੱਚ ਪੜ੍ਹਨ ਮੁਹਿੰਮ 1 ਜਨਵਰੀ ਤੋਂ*_
ਜਲੰਧਰ 31 ਦਸੰਬਰ (ਵਿਜੈ ਪਾਲ ) ਸਕੂਲ ਸਿੱਖਿਆ ਵਿਭਾਗ ਵੱਲੋਂ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਦੀਪ ਕੁਮਾਰ ਅਗਰਵਾਲ (ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ) ਦੀ ਅਗਵਾਈ ਵਿੱਚ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 100 ਦਿਨਾਂ ਪੜ੍ਹਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਸਬੰਧੀ ਮਾਣਯੋਗ ਡੀ.ਜੀ.ਐਸ.ਈ. ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ 100 ਰੋਜਾ ਪੜ੍ਹਨ ਮੁਹਿੰਮ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਵਿੱਚ ਸੁਧਾਰ ਕਰਨ ਹਿੱਤ 1 ਜਨਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਲਈ ਪੰਜਾਬ ਭਰ ਦੇ ਵਿਦਿਆਰਥੀਆਂ ਦੀਆਂ ਸਿੱਖਣ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਵਿਭਾਗ ਵੱਲੋਂ ਹਫ਼ਤਾਵਾਰੀ ਗਤੀਵਿਧੀਆਂ ਦਾ ਕੈਲੰਡਰ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਵਿਦਿਆਰਥੀਆਂ ਦੀਆਂ ਪੜ੍ਹਨ ਰੁਚੀਆਂ ਨੂੰ ਵਿਕਸਿਤ ਕਰਨ ਵਾਲੀਆਂ ਗਤੀਵਿਧੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਸ ਸਦਕਾ ਸਮੂਹ ਸਕੂਲਾਂ ਨੂੰ ਅਗਵਾਈ ਮਿਲੇਗੀ । ਉਹਨਾਂ ਸਮੂਹ ਅਧਿਕਾਰੀਆਂ , ਸਕੂਲ ਮੁਖੀਆਂ ,ਸਕੂਲ ਅਧਿਆਪਕਾਂ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਨਿਰਧਾਰਿਤ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਕਿਹਾ ਹੈ।
- ਹਰਿੰਦਰਪਾਲ ਸਿੰਘ ( ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ) ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਸਮੂਹ ਅਧਿਆਪਕਾਂ ਨੂੰ ਇਸ ਕੈਲੰਡਰ ਨੂੰ ਮਾਪਿਆਂ ਨਾਲ ਸਾਂਝਾ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਕਿ ਸਮੂਹ ਮਾਪੇ ਵੀ ਸਬੰਧਤ ਗਤੀਵਿਧੀਆਂ ਲਈ ਆਪਣੇ ਬੱਚਿਆਂ ਦਾ ਸਹਿਯੋਗ ਕਰ ਸਕਣ। ਮੁੱਖ ਦਫ਼ਤਰ ਵੱਲੋਂ ਪੜ੍ਹਨ ਮੁਹਿੰਮ ਸਬੰਧੀ ਬੈਨਰ/ਲੋਗੋ ਵੀ ਸਕੂਲਾਂ ਨਾਲ ਸਾਂਝਾ ਕੀਤਾ ਜਾਵੇਗਾ ਜਿਸ ਦੀ ਵਰਤੋਂ ਸਮੂਹ ਸਕੂਲ ਆਪਣੇ ਸੋਸ਼ਲ ਮੀਡੀਆ ਮਾਧਿਅਮਾਂ ਲਈ ਕਰ ਸਕਣਗੇ। ਵਿਭਾਗ ਵੱਲੋਂ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਪ੍ਰਚਾਰਨ , ਵਿੱਦਿਆਰਥੀਆਂ ਵਿੱਚ ਹਰਮਨਪਿਆਰਾ ਬਣਾਉਣ ਅਤੇ ਹੱਲਾਸ਼ੇਰੀ ਦੇਣ ਦੇ ਉਦੇਸ਼ ਲਈ ਸਮੂਹ ਸਕੂਲਾਂ ਨੂੰ ਸੋਸ਼ਲ ਮੀਡੀਆ ‘ਤੇ ਗਤੀਵਿਧੀਆਂ ਸਾਂਝੀਆਂ ਕਰਨ ਲਈ ਵੀ ਕਿਹਾ ਹੈ। ਮੁੱਖ ਦਫਤਰ ਵੱਲੋਂ ਕੀਤੀ ਗਈ ਇਸ ਆਨਲਾਈਨ ਮੀਟਿੰਗ ਵਿਚ ਜਲੰਧਰ ਦੇ ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰ, ਸਮੂਹ ਬਲਾਕ ਨੋਡਲ ਅਫਸਰ , ਬਲਾਕ ਸਿੱਖਿਆ ਅਫ਼ਸਰ , ਡੀ ਐਮ ਅਤੇ ਬੀ ਐੱਮ ਮੌਜੂਦ ਸਨ