ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੀ ਡਿਬਰੂਗੜ ਜੇਲ੍ਹ ਤੋਂ ਚਿੱਠੀ।

0
115

  • Google+
  • Google+
  • Google+

  • Google+

ਮਿਤੀ 5 ਜੁਲਾਈ, 2023 । ਡਿਬਰੂਗੜ੍ਹ ਜੇਲ੍ਹ, ਅਸਾਮ।
ਸਿੱਖ ਕੌਮ ਦੇ ਅਣਥੱਕ ਸੇਵਾਦਾਰ, ਰਾਜਸੀ ਮੰਜ਼ਿਲ ਨੂੰ ਸਮਰਪਿਤ ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹੀਦੀ ਦੀ ਖ਼ਬਰ ਸਾਨੂੰ ਜੇਲ੍ਹ ’ਚ ਪਹੁੰਚੀ ਹੈ। ਦੋਹਾਂ ਸਿੰਘਾਂ ਦੀ ਸਿੱਖ ਪੰਥ ਲਈ ਘਾਲਣਾ ਅਤੇ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ। ਸੰਘਰਸ਼ ਦੇ ਸਾਥੀਆਂ ਦਾ ਵਿਛੋੜਾ ਅਸਹਿ ਅਤੇ ਅਕਹਿ ਹੁੰਦਾ ਹੈ। ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਨਾਲ ਸਾਡੀ ਕੌਮੀ ਸਾਂਝ ਦੇ ਨਾਲ – ਨਾਲ ਨਿੱਜੀ ਸਾਂਝ ਸੀ। ਉਨ੍ਹਾਂ ਦੇ ਪਿਤਾ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦੀ ਸ਼ਹਾਦਤ ਸਿੱਖ ਸੰਘਰਸ਼ ਦੌਰਾਨ ਹੋਈ ਹੈ। ਜਦ ਭਾਈ ਅਵਤਾਰ ਸਿੰਘ ਖੰਡਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੂੰ ਸਿੱਖਾਂ ਦੇ ਰਾਜਸੀ ਨਿਸ਼ਾਨੇ ਲਈ ਸਮਰਪਿਤ ਹੋਣ ਅਤੇ ਅਡੋਲ ਰਹਿਣ ਕਾਰਨ ਹਿੰਦ ਹਕੂਮਤ ਨੇ ਸ਼ਹੀਦ ਕੀਤਾ ਹੈ।
ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹੀਦੀ ਨੂੰ ਧੁੰਦਲਾ ਕਰਨ ਲਈ ਹਿੰਦ ਹਕੂਮਤ ਨੇ ਉਨ੍ਹਾਂ ਦੀ ਆਦਤ ਨੂੰ ’ਬਿਮਾਰੀ  ਕਾਰਨ ਹੋਈ ਮੌਤ ‘ ਵੱਜੋ ਪੇਸ਼ ਕੀਤਾ ਹੈ। ਜਿਵੇਂ ਕਿ ਸ਼ਹੀਦ ਭਾਈ ਸੰਦੀਪ ਸਿੰਘ (ਦੀਪ ਸਿੱਧੂ) ਦੀ ਸ਼ਹਾਦਤ ਨੂੰ ’ਸੜਕ ਦੁਰਘਟਨਾ’ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਮੌਕੇ ਹਕੂਮਤ ਦੇ ਇਨ੍ਹਾਂ ਕੋਝੇ  ਯਤਨਾਂ ਦੇ ਬਾਵਜੂਦ ਸਿੱਖ ਕੌਮ ਦੀ ਸਮੂਹਿਕ ਚੇਤਨਾ ਨੇ ਉਨ੍ਹਾਂ ਨੂੰ ’ਕੌਮੀ ਸ਼ਹੀਦ’ ਦਾ ਦਰਜਾ ਦਿੱਤਾ ਸੀ। ਇਸੇ ਤਰਾਂ ਬਿਨਾ ਕਿਸੇ ਊਨਾ ਤੋਂ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਸਿੱਖ ਕੌਮ ਦੇਵੇ। ਕੌਮ ਇਸ ਗੱਲ `ਤੇ ਵਚਨਬੱਧ ਹੋਵੇ ਕਿ ਇਨ੍ਹਾਂ ਸਿੰਘ ਦਾ ਡੁੱਲ੍ਹਿਆ ਲਹੂ ਕਦੇ ਅਜਾਈਂ ਨਹੀਂ ਜਾਵੇਗਾ । ਸਾਡੀ ਨਸਲ-ਦਰ-ਨਸਲ ਅਜ਼ਾਦੀ ਲਈ ਸੰਘਰਸ਼ ਕਰਦੀ ਰਹੇਗੀ। ਖੌਰੇ ਹਕੂਮਤ ਨੂੰ ਇਸ ਗੱਲ ਦਾ ਭਰਮ ਹੈ ਕਿ ਇਸ ਤਰਾਂ ਪੰਥ ਵਿੱਚੋਂ ਸੰਘਰਸ਼ੀ ਨੌਜਵਾਨਾਂ ਨੂੰ ਚੁਣ-ਚੁਣ ਕੇ ਸ਼ਹੀਦ ਕਰਨ ਨਾਲ ਸਿੱਖਾਂ ਵਿੱਚੋਂ ਰਾਜਸੀ ਚੇਤਨਾ ਮੁੱਕ ਜਾਵੇਗੀ। ਇਤਿਹਾਸ ਗਵਾਹ ਹੈ ਕਿ ਸ਼ਹਾਦਤਾਂ ਨੇ ਸੰਘਰਸ਼ ਨੂੰ ਹਮੇਸ਼ਾ ਬਲ ਬਖ਼ਸ਼ਿਆ ਹੈ। ਸ਼ਹੀਦਾਂ ਦੇ ਲਹੂ ਨਾਲ ਕੌਮ ਦੀ ਮਿੱਟੀ ਜ਼ਰਖੇਜ਼ ਹੁੰਦੀ ਰਹੇਗੀ, ਜਿਸ ਨਾਲ ਹੋਰ ਸੂਰਮੇ ਪੈਦਾ ਹੁੰਦੇ ਰਹਿਣਗੇ।
ਇਹ ਭਰਮ ਜੋ ਹਿੰਦੁਸਤਾਨ ਦੀ ਹਕੂਮਤ ਨੂੰ ਹੋਇਐ। ਇਹ ਕਿਸੇ ਵੇਲੇ ਮੁਗ਼ਲਾਂ, ਦੁਰਾਨੀਆਂ ਤੇ ਅੰਗਰੇਜ਼ ਹਕੂਮਤ ਨੂੰ ਰਿਹਾ ਸੀ। ਇਸ ਭਰਮ ਨੇ ਉਨ੍ਹਾਂ ਦੇ ਪਾਪੀ ਰਾਜ ਦੀਆਂ ਜੜਾਂ ਪੁੱਟ ਦਿੱਤੀਆਂ ਸਨ। ।978 ਈ ਵਿਸਾਖੀ ਤੋਂ ਬਾਅਦ ਉੱਠੇ ਸਿੱਖ ਸੰਘਰਸ਼ ਨੂੰ ਕੁਚਲਨ ਲਈ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਕਰਕੇ ਸਿੱਖਾਂ ਦੀ ਰਾਜਸੀ ਤਾਕਤ ਦੇ ਸੋਮੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਕੇ ਅਤੇ ਸੰਘਰਸ਼ ਦੇ ਨਾਇਕ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਕੇ ਹਿੰਦ ਹਕੂਮਤ ਨੂੰ ਭਰਮ ਜੀ ਕਿ ਸਿੱਖਾਂ ਨੂੰ ਦਬਾਇਆ ਜਾ ਸਕਦਾ ਹੈ ਪਰ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਵਹਿਸ਼ੀ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ।
ਗੁਰ ਸਿਧਾਂਤ ਮੁਤਾਬਿਕ ਹਥਿਆਰਬੰਦ ਸੰਘਰਸ਼ ਸਿੱਖਾਂ ਵਾਸਤੇ ਆਖ਼ਰੀ ਰਾਹ ਹੁੰਦਾ ਹੈ। ਅਜੋਕੇ ਵਿਚ ਬੇਇਨਸਾਫ਼ੀ ਜਬਰ ਦੇ ਖ਼ਿਲਾਫ਼ ਅਤੇ ਰਾਜਸੀ ਅਜ਼ਾਦੀ ਲਈ ਅਸੀਂ ਸ਼ਾਂਤਮਈ ਸੰਘਰਸ਼ ਕਰ ਰਹੇ ਹਾਂ। ਇਸ ਦੇ ਬਾਵਜੂਦ ਹਕੂਮਤ ਸਾਰਾ ਸ਼ਿਕਾਰ ਖੇਡਣ ‘ਤੇ ਉਤਾਰੂ ਹੈ। ਕੌਮ ਦੇ ਹੀਰਿਆਂ ਵਰਗੇ ਨੌਜਵਾਨਾਂ ਨੂੰ ਚੁਣ ਚੁਣ ਕੇ ਸ਼ਾਜਿਸ਼ਾਨਾ ਤਰੀਕੇ ਨਾਲ ਸ਼ਹੀਦ ਕੀਤਾ ਜਾ ਰਿਹਾ ਹੈ।  ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਕੌਮੀ ਘਰ ਲਈ ਤਤਪਰ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਹਕੂਮਤ ਦੀਆਂ ਚਾਲਾਂ ਤੋਂ ਸੁਚੇਤ ਰਹਿ ਕੇ ਸੰਘਰਸ਼ ਨੂੰ ਹੋਰ ਬੁਲੰਦੀਆਂ ‘ਤੇ ਲਿਜਾਇਆ ਜਾਵੇ।

ਭਾਰਤ ‘ਚ ਹੋਈ ਸਿੱਖ ਨਸਲਕੁਸ਼ੀ ਤੇ ਉਸ ਦੇ ਨਤੀਜੇ ਵਜੋਂ ਸਿੱਖਾਂ ਦੀ ਪੰਜਾਬ ‘ਚੋਂ ਹਿਜਰਤ ਜਾਰੀ ਹੈ। ਇਸ ਦੀ ਦੋਸ਼ੀ ਭਾਰਤੀ ਸਟੇਟ ਨੂੰ ਦੁਨੀਆ ਦੇ ਕਟਹਿਰੇ ਵਿਚ ਸਿੱਖ ਕਾਰਕੁਨ ਖੜ੍ਹਾ ਕਰ ਰਹੇ ਹਨ। ਜਿਹੜੇ ਮੁਲਕ ਆਪਣੇ ਆਪ ਨੂੰ ਮਨੁੱਖੀ ਹੱਕਾਂ ਦੇ ਅਲੰਬਰਦਾਰ ਅਖਵਾਉਂਦੇ ਹਨ, ਉਨ੍ਹਾਂ ਦੇ ਨੱਕ ਹੇਠ ਭਾਰਤੀ ਖ਼ੁਫ਼ੀਆ ਏਜੰਸੀਆਂ ਸਿੱਖ ਕਾਰਕੁਨਾਂ ਦੇ ਲਹੂ ਨਾਲ ਖੇਡ ਰਹੀਆਂ ਹਨ। ਕੀ ਇਨ੍ਹਾਂ ਮੁਲਕਾਂ ਦੀ ਇਸ ਮਸਲੇ ‘ਤੇ ਚੁੱਪੀ ਹਿੰਦ ਹਕੂਮਤ ਨੂੰ ਖ਼ਾਮੋਸ਼ ਸਹਿਮਤੀ ਨਹੀਂ ਦੇ ਰਹੀ? ਕੀ ਇਹ ਮੁਲਕ ਆਪਣੇ ਆਰਥਿਕ ਹਿਤਾਂ ਦੀ ਪੂਰਤੀ ਲਈ ਮਨੁੱਖੀ ਅਧਿਕਾਰਾਂ ਦੀ ਬਲੀ ਦੇਂਦੇ ਰਹਿਣਗੇ?

ਸੋ ਸਿੱਖਾਂ ਲਈ ਗੁਰੂ ਸਾਹਿਬ ਤੋਂ ਬਿਨਾਂ ਕੋਈ ਵਾਲੀ ਨਹੀਂ ਤੇ ਆਪਣੇ ਰਾਜ ਭਾਗ ਬਿਨਾਂ ਸਿੱਖਾਂ ਦੇ ਘਾਣ ਦਾ ਰੁਕਣਾ ਅਸੰਭਵ ਹੈ। ਸਿੱਖਾਂ ਰਾਜਸੀ ਸੂਰਜ ਨੂੰ ਚੜ੍ਹਨੋਂ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਅਫ਼ਜ਼ਲ ਅਹਿਸਨ ਰੰਧਾਵਾ ਦੀ ਲਿਖੀ ਤੀਜੇ ਘੱਲੂਘਾਰੇ ਬਾਰੇ ਕਵਿਤਾ ਦੇ ਲਫ਼ਜ਼ ਹਨ : ’’ਮੇਰਾ ਡੁੱਬਿਆ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਰਾਤ ” ਜ਼ੁਲਮ ਦੀ ਰਾਤ ਮੁੱਕ ਜਾਵੇਗੀ ਤੇ ਆਜ਼ਾਦੀ ਦਾ ਸੂਰਜ ਉਦੈ ਹੋਵੇਗਾ, ਜਿਸ ਨੂੰ ਲੋਕਾਈ ਵੇਖੇਗੀ। ਇਸ ਤਾਂਘ ਨਾਲ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜਿਊਂਦੇ ਰਹੇ ਤੇ ਸਾਡੇ ਚੇਤਿਆਂ ਵਿਚ ਸਦਾ ਸਦਾ ਜਿਉਂਦੇ ਰਹਿਣਗੇ। ਸ਼ਹੀਦਾਂ ਦੀ ਮਾਲਾ ਦੇ ਇਨ੍ਹਾਂ ਸੁੱਚੇ ਮੋਤੀਆਂ ਨੂੰ ਸਿੱਜਦਾ ਕਰਦੇ ਹਾਂ। ਇਨ੍ਹਾਂ ਸਿੰਘ ਦੇ ਪਰਿਵਾਰ, ਖ਼ਾਲਸਾ ਪੰਥ ਦੇ ਆਪਣੇ ਪਰਿਵਾਰ ਹਨ। ਜਿਨ੍ਹਾਂ ਦਾ ਖ਼ਿਆਲ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ।
ਅਖੀਰ ਵਿਚ ਸਿੱਖ ਪੰਥ ਦੇ ਚਰਨਾਂ ’ਚ ਸਨਿਮਰ ਬੇਨਤੀ ਕਰਦੇ ਹਾਂ ਕਿ ਆਪਣੇ ਰਾਜ ਭਾਗ ਲਈ ਜਿੱਥੇ ਅਸੀਂ ਗੁਰੂ ਸਾਹਿਬ ਤੋ ਦੋਵੇਂ ਵਕਤ ਬਖਸ਼ਿਸ਼ ਮੰਗਦੇ ਹਾਂ, ਉੱਥੇ ਹੀ ਇਸ ਪਾਵਨ ਮਕਸਦ ਲਈ ਯਤਨਸ਼ੀਲ ਰਹਿਣਾ ਹੀ ਸ਼ਹੀਦਾਂ ਨੂੰ ਅਸਲ ਪ੍ਰਮਾਣ ਹੋਵੇਗਾ । ਗੁਰੂ ਸਾਹਿਬ, ਫ਼ਤਿਹ ਬਖ਼ਸ਼ਣਗੇ। ਇਹ ਸਾਰਾ ਅਟੱਲ ਨਿਸ਼ਚਾ ਹੈ। ਆਖ਼ਰ ’ਚ ਸਿੱਖ ਨੌਜਵਾਨੀ ਤਕ  ਸੰਦੇਸ਼ ਹੈ ਕਿ ,- ਨਸ਼ੇ ਤਿਆਗੋ, ਅੰਮ੍ਰਿਤ ਛਕੇ ਅਤੇ ਤਿਆਰ ਬਰ ਤਿਆਰ ਸਿੰਘ ਸਜੋ।
ਗੁਰੂ ਪੰਥ ਦੇ ਦਾਸ : ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘ, ਡਿਬਰੂਗੜ ਜੇਲ੍ਹ, ਅਸਾਮ।

ਸਹੀ : ਅੰਮ੍ਰਿਤਪਾਲ ਸਿੰਘ। ਮਿਤੀ 5-7-23
ਚਾਚਾ ਹਰਜੀਤ ਸਿੰਘ, ਪਪਲਪ੍ਰੀਤ ਸਿੰਘ, ਦਲਜੀਤ ਸਿੰਘ ਕਲਸੀ, ਕੁਲਵੰਤ ਸਿੰਘ, ਭਗਵੰਤ ਸਿੰਘ, ਬਸੰਤ ਸਿੰਘ, ਸਰਬਜੀਤ ਸਿੰਘ, ਸੁਰਿੰਦਰ ਸਿੰਘ, ਗੁਰਮੀਤ ਸਿੰਘ ਗੁਰ ਔਜਲਾ।

LEAVE A REPLY