
ਇੱਕ ਕਿਲੋ ਹੈਰੋਇਨ ਅਤੇ 4 ਲੱਖ ਦੀ ਨਕਦੀ ਸਮੇਤ ਇੱਕ ਕਾਬੂ
ਜਲੰਧਰ 12 ਸਤੰਬਰ (ਸੁਨੀਲ ਕਪੂਰ)- ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਵਿਅਕਤੀ ਨੂੰ ਇੱਕ ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਕੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫਾਸ਼ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇੱਕ ਇਤਲਾਹ ‘ਤੇ ਜਲੰਧਰ ਦੇ ਬੱਸ ਸਟੈਂਡ ਨੇੜੇ ਗ੍ਰੀਨ ਪਾਰਕ ਕਲੋਨੀ ਕੋਲ ਜਾਲ ਵਿਛਾਇਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਕੂਲ ਰੋਡ ਵਾਲੇ ਪਾਸੇ ਤੋਂ ਇੱਕ ਵਿਅਕਤੀ ਨੂੰ ਬੈਗ ਲੈ ਕੇ ਆਉਂਦਾ ਦੇਖਿਆ। ਸ਼੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਪਾਰਟੀ ਦੀ ਮੌਜੂਦਗੀ ਤੋਂ ਘਬਰਾ ਕੇ ਉਕਤ ਵਿਅਕਤੀ ਨੇ ਕਾਹਲੀ ਨਾਲ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਉਸ ਦੀਆਂ ਗਤੀਵਿਧੀਆਂ ’ਤੇ ਸ਼ੱਕ ਕਰਦਿਆਂ ਪੁਲੀਸ ਪਾਰਟੀ ਨੇ ਉਸ ਨੂੰ ਚੈਕਿੰਗ ਲਈ ਰੋਕਿਆ ਜਿਸ ਦੌਰਾਨ ਉਸ ਕੋਲੋਂ ਇੱਕ ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਦੀ ਪਛਾਣ ਸ਼ਿੰਦਾ ਸਿੰਘ ਉਰਫ਼ ਕਾਲਾ ਪੁੱਤਰ ਬੁਹੜ ਸਿੰਘ ਵਾਸੀ ਪਿੰਡ ਚੱਕ ਭੰਗੇਵਾਲਾ ਥਾਣਾ ਮਮਦੋਟ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਕੀਤੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਐਫਆਈਆਰ ਨੰਬਰ 200 ਮਿਤੀ 09.09.2024 ਅਧੀਨ 21ਸੀ-61-85 ਐਨਡੀਪੀਐਸ ਐਕਟ ਥਾਣਾ ਡਵੀਜ਼ਨ ਨੰਬਰ 6, ਕਮਿਸ਼ਨਰੇਟ ਜਲੰਧਰ ਵਿਖੇ ਦਰਜ ਕੀਤੀ ਗਈ ਸੀ।
ਪੁਲੀਸ ਕਮਿਸ਼ਨਰ ਵੱਲੋਂ ਮੁਲਜ਼ਮ ਦੇ ਸਾਥੀਆਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਅਕਤੀਆਂ ਨੂੰ ਉਸ ਨੇ ਹੈਰੋਇਨ ਦੀ ਇੰਨੀ ਵੱਡੀ ਖੇਪ ਸਪਲਾਈ ਕਰਨੀ ਸੀ, ਸਮੇਤ ਉਨ੍ਹਾਂ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਕਿਵੇਂ ਮੰਗਵਾਉਂਦੇ ਸਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਪਹਿਲਾਂ ਹੀ ਇੱਕ ਐਫਆਈਆਰ ਲੰਬਿਤ ਹੈ।
























