ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਅੰਦਰ ਚਾਰ ਵਿਧਾਨ ਸਭਾ ਹਲਕਿਆਂ ਅੰਦਰ ਹੋ ਰਹੀਆਂ ਜਿਮਨੀ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਘੇਰਨ ਦੀਆਂ ਤਿਆਰੀਆਂ

0
136

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਅੰਦਰ ਚਾਰ ਵਿਧਾਨ ਸਭਾ ਹਲਕਿਆਂ ਅੰਦਰ ਹੋ ਰਹੀਆਂ ਜਿਮਨੀ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਘੇਰਨ ਦੀਆਂ ਤਿਆਰੀਆਂ।

  • Google+

**03 ਨਵੰਬਰ ਚੱਬੇਵਾਲ, 07 ਨਵੰਬਰ ਗਿੱਦੜਵਾਹਾ, 09 ਨਵੰਬਰ ਡੇਰਾ ਬਾਬਾ ਨਾਨਕ ਅਤੇ 10 ਨਵੰਬਰ ਨੂੰ ਬਰਨਾਲਾ ਵਿਧਾਨ ਸਭਾ ਹਲਕੇ ਅੰਦਰ ਕੀਤਾ ਜਾਵੇਗਾ ਝੰਡਾ ਮਾਰਚ।**
**28-29 ਅਕਤੂਬਰ ਨੂੰ ਸਮੁੱਚੇ ਪੰਜਾਬ ਅੰਦਰ ਥਾਂ- ਥਾਂ ਫੂਕੀਆਂ ਜਾਣਗੀਆਂ ਸਰਕਾਰ ਦੀਆਂ ਅਰਥੀਆਂ**
**25-26 ਅਕਤੂਬਰ ਨੂੰ ਕੀਤੀਆਂ ਜਾਣਗੀਆਂ ਜ਼ਿਲ੍ਹਾ ਮੀਟਿੰਗਾਂ**
ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੰਘਰਸ਼ਾਂ ਦੀ ਕੀਤੀ ਹਮਾਇਤ।

  • Google+

ਜਲੰਧਰ:21 ਅਕਤੂਬਰ ( ਐਸ. ਕੇ.ਕਪੂਰ)
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੀਟਿੰਗ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ । ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਭਜਨ ਸਿੰਘ ਗਿੱਲ, ਸਵਿੰਦਰ ਪਾਲ ਸਿੰਘ ਮੋਲੋਵਾਲੀ, ਗਗਨਦੀਪ ਸਿੰਘ ਭੁੱਲਰ,ਸੁਖਦੇਵ ਸਿੰਘ ਸੈਣੀ,ਬਾਜ ਸਿੰਘ ਖਹਿਰਾ,ਹਰਦੀਪ ਸਿੰਘ ਟੋਡਰਪੁਰ,ਰਘਵੀਰ ਸਿੰਘ,ਪ੍ਰਵੀਨ ਕੁਮਾਰ, ਜਗਦੀਸ਼ ਸਿੰਘ ਚਾਹਲ, ਰਾਧੇ ਸ਼ਾਮ, ਬੋਬਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਬਾਰ-ਬਾਰ ਮੀਟਿੰਗਾਂ ਦੇ ਕੇ ਭੱਜਣ ਦੇ ਖਿਲਾਫ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਪੰਜਾਬ ਅੰਦਰ ਹੋ ਰਹੀਆਂ ਚਾਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਵਿੱਚ ਸਰਕਾਰ ਨੂੰ ਘੇਰਿਆ ਜਾਵੇਗਾ, ਜਿਸ ਦੇ ਤਹਿਤ 03 ਨਵੰਬਰ ਨੂੰ ਚੱਬੇਵਾਲ,07 ਨਵੰਬਰ ਨੂੰ ਗਿੱਦੜਵਾਹਾ,09 ਨਵੰਬਰ ਨੂੰ ਡੇਰਾ ਬਾਬਾ ਨਾਨਕ ਅਤੇ 10 ਨਵੰਬਰ ਨੂੰ ਬਰਨਾਲਾ ਵਿਧਾਨ ਸਭਾ ਹਲਕਿਆਂ ਅੰਦਰ ਝੰਡਾ ਮਾਰਚ ਕੀਤਾ ਜਾਵੇਗਾ। ਆਗੂਆਂ ਆਖਿਆ ਕਿ ਝੰਡਾ ਮਾਰਚ ਦੌਰਾਨ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਕਚਹਿਰੀ ਵਿੱਚ ਨੰਗਾ ਕੀਤਾ ਜਾਵੇਗਾ। ਆਗੂਆਂ ਆਖਿਆ ਕਿ ਮੀਟਿੰਗ ਦੌਰਾਨ ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਉਲੀਕੇ ਸੰਘਰਸ਼ਾਂ ਦੀ ਹਮਾਇਤ ਦਾ ਮਤਾ ਪਾਸ ਕੀਤਾ ਗਿਆ। ਇਕ ਵੱਖਰੇ ਮਤੇ ਰਾਹੀਂ ਅਖੌਤੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੈਨਸ਼ਨ ਵਿਰੋਧੀ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਗਈ। ਸਾਂਝਾ ਫਰੰਟ ਦੇ ਆਗੂਆਂ ਆਖਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਤਿਉਹਾਰਾਂ ਦੇ ਸਮੇਂ ਵੀ ਪੰਜਾਬ ਸਰਕਾਰ ਕੋਈ ਬਕਾਇਆ,ਕੋਈ ਮਹਿੰਗਾਈ ਭੱਤਾ ਜਾਂ ਕੋਈ ਹੋਰ ਰਾਹਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਹੀਂ ਦੇ ਰਹੀ। ਆਗੂਆਂ ਆਖਿਆ ਕਿ ਇਸ ਸਰਕਾਰ ਵੱਲੋਂ ਸਤ੍ਹਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੇ ਲਾਰੇ ਲਗਾਏ ਗਏ ਸਨ ਪਰੰਤੂ ਸਭ ਕੁਝ ਇਸ ਤੋਂ ਉਲਟ ਹੋਇਆ ਹੈ‌।ਇਹ ਸਰਕਾਰ ਨਰੋਲ ਕਾਰਪੋਰੇਟ ਪੱਖੀ ਸਰਕਾਰ ਸਾਬਤ ਹੋਈ ਹੈ। ਆਗੂਆਂ ਦੋਸ਼ ਲਾਇਆ ਕਿ ਇਸ ਸਰਕਾਰ ਵੱਲੋਂ ਖਜ਼ਾਨੇ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ ਅਤੇ ਮਾਫੀਆ ਲਗਾਤਾਰ ਪਣਪ ਰਿਹਾ ਹੈ।ਇਸ ਮੌਕੇ ਸਾਂਝਾ ਫਰੰਟ ਦੇ ਆਗੂਆਂ ਆਖਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਦੇ ਬਾਵਜੂਦ ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ 2.59 ਗੁਣਾਂਕ ਨਾਲ ਨਹੀਂ ਕੀਤੀ ਜਾ ਰਹੀ,ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਨੀਤੀ ਨਰੋਲ ਧੋਖਾ ਹੈ ਅਤੇ ਮਾਣ ਭੱਤਾ/ ਇਨਸੈਂਟਿਵ /ਆਊਟ ਸੋਰਸ /ਇਨਲਿਸਟਮੈਂਟ ਅਤੇ ਕੇਂਦਰੀ ਸਕੀਮਾਂ ਤਹਿਤ ਕੰਮ ਕਰਦੇ ਮੁਲਾਜ਼ਮਾਂ ਦਾ ਰੁਜ਼ਗਾਰ ਦੇ ਨਾਂ ਦੇ ਉੱਤੇ ਸ਼ੋਸ਼ਣ ਲਗਾਤਾਰ ਜਾਰੀ ਹੈ, ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਸਰਕਾਰ ਭੱਜ ਗਈ ਹੈ,ਤਨਖਾਹ ਕਮਿਸ਼ਨ ਦੇ 05 ਸਾਲ 06 ਮਹੀਨੇ ਦੇ ਬਕਾਏ ਦਿੱਤੇ ਨਹੀਂ ਜਾ ਰਹੇ,ਪੰਜਾਬ ਦੇ ਮੁਲਾਜ਼ਮ ਕੇਂਦਰ ਨਾਲੋਂ 15 ਪ੍ਰਤੀਸ਼ਤ ਮਹਿੰਗਾਈ ਭੱਤਾ ਘੱਟ ਲੈ ਰਹੇ ਹਨ ਅਤੇ ਮਹਿੰਗਾਈ ਭੱਤੇ ਦਾ ਪਿਛਲਾ ਬਕਾਇਆ ਸਰਕਾਰ ਦੇਣ ਵਾਸਤੇ ਤਿਆਰ ਨਹੀਂ, ਪ੍ਰਵੇਸ਼ਨਲ ਸਮੇਂ ਦੌਰਾਨ ਪੂਰੀ ਤਨਖਾਹ ਭੱਤੇ ਦੇਣ ਸਬੰਧੀ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਮੰਨਣ ਦੀ ਥਾਂ ਉੱਚ ਅਦਾਲਤ ਵਿੱਚ ਇਹ ਸਰਕਾਰ ਵੱਲੋਂ ਕੇਸ ਲਜਾਇਆ ਜਾ ਰਿਹਾ ਹੈ,ਇਹ ਸਰਕਾਰ ਇੱਕ ਪਾਸੇ ਮਹਿੰਗਾਈ ਭੱਤੇ ਨੂੰ ਕੇਂਦਰ ਸਰਕਾਰ ਨਾਲੌਂ ਡੀਲਿੰਕ ਕਰ ਰਹੀ ਹੈ ਅਤੇ ਦੂਜੇ ਪਾਸੇ ਤਨਖਾਹ ਸਕੇਲ ਕੇਂਦਰ ਦੇ ਜਬਰੀ ਥੋਪੇ ਜਾ ਰਹੇ ਹਨ, ਇਸ ਸਰਕਾਰ ਵੱਲੋਂ ਕੁਝ ਦੇਣ ਦੀ ਥਾਂ 200 ਰੁਪਏ ਪ੍ਰਤੀ ਮਹੀਨਾ ਜਜੀਆ ਜਬਰੀ ਵਸੂਲਿਆ ਜਾ ਰਿਹਾ ਹੈ। ਸਾਂਝਾ ਫਰੰਟ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਅੰਦਰ ਵੱਖ-ਵੱਖ ਫਰੰਟਾਂ ਤੇ ਸੰਘਰਸ਼ ਕਰ ਰਹੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰ ਇਕੱਠੇ ਹੋ ਕੇ ਸਰਕਾਰ ਨੂੰ ਜਾਮ ਕਰਨਗੇ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਧਨਵੰਤ ਸਿੰਘ ਭੱਠਲ, ਤੀਰਥ ਸਿੰਘ ਬਾਸੀ, ਕਸ਼ਮੀਰ ਸਿੰਘ, ਦਲੀਪ ਸਿੰਘ, ਸੁਰਿੰਦਰ ਰਾਮ ਕੁੱਸਾ, ਪ੍ਰੇਮ ਚਾਵਲਾ ਦੇਵ ਰਾਜ, ਜਗਮੇਲ ਸਿੰਘ ਪੱਖੋਵਾਲ, ਸੁਖਵਿੰਦਰ ਸਿੰਘ ,ਅਵਤਾਰ ਸਿੰਘ ਪੰਧੇਰ, ਅਮਰੀਕ ਸਿੰਘ ਮਸੀਤਾਂ, ਜਗਦੀਸ਼ ਸਿੰਘ ਰਾਣਾ, ਸਰਬਜੀਤ ਸਿੰਘ, ਸਤਨਾਮ ਸਿੰਘ ਰੰਧਾਵਾ ,ਚਮਕੌਰ ਸਿੰਘ, ਰਸ਼ਪਾਲ ਸਿੰਘ, ਸ਼ਿੰਗਾਰਾ ਸਿੰਘ ,ਕੇਵਲ ਸਿੰਘ ਬਨਵੈਤ ਆਦਿ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY