ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸਾਲਾਨਾ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ

0
31
ਲਾਇਲਪੁਰ ਖ਼ਾਲਸਾ ਕਾਲਜ

ਜਲੰਧਰ 9 ਨਵੰਬਰ (ਨੀਤੂ ਕਪੂਰ)- ਅਕਾਦਮਿਕ, ਖੋਜ, ਸਾਹਿਤਕ, ਖੇਡਾਂ ਅਤੇ ਕਲਚਰਲ ਖੇਤਰ ਵਿੱਚ ਇੱਕ ਵੱਖਰੀ ਪਛਾਣ ਬਣਾ ਚੁੱਕੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਸਾਲਾਨਾ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੈਸ਼ਨ 2020-21, 2021-22 ਅਤੇ 2022-23 ਦੇ 650 ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੇ ਡਿਗਰੀ ਪ੍ਰਾਪਤ ਕੀਤੀ। ਇਸ ਡਿਗਰੀ ਵੰਡ ਸਮਾਗਮ ਵਿੱਚ ਪ੍ਰੋਫੈਸਰ (ਡਾ.) ਹਰਪ੍ਰੀਤ ਸਿੰਘ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਇੰਡੀਅਨ ਇਸਚੀਟਿਊਟ ਆਫ ਟੈਕਨੋਲੋਜੀ, ਰੋਪੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਮੈਂਬਰ ਕਮੇਟੀ ਸ੍ਰੀਮਤੀ ਸੁਖਰਾਜ ਕੌਰ ਸੰਧੂ ਅਤੇ ਸ. ਪ੍ਰਭਪਾਲ ਸਿੰਘ ਪੰਨੂ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ ਨੂੰ ਗੁਲਦਸਤੇ ਦੇ ਕੇ ਸਵਾਗਤ ਕੀਤਾ। ਉਹਨਾਂ ਲਈ ਸੁਆਗਤੀ ਸ਼ਬਦ ਬੋਲਦਿਆਂ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਵਿਗਿਆਨ ਤੇ ਟੈਕਨੋਲੋਜੀ ਦੇ ਮੁਕਾਬਲੇ ਦੇ ਯੁੱਗ ਵਿਚ ਪ੍ਰਤਿਭਾਵਾਨ ਵਿਦਿਆਰਥੀਆਂ ਦਾ ਮੁੱਲ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀ ਇੰਨੇ ਪ੍ਰਤਿਭਾਵਾਨ ਹਨ ਕਿ ਉਹ ਹਰ ਖੇਤਰ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾ ਰਹੇ ਹਨ।

ਉਨ੍ਹਾਂ ਕਾਲਜ ਦੇ ਗੌਰਵਸ਼ਾਲੀ ਇਤਿਹਾਸ ‘ਤੇ ਸੰਖੇਪ ਝਾਤ ਪੁਆਈ ਤੇ ਇਹ ਦੱਸਿਆ ਕਿ ਸਾਡੇ ਕਾਲਜ ਦੇ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ, ਕਲਚਰਲ ਅਤੇ ਖੇਡਾਂ ਦੇ ਖੇਤਰ ਵਿਚ ਉੱਚ ਪ੍ਰਾਪਤੀਆਂ ਕਰਦੇ ਹਨ। ਮੁੱਖ ਮਹਿਮਾਨ ਨੇ ਆਪਣੇ ਭਾਸ਼ਨ ਵਿਚ ਬੋਲਦਿਆਂ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਯੁੱਗ ਵਿਚ ਵਿਦਿਆਰਥੀਆਂ ਨੂੰ ਸਖਤ ਮਿਹਨਤ ਦੇ ਨਾਲ-ਨਾਲ ਗੁਣਾਤਮਿਕ ਗਿਆਨ ‘ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਸਿੱਖਿਆ ਦੇ ਖੇਤਰ ਅੰਦਰ ਨਵੀਆਂ ਵੰਗਾਰਾਂ ਦਾ ਵਰਨਣ ਕਰਦਿਆਂ ਵਿਦਿਆਰਥੀਆਂ ਨੂੰ ਇਸ ਦੇ ਮੁਤਾਬਕ ਆਪਣੇ ਆਪ ਨੂੰ ਤਿਆਰ ਕਰਨ ਲਈ ਸਲਾਹ ਦਿੱਤੀ। ਉਨ੍ਹਾਂ ਗਲੋਬਲ ਵਾਰਮਿੰਗ ਬਾਰੇ ਚਿੰਤਾ ਜ਼ਾਹਰ ਕੀਤੀ ਅਤੇ ਹੋਰ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਵੀ ਕੀਤਾ।

ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਸਮੱਸਿਆਵਾਂ ਲਈ ਸੁਚੇਤ ਹੋਣ ਅਤੇ ਇਨ੍ਹਾਂ ‘ਤੇ ਕੰਟਰੋਲ ਕਰਨ ਲਈ ਸਵੈ ਪਹਿਲ ਕਰਨ ਦਾ ਸੰਦੇਸ਼ ਦਿੱਤਾ। ਅੰਤ ਵਿਚ ਪ੍ਰੋ. ਜਸਰੀਨ ਕੌਰ, ਵਾਈਸ-ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ, ਸਮੁੱਚੀ ਗਵਰਨਿੰਗ ਕੌਂਸਲ, ਪ੍ਰਿੰਸੀਪਲ, ਪ੍ਰੋ. ਨਵਦੀਪ ਕੌਰ, ਰਜਿਸਟਰਾਰ, ਡਾ. ਹਰਜੀਤ ਸਿੰਘ, ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਡਾ. ਉਪਮਾ ਅਰੋੜਾ ਅਤੇ ਡਾ. ਦਲਜੀਤ ਕੌਰ ਨੇ ਬਾਖੂਬੀ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁੱਖੀ ਸਾਹਿਬਾਨ ਤੋਂ ਇਲਾਵਾ ਸਮੂਹ ਅਧਿਆਪਕ ਸਾਹਿਬਾਨ ਮੌਜੂਦ ਸਨ।

LEAVE A REPLY