ਜਲੰਧਰ 11 ਨਵੰਬਰ (ਨੀਤੂ ਕਪੂਰ)- ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਦੇਖਰੇਖ ਹੇਠ ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਸਟੂਡੈਂਟ ਵੈਲਫੇਅਰ ਵਿਭਾਗ ਵੱਲੋਂ ਗੁਰੂ ਰਵਿਦਾਸ ਐਜੂਕੇਸ਼ਨਲ ਅਸਿਸਟੈਂਸ ਟਰੱਸਟ ਵੱਲੋਂ ਗ੍ਰੇਟ ਸਕਾਲਰਸ਼ਿਪ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਬਤੌਰ ਮੁੱਖ ਮਹਿਮਾਨ ਗ੍ਰੇਟ ਚੈਰਿਟੀ ਦੇ ਕੋਆਰਡੀਨੇਟਰ ਸਰਦਾਰ ਸੇਵਾ ਸਿੰਘ ਤੇ ਸ਼੍ਰੀ ਜਗੀਰ ਚੰਦ ਮੌਜੂਦ ਸਨ। ਪ੍ਰਿੰਸੀਪਲ ਡਾ. ਸਰੀਨ ਅਤੇ ਡੀਨ ਸਟੂਡੈਂਟ ਵੈਲਫੇਅਰ ਸ਼੍ਰੀਮਤੀ ਬੀਨੂ ਗੁਪਤਾ ਨੇ ਗ੍ਰੀਨ ਪਲਾਂਟਰ ਭੇਂਟ ਕਰਕੇ ਉਨਾਂ ਦਾ ਸਵਾਗਤ ਕੀਤਾ। ਸ਼੍ਰੀਮਤੀ ਬੀਨੂ ਗੁਪਤਾ ਨੇ ਕਿਹਾ ਕਿ ਨਿਰੰਤਰ ਯਤਨਾਂ ਨਾਲ ਇਹ ਸਕਾਲਰਸ਼ਿਪ ਸੰਭਵ ਹੋ ਸਕੀ ਹੈ। ਇਸ ਲਈ ਉਨਾਂ ਨੇ ਗੁਰੂ ਰਵਿਦਾਸ ਐਜੂਕੇਸ਼ਨਲ ਅਸਿਸਟੈਂਸ ਟਰੱਸਟ ਚੈਰਿਟੀ ਯੂ.ਕੇ. ਦੇ ਚੇਅਰਮੈਨ ਡਾ. ਚਰਨ ਬੁੰਗਰ, ਐਮਬੀਈ ਦਾ ਧੰਨਵਾਦ ਕੀਤਾ।
ਉਨਾਂ ਦੱਸਿਆ ਕਿ ਡਾ. ਚਰਨ ਚੈਰਿਟੀ ਦੇ ਫਾਊਂਡਰ ਅਤੇ ਟਰੱਸਟੀ ਹਨ ਅਤੇ ਭਾਰਤ ਵਿੱਚ ਰਹਿ ਰਹੇ ਬੱਚਿਆਂ ਦੀ ਸਿੱਖਿਆ ਸਬੰਧੀ ਜਰੂਰਤਾਂ ਨੂੰ ਪੂਰਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਆਪਣੇ ਯਤਨਾਂ ਨਾਲ ਉਹ ਐਚ.ਐਮ.ਵੀ. ਦੇ ਵਿਦਿਆਰਥੀਆਂ ਦੇ ਸੁਪਨੇ ਪੂਰੇ ਕਰਨ ਵਿੱਚ ਸਹਾਇਤਾ ਕਰ ਰਹੇ ਹਨ। ਸਟੂਡੈਂਟ ਵੈਲਫੇਅਰ ਵਿਭਾਗ ਦੀ ਸੈਕਟਰੀ ਸੁਸ਼੍ਰੀ ਦਿਲਪ੍ਰੀਤ ਕੌਰ ਨੇ ਪਾਵਰ ਪੁਆਇੰਟ ਪ੍ਰੇਜੇਂਟੇਸ਼ਨ ਦੇ ਮਾਧਿਅਮ ਨਾਲ ਗ੍ਰੇਟ ਸਕਾਲਰਸ਼ਿਪ ਬਾਰੇ ਦੱਸਿਆ। ਗ੍ਰੇਟ ਟੀਮ ਦੇ ਕੋਆਰਡੀਨੇਟਰ ਸਰਦਾਰ ਸੇਵਾ ਸਿੰਘ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਨਾਂ ਦਾ ਟਰੱਸਟ ਜਰੂਰਤਮੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰ ਰਿਹਾ ਹੈ ਤਾਂ ਕਿ ਬਿਨਾ ਕਿਸੇ ਵਿੱਤੀ ਰੁਕਾਵਟ ਦੇ ਉਨਾਂ ਦੀ ਸਿੱਖਿਆ ਚਲਦੀ ਰਹੇ ਅਤੇ ਉਹ ਜੀਵਨ ਵਿੱਚ ਸਫਲ ਹੋ ਸਕਣ।
ਸਰਕਾਰ ਸੇਵਾ ਸਿੰਘ ਨੇ 48 ਵਿਦਿਆਰਥਣਾਂ ਨੂੰ ਗ੍ਰੇਟ ਚੈਰਿਟੀ ਨਾਲ 5,66,000/- ਰੁਪਏ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ। ਪ੍ਰਿੰਸੀਪਲ ਡਾ. ਸਰੀਨ ਨੇ ਗ੍ਰੇਟ ਚੈਰਿਟੀ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਗ੍ਰੇਟ ਸਕਾਲਰਸ਼ਿਪ ਨਾਲ ਕਈ ਵਿਦਿਆਰਥਣਾਂ ਦਾ ਸਿੱਖਿਆ ਸਬੰਧੀ ਵਿੱਤੀ ਸੰਕਟ ਖਤਮ ਹੋ ਗਿਆ ਹੈ। ਉਨਾਂ ਨੇ ਸਟੂਡੈਂਟ ਵੈਲਫੇਅਰ ਵਿਭਾਗ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਉਨਾਂ ਨੂੰ ਵਧਾਈ ਦਿੱਤੀ। ਲਾਭ ਲੈਣ ਵਾਲੀਆਂ ਵਿਦਿਆਰਥਣਾਂ ਵਿੱਚ ਰਜਨੀ (ਬੀਐਸਸੀ ਬਾੱਟਨੀ), ਜੀਨਤ (ਬੀਡੀ), ਨੈਨਾ (ਬੀ.ਵਾੱਕ ਮੈਂਟਲ ਹੈਲਥ ਕੌਂਸਲਿੰਗ), ਪੂਜਾ ਕੁਮਾਰੀ (ਬੀ.ਕਾੱਮ), ਜਸਪ੍ਰੀਤ ਕੌਰ (ਬੀਐਫਏ) ਨੇ ਵਿਸ਼ੇਸ਼ ਰੂਪ ਵਿੱਚ ਗ੍ਰੈਟ ਚੈਰਿਟੀ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਜਸਪ੍ਰੀਤ ਕੌਰ ਨੇ ਕੀਤਾ। ਸ਼੍ਰੀਮਤੀ ਸ਼ਿਫਾਲੀ ਕਸ਼ਿਅਪ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡਾ. ਰਮਾ ਸ਼ਰਮਾ, ਸ਼੍ਰੀਮਤੀ ਰਿਸ਼ਵ, ਡਾ. ਮਨਦੀਪ, ਡਾ. ਸਿੰਮੀ ਗਰਗ, ਸੈਕਟਰੀ ਦਿਲਪ੍ਰੀਤ ਕੌਰ, ਸਹਾਇਕ ਸੈਕਟਰੀ ਮੁਸਕਾਨ, ਐਗਜੀਕਿਊਟਿਵ ਮੈਂਬਰ ਪੂਜਾ, ਪ੍ਰਿਅੰਕਾ, ਹੈਡ ਗਰਲ ਸਾਕਸ਼ੀ ਵੈਦ ਵੀ ਮੌਜੂਦ ਸਨ।