ਲਾਇਲਪੁਰ ਖ਼ਾਲਸਾ ਕਾਲਜ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ

0
35
ਲਾਇਲਪੁਰ ਖ਼ਾਲਸਾ ਕਾਲਜ

ਜਲੰਧਰ 23 ਨਵੰਬਰ (ਨੀਤੂ ਕਪੂਰ)- ਸਿੱਖ ਧਰਮ ਦੇ ਬਾਨੀ ਤੇ ਦੁਨੀਆਂ ਨੂੰ ਸਰਬ-ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਬਹੁਤ ਹੀ ਸ਼ਰਧਾ ਤੇ ਉਤਸਾਹ ਪੂਰਵਕ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸਾਹਿਜ ਪਾਠ ਦੇ ਭੋਗ ਉਪਰੰਤ ਭਾਈ ਭੁਪਿੰਦਰ ਸਿੰਘ ਜੀ ਰਾਮਾ ਮੰਡੀ ਵਾਲੇ ਤੇ ਉਨ੍ਹਾਂ ਦੇ ਰਾਗੀ ਜਥੇ ਦੁਆਰਾ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਰਾਗੀ ਜੱਥੇ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਸਰਦਾਰਨੀ ਬਲਬੀਰ ਕੌਰ ਪ੍ਰਧਾਨ ਕਾਲਜ ਗਵਰਨਿੰਗ ਕੌਂਸਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮੂਹ ਮਾਨਵਤਾ ਲਈ ਸਾਂਝੀਆਂ ਹਨ।

ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਸਿਧਾਂਤ ਨੂੰ ਸਾਨੂੰ ਜੀਵਨ ਵਿਚ ਅਪਨਾਉਣਾ ਚਾਹੀਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀ ਸਾਨੂੰ ਜਿੱਥੇ ਸਰਬ-ਸਾਂਝੀਵਾਲਤਾ, ਹੱਕ-ਸੱਚ ਦੀ ਕਮਾਈ, ਇਨਸਾਨੀਅਤ ਦਾ ਭਲਾ, ਜਾਤ-ਪਾਤ ਦਾ ਵਿਰੋਧ ਤੇ ਚੰਗੇ ਕੰਮ ਕਰਨ ਦਾ ਸੁਨੇਹਾ ਦਿੱਤਾ ਉੱਥੇ ਨਾਲ ਹੀ ਹੱਥੀ ਕਿਰਤ ਕਰਨ ਦਾ ਸਿਧਾਂਤ ਵੀ ਦਿੱਤਾ। ਉਨ੍ਹਾਂ ਦੇ ਇਸ ਸਿਧਾਂਤ ‘ਤੇ ਚੱਲ ਕੇ ਮਨੁੱਖ ਆਪਣੇ ਜੀਵਨ ਨੂੰ ਸਫਲ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਧਰਮ ਦੇ ਨਾਲ ਨਾਲ ਸਮਾਜਿਕ ਅਤੇ ਰਾਜਨੀਤਿਕ ਪੱਧਰ ਤੇ ਆਈ ਗਿਰਾਵਟ ਦੇ ਵਿਰੁੱਧ ਡੱਟ ਕੇ ਪਹਿਰਾ ਦਿੱਤਾ ਤੇ ਲੋਕਾਂ ਨੂੰ ਹੱਕ-ਸੱਚ ਉਪਰ ਚੱਲਣ ਦਾ ਉਪਦੇਸ਼, ਅੰਧਵਿਸ਼ਵਾਸ ਦਾ ਖੰਡਨ ਅਤੇ ਔਰਤ-ਮਰਦ ਦੀ ਬਰਾਬਰਤਾ ਦਾ ਸੰਦੇਸ਼ ਵੀ ਦਿੱਤਾ।

ਇਸ ਲਈ ਸਾਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇਸ ਸਮੇਂ ਗਵਰਨਿੰਗ ਕੌਂਸਲ ਦੇ ਮੈਂਬਰ ਸ. ਜਗਦੀਪ ਸਿੰਘ ਸ਼ੇਰਗਿੱਲ, ਮੈਨੇਜਮੈਂਟ ਕਮੇਟੀ ਦੇ ਮੈਂਬਰ ਸ. ਪ੍ਰਭਪਾਲ ਸਿੰਘ ਪੰਨੂੰ, ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਹਾਜ਼ਰ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਸਟੇਜ ਦੀ ਕਾਰਵਾਈ ਡਾ. ਹਰਜਿੰਦਰ ਸਿੰਘ ਸੇਖੋਂ ਨੇ ਬਖੂਬੀ ਨਿਭਾਈ। ਅੰਤ ਵਿਚ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

LEAVE A REPLY