ਪੈਨਸ਼ਨ ਮੁਲਾਜ਼ਮਾਂ ਦਾ ਬੁਨਿਆਦੀ ਹੱਕ ਹੈ ਖੈਰਾਤ ਨਹੀ:- ਕੁਲਵਰਨ ਸਿੰਘ

0
5
ਕੁਲਵਰਨ ਸਿੰਘ

ਜਿੰਦਗੀ ਦੀਆਂ 80 ਬਹਾਰਾਂ ਬਤੀਤ ਕਰ ਚੁੱਕੇ 12 ਪੈਨਸ਼ਨਰ ਸਾਥੀਆਂ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ, 17 ਦਸੰਬਰ (ਤਰਸੇਮ ਦੀਵਾਨਾ)- ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਸਲਾਨਾ ਪੈਨਸ਼ਨਰ ਦਿਵਸ ਭਾਰਤ ਪੈਲਸ ਹੁਸ਼ਿਆਰਪੁਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਕਨਫੇਡਰੇਸ਼ਨ ਦੇ ਜਨਰਲ ਸਕੱਤਰ ਅਤੇ ਜਿਲਾ ਪ੍ਰਧਾਨ ਕੁਲਵਰਨ ਸਿੰਘ ਨੇ ਕੀਤੀ। ਇਹ ਸਮਾਗਮ ਪੈਨਸ਼ਨਰ ਜੱਥੇਬੰਦੀ ਦੇ ਬਾਬਾ ਬੋਹੜ ਮਰਹੂਮ ਮਹਿੰਦਰ ਸਿੰਘ ਪਰਿਵਾਨਾ ਨੂੰ ਸਮਰਪਿਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਅਲੋਕ ਕੁਮਾਰ ਗੁਪਤਾ, ਡਿਪਟੀ ਸਰਕਲ ਹੈਡ, ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ, ਮੁੱਖ ਮਹਿਮਾਨ ਵਜੋਂ ਅਤੇ ਮਹਾਨ ਟ੍ਰੇਡ ਯੂਨੀਅਨ ਆਗੂ ਮਾਸਟਰ ਹਰਕੰਵਲ ਸਿੰਘ, ਜਵੰਦ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ, ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦੌਰਾਨ ਸ਼ਾਮਿਲ ਹੋਏ। ਸਮਾਗਮ ਦੇ ਸ਼ੁਰੂ ਵਿੱਚ ਮੌਜੂਦਾ ਸਾਲ ਦੌਰਾਨ ਸਵਰਗ ਸੁਧਾਰ ਗਏ ਪੈਨਸ਼ਨਰ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਸ਼ਰਧਾਂਜਲੀ ਭੇਟ ਕੀਤੀ ਗਈ।

ਸਮਾਗਮ ਦੀ ਕਾਰਵਾਈ ਪ੍ਰੈਸ ਨੂੰ ਰਲੀਜ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਦਸਿਆ ਕਿ ਸਮਾਗਮ ਸ਼ੁਰੂ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਸੂਰਜ ਪ੍ਰਕਾਸ਼ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਉਂਦਿਆਂ ਜਥੇਬੰਦੀ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ਾਂ ਅਤੇ ਜੱਥੇਬੰਦਕ ਗਤੀਵਿਧੀਆਂ ਤੇ ਵਿਸਥਾਰ ਸਹਿਤ ਚਾਨਣਾ ਪਾਇਆ। ਜਿਲਾ ਸਕੱਤਰ ਕਿਰਪਾਲ ਸਿੰਘ ਵੱਲੋਂ ਸਮਾਗਮ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਸ਼ਾਮਲ ਹੋਏ ਪੈਨਸ਼ਨਰ ਸਾਥੀਆਂ ਨੂੰ ਜੀ ਆਇਆ ਕਿਹਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਜਥੇਬੰਦਕ ਸਲਾਨਾ ਰਿਪੋਰਟ ਅਤੇ ਸੁਦੇਸ਼ ਚੰਦਰ ਸ਼ਰਮਾ ਵੱਲੋਂ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਉਪਰੋਕਤ ਦੋਵਾਂ ਰਿਪੋਰਟਾਂ ਨੂੰ ਹਾਊਸ ਵੱਲੋਂ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖਦਿਆਂ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੀਆਂ ਮੁਲਾਜ਼ਮਾਂ/ਪੈਨਸ਼ਨਰਾਂ ਪ੍ਰਤੀ ਮਾਰੂ ਨੀਤੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਸਮੇਂ ਸਮੇਂ ਤੇ ਕੀਤੇ ਜਾਂਦੇ ਸੰਘਰਸ਼ਾਂ ਵੇਲੇ ਵੀ ਸਰਕਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁਕਰ ਜਾਂਦੀ ਰਹੀ ਹੈ।

ਬੁਲਾਰਿਆ ਨੇ ਪੈਨਸ਼ਨਰਜ਼ ਦੀਆਂ ਮੰਗਾਂ ਜਿਨ੍ਹਾਂ ਵਿਚ 2016 ਤੋਂ ਪਹਿਲਾਂ ਦੇ ਸੇਵਾ ਮੁਕਤ ਪੈਨਸ਼ਨਰਜ਼ ਨੂੰ 2.59 ਦੇ ਗੁਣਾਂਕ ਨਾਲ ਸੋਧ ਕੇ ਪੈਨਸ਼ਨ ਦੇਣਾ, 1.1.2016 ਤੋਂ 30.6.2021 ਤੱਕ ਦਾ ਬਕਾਇਆ ਯਕਮੁਸ਼ਤ ਜਾਰੀ ਕਰਨਾ, ਡੀ.ਏ ਦੀਆਂ ਬਕਾਇਆ ਕਿਸਤਾਂ ਅਤੇ ਬਕਾਇਆ ਜਾਰੀ ਕਰਨਾ ਅਤੇ ਕੈਸ ਲੈਸ ਸਕੀਮ ਲਾਗੂ ਕਰਨਾ ਅਤੇ ਮੈਡੀਕਲ ਭੱਤਾ 2000/- ਰੁਪਏ ਪ੍ਰਤੀ ਮਹੀਨਾ ਕਰਨ, ਜਨਵਰੀ 04 ਤੋਂ ਰੈਗੂਲਰ ਭਰਤੀ ਹੋਏ ਕਰਮਚਾਰੀਆਂ ਨੂੰ ਪੁਰਾਣੀ ਪੈਂਨਸ਼ਨ ਪ੍ਰਣਾਲੀ ਬਹਾਲ ਕਰਨ, ਸੀ.ਪੀ.ਐਫ. ਦੀ ਥਾਂ ਜੀ.ਪੀ.ਫੰਡ. ਬਹਾਲ ਕਰਨ, ਨਵੀਂ ਭਰਤੀ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਆਦਿ ਮੰਗਾਂ ਨਾ ਮੰਨਣ ਤੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਦੀ ਮਾਨ ਸਰਕਾਰ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਗਿਆ। ਬੁਲਾਰਿਆ ਨੇ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਸਮੇਂ ਸਮੇਂ ਤੇ ਕੀਤੇ ਜਾਂਦੇ ਸੰਘਰਸ਼ਾਂ ਵੇਲੇ ਵੀ ਸਰਕਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁਕਰ ਜਾਂਦੀ ਰਹੀ ਹੈ।

ਸਾਰੇ ਹੀ ਰਾਜਨੀਤਕ ਆਗੂਆਂ ਦੀ ਕਹਿਣੀ ਅਤੇ ਕਥਨੀ ਵਿੱਚ ਅੰਤਰ

ਆਗੂਆਂ ਨੇ ਸਾਰੀਆਂ ਸਰਕਾਰਾਂ ਦੀ ਕਾਰਗੁਜਾਰੀ ਵਿਰੁੱਧ ਬੋਲਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਾਰੇ ਹੀ ਰਾਜਨੀਤਕ ਆਗੂਆਂ ਦੀ ਕਹਿਣੀ ਅਤੇ ਕਥਨੀ ਵਿੱਚ ਅੰਤਰ ਹੋਣ ਕਰਕੇ ਇਹ ਵਿਸ਼ਵਾਸ ਪਾਤਰ ਨਹੀਂ ਰਹੇ, ਇਸ ਕਰਕੇ ਉਨ੍ਹਾਂ ਪੈਨਸ਼ਨਰਾਂ ਨੂੰ ਅਗਲੇਰੇ ਸੰਘਰਸ਼ਾਂ ਲਈ ਤਿਆਰ ਬਰ ਤਿਆਰ ਰਹਿਣ ਤੇ ਜ਼ੋਰ ਦਿੱਤਾ। ਇਸ ਮੌਕੇ ਹਾਊਸ ਨੇ ਸਰਬ ਸੰਮਤੀ ਨਾਲ ਮੱਤਾ ਪਾਸ ਕੀਤਾ ਕਿ ਪੈਨਸ਼ਨਾਂ ਦੀ ਵਡੇਰੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਤਨਖਾਹ ਕਮਿਸ਼ਨ ਅਤੇ ਡੀ.ਏ. ਦੇ ਬਕਾਏ ਤੁਰੰਤ ਅਤੇ ਯੱਕਮੁਸ਼ਤ ਜਾਰੀ ਕੀਤੇ ਜਾਣ। ਦੂਸਰੇ ਮੱੱਤੇ ਰਾਹੀਂ ਬਿਜਲੀ ਬੋਰਡ ਚੰਡੀਗੜ੍ਹ ਨੂੰ ਪ੍ਰਾਈਵੇਟ ਕਰਨ ਦਾ ਤਿੱਖਾ ਵਿਰੋਧ ਕੀਤਾ ਗਿਆ ਅਤੇ ਇਸ ਦੇ ਕੀਤੇ ਜਾ ਰਹੇ ਨਿਜੀਕਰਨ ਦੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ। ਤੀਸਰੇ ਮੱਤੇ ਰਾਹੀ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੀ ਹਿਮਾਇਤ ਕਰਦੇ ਹੋਏ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਇਸ ਸਮੇਂ ਜੀਵਨ ਦੀਆਂ 80 ਬਹਾਰਾਂ ਪਾਰ ਕਰ ਚੁੱਕੇ ਆਏ ਹੋਏ ਪੈਨਸ਼ਨਰ ਮਹਿਮਾਨਾਂ ਨੂੰ ਦੁਸ਼ਾਲੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪਹੁੰਚੇ ਪੱਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ

ਇਸ ਮੌਕੇ ਪਹੁੰਚੇ ਪੱਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸ਼ਿਰਕਤ ਕਰਨ ਆਏ ਪੈਨਸ਼ਨਰਾਂ ਤੇ ਦਾਨੀ ਸੱਜਣਾਂ ਵੱਲੋਂ ਜਥੇਬੰਦੀ ਨੂੰ ਭਰਪੂਰ ਮਾਇਕ ਸਹਾਇਤਾ ਦਾਨ ਕੀਤੀ ਗਈ, ਜਿਸ ਲਈ ਜਿਲ੍ਹਾ ਪ੍ਰਧਾਨ ਵੱਲੋਂ ਧੰਨਵਾਦ ਕੀਤਾ ਗਿਆ। ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਅਲੋਕ ਕੁਮਾਰ ਗੁਪਤਾ, ਡਿਪਟੀ ਸਰਕਲ ਹੈਡ, ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਵਾਇਆ।

ਇਸ ਮੌਕੇ ਮੁਲਾਜ਼ਮਾਂ ਦੇ ਸਿਰਮੌਰ ਆਗੂ ਰਹੇ ਮਾਸਟਰ ਹਰਕਮਲ ਸਿੰਘ, ਜਵੰਦ ਸਿੰਘ ਪ੍ਰਧਾਨ ਗੁਰਦਾਸਪੁਰ, ਪ੍ਰਿੰਸੀਪਲ ਪਿਆਰਾ ਸਿੰਘ ਪ੍ਰਧਾਨ ਤਹਿਸੀਲ ਗੜ੍ਹਸ਼ੰਕਰ, ਸੁਰਿੰਦਰ ਕੁਮਾਰ ਪ੍ਰਧਾਨ ਮੁਕੇਰੀਆਂ, ਅਜੀਤ ਸਿੰਘ ਗੁਰਾਇਆ ਪ੍ਰਧਾਨ ਟਾਂਡਾ, ਸਵਰਨ ਸਿੰਘ ਸੈਣੀ ਪ੍ਰਧਾਨ ਪੰਜਾਬ ਪੁਲਿਸ ਐਸੋਸੀਏਸ਼ਨ ਹੁਸ਼ਿਆਰਪੁਰ, ਮਨਜੀਤ ਸਿੰਘ ਸੈਣੀ ਮੀਤ ਪ੍ਰਧਾਨ ਆਲ ਇੰਡੀਆ ਸਟੇਟ ਗੌਰਮੈਂਟ ਪੈਨਸ਼ਨਰਜ਼ ਫੈਡਰੇਸ਼ਨ, ਸ਼ਮਸ਼ੇਰ ਸਿੰਘ ਧਾਮੀ ਪ੍ਰਧਾਨ ਤਹਿਸੀਲ ਹੁਸ਼ਿਆਰਪੁਰ, ਡਾਕਟਰ ਸੁਖਦੇਵ ਸਿੰਘ ਢਿੱਲੋ, ਗਿਆਨ ਸਿੰਘ ਗੁਪਤਾ ਤਲਵਾੜਾ, ਦਲਵੀਰ ਸਿੰਘ ਭੁੱਲਰ ਦਸੂਹਾ, ਕੁਲਵੰਤ ਸਿੰਘ ਸੈਣੀ ਸੂਬਾ ਆਗੂ ਮਿਊਂਸਪਲ ਮੁਲਾਜ਼ਮ ਯੂਨੀਅਨ, ਓਂਕਾਰ ਸਿੰਘ ਜਿਲ੍ਹਾ ਪ੍ਰਧਾਨ ਪੰਜਾਬ ਪੈਨਸ਼ਨ ਯੂਨੀਅਨ, ਡੀ ਕੇ ਮਹਿਤਾ ਪੀ.ਅੁੈਸ.ਪੀ,ਸੀ.ਐਲ. ਗਿਆਨ ਸਿੰਘ ਭੁਲੇਠੂ ਪੰਜਾਬ ਰੋਡਵੇਜ਼, ਭੁਪਿੰਦਰ ਸਿੰਘ ਅਤੇ ਬਲਵੀਰ ਸਿੰਘ ਸੈਣੀ ਸੂਬਾ ਪ੍ਰੈੱਸ ਸਕੱਤਰ ਅਤੇ ਸੂਬਾ ਪ੍ਰਧਾਨ “ਦੀ ਵਰਕਿੰਗ ਰਿਪੋਰਟਜ਼ ਐਸੋਸੀਏਸ਼ਨ ਪੰਜਾਬ, ਇੰਡੀਆ”, ਆਦਿ ਨੇ ਸੰਬੋਧਨ ਕੀਤਾ।

ਸਮਾਗਮ ਦੇ ਅੰਤ ਵਿੱਚ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਅਤੇ ਜਿਲਾ ਪ੍ਰਧਾਨ ਕੁਲਵਰਨ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਬੀਤੇ ਸਾਲ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ਅਤੇ ਮੌਜੂਦਾ ਸਰਕਾਰ ਵਲੋਂ ਮੰਗਾਂ ਨਾ ਮੰਨਣ ਦੀ ਸਖਤ ਨਿਖੇਧੀ ਕੀਤੀ ਅਤੇ ਪੈਨਸ਼ਨਰ ਸਾਥੀਆਂ ਨੂੰ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਦਸੰਬਰ 2025 ਦੇ ਸਮਾਗਮ ਵਿੱਚ ਫਿਰ ਮਿਲਣ ਦੀ ਆਸ ਨਾਲ ਸਮਾਗਮ ਪ੍ਰੀਤੀ ਭੋਜਨ ਨਾਲ ਸਮਾਪਤ ਹੋਇਆ।

LEAVE A REPLY