• ਸ਼੍ਰੋਮਣੀ ਅਕਾਲੀ ਦਲ, ਬਸਪਾ ਤੇ ਖੱਬੇ ਪੱਖੀ ਪਾਰਟੀਆਂ ਨੇ ਮੈਦਾਨ ਛੱਡਿਆ ਖਾਲੀ
• ਤਿੰਨ ਸੀਟਾਂ ਵਿੱਚੋਂ 2 ਆਪ ਅਤੇ 1 ਸੀਟ ਆਈ ਕਾਂਗਰਸ ਦੇ ਹਿੱਸੇ
ਹੁਸ਼ਿਆਰਪੁਰ, 21 ਦਸੰਬਰ (ਗੁਰਬਿੰਦਰ ਸਿੰਘ ਪਲਾਹਾ)- ਨਗਰ ਨਿਗਮ ਹੁਸ਼ਿਆਰਪੁਰ ਲਈ ਤਿੰਨ ਸੀਟਾਂ ‘ਤੇ ਹੋਈਆਂ ਜਿਮਨੀ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਦੋ ਸੀਟਾਂ ਤੇ ਕਬਜ਼ਾ ਜਮਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ ਜਦਕਿ ਤੀਸਰੀ ਸੀਟ ਕਾਂਗਰਸ ਦੇ ਹਿੱਸੇ ਆਈ ਹੈ। ਚੋਣਾਂ ਖਤਮ ਹੁੰਦੀਆਂ ਸਾਰ ਅੱਜ ਸ਼ਾਮ ਨੂੰ ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰਬਰ 6,7 ਅਤੇ 27 ਦੇ ਨਤੀਜੇ ਐਲਾਨੇ ਗਏ | ਜਿਹਨਾਂ ਵਿੱਚੋਂ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜੇਸ਼ਵਰ ਦਿਆਲ ਬੱਬੀ ਨੇ ਆਪਣੇ ਮੁੱਖ ਵਿਰੋਧੀ ਉਮੀਦਵਾਰ ਕਾਂਗਰਸ ਪਾਰਟੀ ਦੇ ਸੁਨੀਲ ਦੱਤ ਪਰਾਸ਼ਰ ਨੂੰ 183 ਵੋਟਾਂ ਨਾਲ ਹਾਰ ਦਿੱਤੀ | ਵਾਰਡ ਨੰਬਰ 6 ਵਿੱਚ ਕੁੱਲ 2974 ਵਿੱਚੋਂ 1634 ਵੋਟਾਂ ਪੋਲ ਹੋਈਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜੇਸ਼ਵਰ ਦਿਆਲ ਬੱਬੀ ਨੂੰ 768 ਕਾਂਗਰਸ ਦੇ ਸੁਨੀਲ ਦਲ ਪਰਾਸ਼ਰ ਨੂੰ 585 ਅਤੇ ਭਾਜਪਾ ਦੇ ਰਜਿਤ ਠਾਕੁਰ ਨੂੰ 270 ਵੋਟਾਂ ਪ੍ਰਾਪਤ ਹੋਈਆਂ ਜਦਕਿ ਨੋਟਾਂ ਨੂੰ 11 ਵੋਟਾਂ ਮਿਲੀਆਂ | ਜ਼ਿਕਰਯੋਗ ਹੈ ਕਿ ਵਾਰਡ ਨੰਬਰ 6 ਤੋਂ ਜੇਤੂ ਉਮੀਦਵਾਰ ਰਾਜੇਸ਼ਵਰ ਦਿਆਲ ਬੱਬੀ ਆਮ ਆਦਮੀ ਪਾਰਟੀ ਦੇ ਸਾਬਕਾ ਕੈਬਨਟ ਮੰਤਰੀ ਅਤੇ ਮੌਜੂਦਾ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਵੱਡੇ ਭਰਾ ਹਨ |
ਵਾਰਡ ਨੰਬਰ 7 ਵਿੱਚ ਕੁੱਲ 2958 ਵਿੱਚੋਂ 1321 ਵੋਟਾਂ ਪੋਲ ਹੋਈਆਂ ਜਿਨਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਕੌਰ ਨੇ ਆਪਣੇ ਨੇੜੇ ਦੇ ਵਿਰੋਧੀ ਕਾਂਗਰਸ ਪਾਰਟੀ ਦੇ ਪਰਮਜੀਤ ਕੌਰ ਨੂੰ 84 ਵੋਟਾਂ ਦੇ ਫਰਕ ਨਾਲ ਹਰਾਇਆ ਆਮ ਆਦਮੀ ਪਾਰਟੀ ਦੇ ਨਰਿੰਦਰ ਕੌਰ ਨੂੰ 589 ਕਾਂਗਰਸ ਦੇ ਪਰਮਜੀਤ ਕੌਰ ਨੂੰ 505 ਅਤੇ ਬੀਜੇਪੀ ਦੀ ਸੋਨਿਕਾ ਨਹਿਰਾ ਨੂੰ 267 ਵੋਟਾਂ ਮਿਲੀਆਂ ਜਦਕਿ ਨੋਟਾ ਨੂੰ 20 ਵੋਟਾਂ ਪਈਆਂ | ਇਸੇ ਤਰ੍ਹਾਂ ਵਾਰਡ ਨੰਬਰ 27 ਵਿੱਚ ਕੁੱਲ 2848 ਵਿੱਚੋਂ 1587 ਵੋਟਾਂ ਪੋਲ ਹੋਈਆਂ ਜਿਸ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਦਵਿੰਦਰ ਕੌਰ ਮਾਨ ਨੇ ਆਪਣੇ ਨਜ਼ਦੀਕੀ ਵਿਰੋਧੀ ਆਮ ਆਦਮੀ ਪਾਰਟੀ ਦੇ ਸ਼ਰਨਜੀਤ ਕੌਰ ਹੁੰਦਲ ਨੂੰ ਸਭ ਤੋਂ ਵੱਧ 563 ਵੋਟਾਂ ਦੇ ਫਰਕ ਨਾਲ ਕਰਾਰੀ ਹਾਰ ਦਿੱਤੀ |
ਕਾਂਗਰਸ ਪਾਰਟੀ ਦੇ ਉਮੀਦਵਾਰ ਦਵਿੰਦਰ ਕੌਰ ਮਾਨ ਨੂੰ 1048 ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਰਨਜੀਤ ਕੌਰ ਹੁੰਦਲ ਨੂੰ 485 ਅਤੇ ਭਾਜਪਾ ਦੀ ਉਮੀਦਵਾਰ ਸ਼੍ਰੀਮਤੀ ਡੇਜੀ ਨੂੰ 42 ਵੋਟਾਂ ਮਿਲੀਆਂ ਜਦ ਕਿ ਨੋਟਾ ਨੂੰ 20 ਵੋਟਾਂ ਪਈਆਂ | ਇੰਝ ਨਗਰ ਨਿਗਮ ਹੁਸ਼ਿਆਰਪੁਰ ਦੀ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਦਵਿੰਦਰ ਕੌਰ ਮਾਨ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਈ | ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਖੱਬੇ ਪੱਖੀ ਪਾਰਟੀਆਂ ਨੇ ਨਗਰ ਨਿਗਮ ਹੁਸ਼ਿਆਰਪੁਰ ਦਾ ਮੈਦਾਨ ਖਾਲੀ ਛੱਡੀ ਰੱਖਿਆ |