ਜਲੰਧਰ 28 ਦਸੰਬਰ (ਨੀਤੂ ਕਪੂਰ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਉੱਘੇ ਅਰਥ ਸ਼ਾਸ਼ਤਰੀ ਡਾ. ਮਨਮੋਹਨ ਸਿੰਘ ਦੇ ਅਕਾਲ ਚਲਾਣੇ ਸੰਬੰਧੀ ਇਕ ਵਿਸ਼ੇਸ਼ ਸ਼ੋਕ-ਸਭਾ ਰੱਖੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਡਾ. ਮਨਮੋਹਨ ਸਿੰਘ ਦੀ ਸ਼ਖ਼ਸੀਅਰਤ ਦੇ ਅਹਿਮ ਪੱਖਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੌਜੂਦਾ ਆਰਥਿਕ, ਰਾਜਨੀਤਕ ਤੇ ਕੂਟਨੀਤਕ ਢਾਂਚੇ ਨੂੰ ਉਸਾਰਨ ਵਿਚ ਡਾ. ਮਨਮੋਹਨ ਸਿੰਘ ਨੇ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਵਿਸ਼ੇਸ਼ ਕਰਕੇ ਰਾਈਟ ਟੂ ਐਜੂਕੇਸ਼ਨ, ਨੈਸ਼ਨਲ ਫੂਡ ਸਕਿਊਰਟੀ ਐਕਟ ਅਤੇ ਮਨਰੇਗਾ ਵਰਗੀਆਂ ਯੋਜਨਾਵਾਂ ਲਾਗੂ ਕੀਤੀਆਂ। ਉਨ੍ਹਾਂ ਇਸ ਮੌਕੇ ਦੱਸਿਆ ਕਿ ਡਾ. ਮਨਮੋਹਨ ਸਿੰਘ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਰਹਿੰਦਿਆਂ ਸੰਨ 2002 ਵਿਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਪਧਾਰੇ ਸਨ। ਉਨ੍ਹਾਂ ਨੇ ਕਾਲਜ ਦੁਆਰਾ ਅਕਾਦਮਿਕ ਅਤੇ ਹੋਰ ਖੇਤਰਾਂ ਵਿਚ ਪਾਏ ਯੋਗਦਾਨ ਲਈ ਕਾਲਜ ਦੀ ਸ਼ਲਾਘਾ ਕੀਤੀ ਸੀ।
ਡਾ. ਮਨਮੋਹਨ ਸਿੰਘ ਨੇ ਕਾਲਜ ਦੀ ਵਿਜ਼ਿਟਰ ਬੁੱਕ ਵਿੱਚ ਲਿਖਿਆ ਸੀ: ਗੁਣਵੱਤਾ ਵਾਲੀ ਉੱਚ ਸਿੱਖਿਆ ਦੀ ਸਾਡੀ ਰਾਸ਼ਟਰੀ ਆਰਥਿਕਤਾ ਨੂੰ ਬਣਾਉਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਹੈ। ਮੈਨੂੰ ਲਾਇਲਪੁਰ ਖ਼ਾਲਸਾ ਕਾਲਜ ਦੁਆਰਾ ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਵਰਗੇ ਵਿਸ਼ਿਆ ਵਿਚ ਸਿੱਖਿਆ ਪ੍ਰਦਾਨ ਕਰਨ ਵਿਚ ਤੇਜ਼ੀ ਨਾਲ ਕੀਤੀਆਂ ਗਈਆਂ ਤਰੱਕੀਆਂ ਬਾਰੇ ਜਾਣ ਕੇ ਬਹੁਤ ਖ਼ੁਸ਼ੀ ਹੋਈ। ਵਿਦਿਆਰਥੀਆਂ ਅਤੇ ਸਟਾਫ਼ ਲਈ ਮੇਰੀਆਂ ਸ਼ੁਭਕਮਾਨਾਵਾਂ (22.06.2002)। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਹਾਜ਼ਰ ਸਟਾਫ਼ ਅਤੇ ਵਿਦਿਆਰਥੀਆਂ ਨੂੰ ਡਾ. ਮਨਮੋਹਨ ਸਿੰਘ ਦੀ ਸ਼ਖ਼ਸੀਅਤ ਤੋਂ ਗੁਣ, ਸਰਲਤਾ, ਇਮਾਨਦਾਰੀ, ਸਹਿਜਤਾ ਅਤੇ ਕੰਮ ਪ੍ਰਤੀ ਨਿਸ਼ਠਾ ਗ੍ਰਹਿਣ ਕਰਨ ਲਈ ਕਿਹਾ।
ਇਸ ਮੌਕੇ ਡਾ. ਰਾਜੂ ਸ਼ਰਮਾ, ਮੁਖੀ ਫ਼ਿਜ਼ਿਓਥਰੈਪੀ ਵਿਭਾਗ, ਡਾ. ਸੁਰਿੰਦਰ ਪਾਲ ਮੰਡ, ਮੁਖੀ ਪੰਜਾਬੀ ਵਿਭਾਗ, ਪ੍ਰੋ. ਸਤਪਾਲ ਸਿੰਘ, ਸ੍ਰੀ ਕੰਵਰ ਸੁਖਜੀਤ ਸਿੰਘ, ਦਫ਼ਤਰ ਸੁਪਰਡੈਂਟ, ਸ੍ਰੀ ਰਾਣਾ ਰਲਹਣ ਅਕਾਊਂਟਸ ਸੁਪਰਡੈਂਟ, ਸ੍ਰੀ ਜਗਦੀਸ਼ ਸਿੰਘ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਸੁਰਿੰਦਰ ਕੁਮਾਰ ਚਲੋਤਰਾ, ਪੀ.ਏ. ਸ੍ਰੀ ਸਰੂਪ ਲਾਲ ਅਤੇ ਹੋਰ ਸਟਾਫ਼ ਅਤੇ ਨਾਨ-ਟੀਚਿੰਗ ਸਟਾਫ਼ ਵੀ ਹਾਜ਼ਰ ਸੀ।