ਜਲੰਧਰ 4 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਭਾਰਤੀ ਮਾਣਕ ਬਿਊਰੋ , ਜੰਮੂ ਅਤੇ ਕਸ਼ਮੀਰ ਬ੍ਰਾਂਚ ਦਫ਼ਤਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬੁਧੀਰਾਜ ਸਿੰਘ ਦੀ ਅਗਵਾਈ ਜ਼ਿਲ੍ਹੇ ਵਿਚਲੇ ਪੇਂਡੂ ਵਿਕਾਸ ਨਾਲ ਜੁੜੇ ਅਧਿਕਾਰੀਆਂ ਲਈ ਜਾਗੂਰਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਭਾਰਤੀ ਮਾਣਕਾਂ ਨੂੰ ਅਪਨਾਉਣ ਅਤੇ ਪੇਂਡੂ ਵਿਕਾਸ ਖੇਤਰ ਵਿੱਚ ਆਈ.ਐਸ.ਆਈ. ਮਾਰਕਾ ਉਤਪਾਦਾਂ ਦੀ ਖ਼ਰੀਦ ਬਾਰੇ ਜਾਗਰੂਕ ਕੀਤਾ ਗਿਆ।
ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਜਾਗਰੂਕਤਾ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਵਿਕਾਸ ਪ੍ਰਾਜੈਕਟਾਂ ਵਿੱਚ ਮਾਣਕੀਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਬੀ.ਆਈ.ਐਸ. ਕੇਅਰ ਐਪ, ਜੋ ਖਪਤਕਾਰਾਂ ਨੂੰ ਉਤਪਾਦ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਅਤੇ ਘਟੀਆ ਵਸਤਾਂ ਦੀ ਸ਼ਿਕਾਇਤ ਦੀ ਸੁਵਿਧਾ ਦਿੰਦੀ ਹੈ, ਸਮੇਤ ਬੀ.ਆਈ.ਐਸ. ਪਹਿਲਕਦਮੀਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਟੈਂਡਰਡ ਪ੍ਰਮੋਸ਼ਨ ਅਫ਼ਸਰ, ਬੀ.ਆਈ.ਐਸ. ਜੰਮੂ ਤੇ ਕਸ਼ਮੀਰ ਦਫ਼ਤਰ ਅਸ਼ੀਸ਼ ਕੁਮਾਰ ਦਿਵੇਦੀ ਨੇ ਭਾਰਤੀ ਮਾਣਕਾਂ, ਪ੍ਰੋਡਕਟ ਸਰਟੀਫਿਕੇਸ਼ਨ, ਹਾਲਮਾਰਕਿੰਗ ਅਤੇ ਲਾਜ਼ਮੀ ਰਜਿਸਟ੍ਰੇਸ਼ਨ ਸਕੀਮ (ਸੀ.ਆਰ.ਐਸ.) ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ, ਜਿਸ ਵਿੱਚ ਦੱਸਿਆ ਗਿਆ ਕਿ ਭਾਰਤੀ ਮਾਣਕਾਂ ਨੂੰ ਹੁਣ ਮੁਫ਼ਤ ਵਿੱਚ ਐਕਸਸ ਅਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਬੀ.ਆਈ.ਐਸ. ਦੀ ਵੈਬਸਾਈਟ ਅਤੇ ‘ਨੋ ਯੁਅਰ ਸਟੈਂਡਰਡਸ ਪੋਰਟਲ’ ਬਾਰੇ ਜਾਣੂ ਕਰਵਾਉਂਦਿਆਂ ਜ਼ਮੀਨੀ ਪੱਧਰ ’ਤੇ ਜਾਗਰੂਕਤਾ ਵਧਾਉਣ ਲਈ ਸਰਪੰਚਾਂ ਅਤੇ ਗ੍ਰਾਮ ਪੰਚਾਇਤਾਂ ਦੇ ਸਕੱਤਰਾਂ ਲਈ ਜਾਗਰੂਕਤਾ ਪ੍ਰੋਗਰਾਮਾਂ ਦੀ ਲੋੜ ’ਤੇ ਜ਼ੋਰ ਦਿੱਤਾ।
ਮੁੱਖ ਰਿਸੋਰਸ ਪਰਸਨ ਸੰਜੀਵਨ ਸਿੰਘ ਡਢਵਾਲ ਨੇ ਹਾਲਮਾਰਕ ਸਕੀਮ ਅਤੇ ਬੀ.ਆਈ.ਐਸ. ਕੇਅਰ ਐਪ ਡਾਊਨਲੋਡ ਕਰਵਾ ਕੇ ਉਸ ਦੀ ਵਰਤੋਂ ਬਾਰੇ ਦੱਸਿਆ। ਉਨ੍ਹਾਂ ਘਟੀਆ ਉਤਪਾਦ ਦੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਨ ਦੇ ਤਰੀਕਿਆਂ ਬਾਰੇ ਵੀ ਜਾਣੂ ਕਰਵਾਇਆ।
ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਤੋਂ ਇਲਾਵਾ ਪੀ.ਡਬਲਯੂ ਡੀ. (ਬੀ.ਐਂਡ ਆਰ), ਪੀ.ਐਸ.ਪੀ.ਸੀ.ਐਲ., ਮਗਨਰੇਗਾ, ਸਿਹਤ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।