![1 ਪਿੰਡ ਬੁੱਧੋਬਰਕਤ](https://punjabreflection.com/wp-content/uploads/2025/02/1-9-696x348.jpg)
ਹੁਸ਼ਿਆਰਪੁਰ 6 ਫਰਵਰੀ ( ਤਰਸੇਮ ਦੀਵਾਨਾ ) ਸੁਰੇਂਦਰ ਲਾਂਬਾ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸਿਕੰਜਾ ਕੱਸਦੇ ਹੋਏ। ਐਸਪੀ ਮੇਜਰ ਸਿੰਘ ਢੱਡਾ, ਬਲਵਿੰਦਰ ਸਿੰਘ: ਜੋੜਾ ਪੀ ਪੀ ਐਸ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਦਸੂਹਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਦਸੂਹਾ ਵਲੋਂ ਇੱਕ ਫਰਵਰੀ ਨੂੰ ਪਿੰਡ ਬੁਧੋਬਰਕਤ ਵਿਖੇ ਜੰਗਲਾਤ ਦੀ ਜਮੀਨ ਵਿੱਚ ਬਲਵਿੰਦਰ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਬਾਕਰਪੁਰ, ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਦੇ ਕਤਲ ਸਬੰਧੀ ਸੂਚਨਾ ਮਿਲਣ ਤੇ ਥਾਣਾ ਦਸੂਹਾ ਵਿਖੇ ਮੁਕਦਮਾ ਦਰਜ ਕੀਤਾ ਗਿਆ ਸੀ ! ਅਤੇ ਮੁਕੰਦਮੇ ਵਿੱਚ ਲੋੜੀਂਦੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਕਤ ਟੀਮਾਂ ਵਲੋਂ ਖੁਫੀਆ ਅਤੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਤਫਤੀਸ਼ ਕਰਦੇ ਹੋਏ ਉਕਤ ਮੁਕੱਦਮਾ ਵਿੱਚ ਲੋੜੀਂਦੇ ਕਥਿਤ ਦੋਸ਼ੀਆਂ ਰਮੇਸ਼ ਕੁਮਾਰ ਪੁੱਤਰ ਠਾਕੁਰ ਦਾਸ, ਨਰਿੰਦਰਪਾਲ ਉਰਫ ਨਿੰਦੀ ਪੁੱਤਰ ਰਮੇਸ਼ ਕੁਮਾਰ ਵਾਸੀਆਨ ਪਿੰਡ ਪੇਸੀ ਬੇਟ ਥਾਣਾ ਦਸੂਹਾ ਅਤੇ ਜੋਧਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਥਾਣਾ ਗੜਦੀਵਾਲਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਐਸਪੀ ਪੀਵੀਆਈ ਮੇਜਰ ਸਿੰਘ ਢੱਡਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਦਈ ਸੁਰਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਬਾਕਰਪੁਰ ਨੇ ਆਪਣੇ ਬਿਆਨਾ ਵਿਚ ਲਿਖਵਾਇਆ ਕਿ ਮੈ ਆਪਣੇ ਲੜਕੇ ਨੂੰ ਮਿਲਣ ਵਾਸਤੇ ਅਕਤੂਬਰ 2024 ਵਿੱਚ ਕਨੇਡਾ ਗਈ ਹੋਈ ਸੀ ਅਤੇ ਉਸ ਦਾ ਪਤੀ ਬਲਵਿੰਦਰ ਸਿੰਘ ਸਪੇਨ ਵਿਖੇ ਪੀ.ਆਰ ਸੀ ਜੋ ਕਿ 20 ਜਨਵਰੀ ਨੂੰ ਭਾਰਤ ਆਇਆ ਸੀ, ਜਿਸਨੇ ਉਸਨੂੰ ਫੋਨ ਤੇ ਦੱਸਿਆ ਕਿ ਉਸਦੀ ਜਮੀਨ ਖਰੀਦਣ ਦੀ ਗੱਲਬਾਤ ਰਮੇਸ਼ ਕੁਮਾਰ ਅਤੇ ਨਰਿੰਦਰ ਪਾਲ ਉਰਫ ਨਿੰਦੀ ਨਾਲ ਚੱਲਦੀ ਹੈ ਅਤੇ ਉਸਨੇ ਉਹਨਾਂ ਦੇ ਖਾਤਿਆ ਵਿੱਚ 2 ਲੱਖ 80 ਹਜਾਰ ਰੁਪਏ ਪਾਏ ਸਨ ਪਰੰਤੂ ਉਹ ਰਜਿਸਟਰੀ ਕਰਾਉਣ ਲਈ ਆਨਾ ਕਾਨੀ ਕਰਦੇ ਹਨ। ਇਸ ਲਈ ਉਸਦਾ ਪਤੀ 21 ਜਨਵਰੀ 2025 ਨੂੰ ਆਪਣਾ ਮੋਟਰਸਾਈਲ ਲੈ ਕੇ ਪਿੰਡ ਪੱਸੀ ਬੇਟ ਦਸੂਹਾ ਵਿਖੇ ਰਮੇਸ਼ ਕੁਮਾਰ ਅਤੇ ਨਰਿੰਦਰ ਪਾਲ ਉਰਫ ਨਿੰਦੀ ਨੂੰ ਮਿਲਣ ਗਿਆ ਸੀ। ਜਦੋਂ ਉਸਨੇ ਆਪਣੇ ਪਤੀ ਨੂੰ ਵਿਦੇਸ਼ ਤੋਂ ਫੋਨ ਕੀਤੇ ਤਾਂ ਉਸਦੇ ਪਤੀ ਦਾ ਫੋਨ ਬੰਦ ਆ ਰਿਹਾ ਸੀ। ਅਤੇ ਫੇਰ ਉਸਦੇ ਭਤੀਤੇ ਅਮਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਨੇ ਥਾਣਾ ਭੁਲੱਥ ਵਿਖੇ 27 ਜਨਵਰੀ 2025 ਨੂੰ ਉਸਦੇ ਪਤੀ ਬਲਵਿੰਦਰ ਸਿੰਘ ਦੀ ਗੁੰਮਸ਼ੁਦਗੀ ਲਿਖਵਾਈ ਸੀ ਅਤੇ ਸੋਸ਼ਲ ਮੀਡੀਆ ਤੇ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਫੋਟੋ ਪਾਈ ਸੀ ।
ਜੋ ਕਿ 01-ਫਰਵਰੀ 2025 ਨੂੰ ਪਿੰਡ ਗਾਲੋਵਾਲ ਦੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਫੋਨ ਤੇ ਉਸਨੂੰ ਦੱਸਿਆ ਕਿ ਜਿਹੜੀ ਵੀਡਿਉ ਵਾਇਰਲ ਹੋਈ ਹੈ ਇਸ ਤਰਾਂ ਦੇ ਹੁਲੀਏ ਦੀ ਡੈਡ ਬਾਡੀ ਪਿੰਡ ਬੁਧੋਬਰਕਤ ਵਿਖੇ ਜੰਗਲਾਤ ਦੀ ਜਮੀਨ ਵਿੱਚ ਪਈ ਹੈ ਅਤੇ ਉਕਤ ਡੈਡ ਬਾਡੀ ਤੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ। ਉਕਤ ਡੈਡ ਬਾਡੀ ਦਸੂਹਾ ਪੁਲਿਸ ਨੇ ਆਪਣੇ ਕਬਜੇ ਵਿੱਚ ਲੈ ਕੇ ਕਾਰਵਾਈ ਲਈ ਸਿਵਲ ਹਸਪਤਾਲ ਦਸੂਹਾ ਮੋਰਚਰੀ ਵਿੱਚ ਰੱਖੀ ਹੈ। ਸ਼ਨਾਖਤ ਕਰਨ ਤੇ ਉਕਤ ਡੈਡ ਬਾਡੀ ਉਸਦੇ ਪਤੀ ਬਲਵਿੰਦਰ ਸਿੰਘ ਦੀ ਪਾਈ ਗਈ ਤੇ ਉਸ ਨੂੰ ਪੂਰਾ ਯਕੀਨ ਹੈ ਕਿ ਰਮੇਸ਼ ਕੁਮਾਰ ਅਤੇ ਨਰਿੰਦਰਪਾਲ ਉਰਫ ਨਿੰਦੀ ਵਾਸੀਆਨ ਪੱਸੀ ਬੇਟ ਨੇ 2 ਲੱਖ 80 ਹਜਾਰ ਰੁਪਏ ਹੜੱਪ ਕਰਨ ਦੀ ਖਾਤਰ ਹੀ ਉਸਦੇ ਪਤੀ ਬਲਵਿੰਦਰ ਸਿੰਘ ਦਾ ਕਤਲ ਕੀਤਾ ਹੈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰਮੇਸ਼ ਕੁਮਾਰ ਪੁੱਤਰ ਠਾਕਰ ਦਾਸ, ਨਰਿੰਦਰਪਾਲ ਸਿੰਘ ਉਰਫ ਨਿੰਦੀ ਪੁੱਤਰ ਰਮੇਸ਼ ਕੁਮਾਰ ਵਾਸੀਆਨ ਪਿੰਡ ਪੱਸੀ ਬੇਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਨਰਿੰਦਰਪਾਲ ਸਿੰਘ ਉਰਫ ਨਿੰਦੀ ਉਕਤ ਨੇ ਦੋਸ਼ ਕਬੂਲ ਕੀਤਾ ਕਿ ਉਸ ਨਾਲ ਉਕਤ ਵਾਰਦਾਤ ਵਿੱਚ ਮ੍ਰਿਤਕ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਸਮੇਂ ਜੋਧਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਵੀ ਉਹਨਾਂ ਦੇ ਨਾਲ ਸੀ। ਜਿਸਤੇ ਜੋਧਾ ਸਿੰਘ ਉਕਤ ਨੂੰ ਮੁੱਕਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਕਥਿਤ ਦੋਸ਼ੀ ਨਰਿੰਦਰਪਾਲ ਸਿੰਘ ਉਰਫ ਨਿੰਦੀ ਉਕਤ ਵਲੋਂ ਵਾਰਦਾਤ ਸਮੇਂ ਵਰਤਿਆ ਕੁਹਾੜਾ ਵਗੈਰਾ ਵੀ ਬ੍ਰਾਮਦ ਕੀਤਾ ਜਾ ਚੁੱਕਾ ਹੈ। ਜਿਹਨਾਂ ਪਾਸੋ ਮ੍ਰਿਤਕ ਦਾ ਮੋਟਰਸਾਈਕਲ, ਉਸ ਦਾ ਪਰਸ ਅਤੇ ਮੋਬਾਇਲ ਫੋਨ ਬ੍ਰਾਮਦ ਕਰਨਾ ਬਾਕੀ ਹੈ। ਜਿਹਨਾਂ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।