
ਨੇਜਾਬਾਜ਼ੀ ਟੀਮ ‘ਚ ਦਰੂਵਾ ਟੀਮ ਨੇ 134.5 ਅੰਕਾਂ ਨਾਲ ਗੋਲਡ ਮੈਡਲ ਕੀਤਾ ਹਾਸਲ
ਘੋੜਸਵਾਰੀ ਚੈਂਪੀਅਨਸ਼ਿਪ ‘ਚ ਬੈਸਟ ਟੀਮ ਓਵਰਆਲ ਅਸਾਮ ਰਾਈਫਲ
ਜਲੰਧਰ 23 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਸਥਾਨਕ ਪੀ.ਏ.ਪੀ. ਕੰਪਲੈਕਸ ਦੇ ਸਪੋਰਟਸ-ਕਮ-ਟ੍ਰੇਨਿੰਗ ਗਰਾਊਂਡ ਵਿਖੇ ਕਰਵਾਈ ਜਾ ਰਹੀ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਦੇ ਸਮਾਪਤੀ ਸਮਾਰੋਹ ਵਿੱਚ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਸਟੇਟ ਆਰਮਡ ਪੁਲਿਸ ਪੰਜਾਬ, ਐਫ.ਐਫ.ਫਾਰੂਕੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਘੋੜਸਵਾਰੀ ਚੈਂਪੀਅਨਸ਼ਿਪ ਦੇ ਈਵੈਂਟ ਨੇਜਾਬਾਜ਼ੀ ਟੀਮ ਵਿੱਚ ਦਰੂਵਾ ਟੀਮ ਨੇ 134.5 ਅੰਕ ਹਾਸਲ ਕੀਤੇ ਅਤੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਗੋਲਡ ਮੈਡਲ ਜਿੱਤਿਆ। ਜਦਕਿ 61 ਕੈਲਵਰੀ (ਆਰਮੀ) ਟੀਮ ਨੇ 133.5 ਅੰਕ ਹਾਸਲ ਕਰਕੇ ਦੂਜੇ ਸਥਾਨ ‘ਤੇ ਕਬਜ਼ਾ ਕਰਦਿਆਂ ਸਿਲਵਰ ਮੈਡਲ ਪ੍ਰਾਪਤ ਕੀਤਾ। ਅਸਾਮ ਰਾਈਫਲ ਦੀ ਟੀਮ ਨੇ 132 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਅਤੇ ਬ੍ਰਾਊਂਜ਼ ਮੈਡਲ ਮੈਡਲ ਜਿੱਤਿਆ।
ਘੋੜਸਵਾਰੀ ਚੈਂਪੀਅਨਸ਼ਿਪ ਵਿੱਚ ਬੈਸਟ ਟੀਮ ਓਵਰਆਲ ਅਸਾਮ ਰਾਈਫਲ ਟੀਮ ਪਹਿਲੇ ਸਥਾਨ ‘ਤੇ ਰਹੀ
ਘੋੜਸਵਾਰੀ ਚੈਂਪੀਅਨਸ਼ਿਪ ਵਿੱਚ ਬੈਸਟ ਟੀਮ ਓਵਰਆਲ ਅਸਾਮ ਰਾਈਫਲ ਟੀਮ ਪਹਿਲੇ ਸਥਾਨ ‘ਤੇ ਰਹੀ ਅਤੇ ਗੋਲਡ ਮੈਡਲ ਹਾਸਲ ਕੀਤਾ। ਜਦਕਿ ਦੂਜੇ ਸਥਾਨ ‘ਤੇ ਦਰੂਵਾ ਟੀਮ ਅਤੇ ਤੀਜੇ ਸਥਾਨ ‘ਤੇ ਇੰਡੀਅਨ ਨੇਵੀ ਦੀ ਟੀਮ ਰਹੀ। ਇਸ ਚੈਂਪੀਅਨਸ਼ਿਪ ਵਿੱਚ ਬੈਸਟ ਰਾਈਡਰ ਓਵਰਆਲ ਦਾ ਖਿਤਾਬ ਆਸਾਮ ਰਾਈਫਲ ਦੀ ਟੀਮ ਦੇ ਡਬਯੂ ਲਮਾਟੇ ਨੇ ਆਪਣੇ ਘੋੜੇ ਮਨਾਰਕੋ ਨਾਲ ਆਪਣੇ ਨਾਮ ਕੀਤਾ।
ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਨੇ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਘੋੜਸਵਾਰ ਖਿਡਾਰੀਆਂ ਦੇ ਸ਼ਾਨਦਾਰ ਮਾਰਚ ਪਾਸਟ ਤੋਂ ਸਲੂਟ ਲਿਆ। ਉਪਰੰਤ ਡੀ.ਆਈ.ਜੀ ਪ੍ਰਸ਼ਾਸਨ ਪੀ.ਏ.ਪੀ ਇੰਦਰਬੀਰ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਜੱਜ ਸਾਹਿਬਾਨ ਦਾ ਧੰਨਵਾਦ ਕੀਤਾ।
ਮੁੱਖ ਮਹਿਮਾਨ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ
ਅਖੀਰ ਵਿੱਚ ਮੁੱਖ ਮਹਿਮਾਨ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਘੋੜਸਵਾਰੀ ਫੈਡਰੇਸ਼ਨ ਨਵੀਂ ਦਿੱਲੀ ਵੱਲੋਂ ਸਾਨੂੰ ਘੋੜਸਵਾਰੀ ਚੈਂਪੀਅਨਸ਼ਿਪ ਦਾ ਪ੍ਰਬੰਧ ਕਰਨ ਦਾ ਮੌਕਾ ਮਿਲਿਆ। ਇਸ ਚੈਂਪੀਅਨਸ਼ਿਪ ਵਿੱਚ ਜਿਥੇ ਘੋੜਸਵਾਰਾਂ ਅਤੇ ਘੋੜਿਆਂ ਦੀ ਤਾਕਤ ਇਕੱਠੀ ਦੇਖਣ ਨੂੰ ਮਿਲੀ ਉਥੇ ਇਨ੍ਹਾਂ ਖੇਡਾਂ ਵਿੱਚ ਮਿਲਵਰਤਣ ਦਾ ਸਲੀਕਾ ਵੀ ਦੇਖਣ ਨੂੰ ਮਿਲਿਆ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਨਵਜੋਤ ਸਿੰਘ ਮਾਹਲ ਕਮਾਡੈਂਟ 80 ਬਟਾਲੀਅਨ ਪੀਏਪੀ, ਗੁਰਤੇਜਿੰਦਰ ਸਿੰਘ ਕਮਾਂਡੈਂਟ 7ਵੀਂ ਬਟਾਲੀਅਨ, ਜਗਮੋਹਨ ਸਿੰਘ ਕਮਾਂਡੈਂਟ ਪੀ.ਆਰ.ਟੀ.ਸੀ. ਜਹਾਂਖੇਲਾ ਵੀ ਮੌਜੂਦ ਸਨ।