
ਜਲੰਧਰ 27 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਉਸ ਵੇਲੇ ਜਿਵੇਂ ਨਵੇਂ ਫੁੱਲ ਖਿੜ ਪਏ ਜਦੋਂ ਡਾਇਟ ਫਤਿਹਗੜ੍ਹ ਸਾਹਿਬ ਦੀ ਅਗਵਾਈ ‘ਚ ਪੰਜ ਸਕੂਲਾਂ ਦੇ 20 ਅਧਿਆਪਕਾਂ ਦਾ ਜੱਥਾ ਮਿਊਜ਼ੀਅਮ, ਲਾਇਬ੍ਰੇਰੀ, ਥੀਏਟਰ ਅਤੇ ਵੱਖ-ਵੱਖ ਹਾਲ ਦੇਖਦਾ ਹੋਇਆ ਕਮੇਟੀ ਰੂਮ ਵਿੱਚ ਸਿਰ ਜੋੜਕੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਮਿਲਣੀ ਵਿੱਚ ਸ਼ਾਮਲ ਹੋਇਆ।
ਇਹ ਜੱਥਾ ਡਾ. ਕੁਲਦੀਪ ਦੀਪ ਅਤੇ ਮੈਡਮ ਨਰਿੰਦਰ ਕੌਰ ਦੀ ਅਗਵਾਈ ਵਿੱਚ ਆਇਆ। ਜੱਥੇ ‘ਚ ਸ਼ਾਮਲ ਪ੍ਰਤੀਨਿੱਧਾਂ ਸਮੇਤ ਡਾ. ਕੁਲਦੀਪ ਦੀਪ ਅਤੇ ਮੈਡਮ ਨਰਿੰਦਰ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡੇ ਲਈ ਅੱਜ ਦਾ ਦਿਹਾੜਾ ਇਤਿਹਾਸਕ ਅਤੇ ਗੌਰਵਮਈ ਹੈ ਜਿਨ੍ਹਾਂ ਨੂੰ ਅਜੇਹੀ ਇਤਿਹਾਸਕ ਯਾਦਗਾਰ ਤੋਂ ਬਹੁਤ ਹੀ ਊਰਜਾ ਮਿਲੀ। ਉਹਨਾਂ ਕਿਹਾ ਕਿ ਸਾਡਾ ਅਮੀਰ ਵਿਰਸਾ ਅੱਜ ਵੀ ਸਾਥੋਂ ਕੁੱਝ ਆਸ ਕਰਦਾ ਹੈ।
ਵਿਚਾਰਾਂ ਦੇ ਆਦਾਨ ਪ੍ਰਦਾਨ ‘ਚ ਗ਼ਦਰੀ ਬਾਬਿਆਂ ਦੇ ਸੁਪਨਿਆਂ, ਉਹਨਾਂ ਦੀ ਵਿਚਾਰਧਾਰਾ, 47 ਦੀ ਹਿਰਦੇਵੇਦਕ ਵੰਡ, ਅਜੋਕੇ ਸਮੇਂ ਕਾਰਪੋਰੇਟ ਅਤੇ ਫ਼ਿਰਕਾਪ੍ਰਸਤੀ ਦੀ ਕੌੜੀ ਫ਼ਸਲ ਤੋਂ ਸਾਵਧਾਨ ਰਹਿਣ, ਪੁੰਗਰਦੀ ਪਨੀਰੀ ਅਤੇ ਚੜ੍ਹਦੀ ਜੁਆਨੀ ਨੂੰ ਆਪਣੀ ਮਿੱਟੀ ਨਾਲ ਜੁੜਕੇ ਸੋਹਣਾ ਨਿਜ਼ਾਮ ਸਿਰਜਣ ਬਾਰੇ ਹੋਈਆਂ ਵਿਚਾਰਾਂ ਨੂੰ ਸੰਭਾਲਣ ਦਾ ਸਭਨਾਂ ਨੇ ਅਹਿਦ ਲਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਚਾਰ ਸਾਂਝੇ ਕਰਨ ਉਪਰੰਤ ਡਾ. ਕੁਲਦੀਪ ਦੀਪ ਅਤੇ ਮੈਡਮ ਨਰਿੰਦਰ ਕੌਰ ਨੂੰ ਪੁਸਤਕਾਂ ਦਾ ਸੈੱਟ ਭੇਂਟ ਕਰਦਿਆਂ ਵਫ਼ਦ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਉਹ ਭਵਿੱਖ਼ ‘ਚ ਵਿਦਿਆਰਥੀਆਂ ਨੂੰ ਦੇਸ਼ ਭਗਤ ਹਾਲ ਨਾਲ ਜੋੜਨ ਲਈ ਉੱਦਮ ਜੁਟਾਉਣਗੇ। ਇਸ ਵਫ਼ਦ ਵਿਚ ਸੁਖਜਿੰਦਰ ਸਿੰਘ, ਰਾਣਾ ਸਿੰਘ ਅਤੇ ਜਸਵੀਰ ਸਿੰਘ ਵੀ ਸ਼ਾਮਲ ਸਨ