
ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੇ ਸਿਵਲ ਸਰਜਨ ਨੂੰ ਦਿੱਤ ਮੰਗ ਪੱਤਰ।ਸਰਕਾਰ ਦੀ ਵਾਅਦਾ ਖਿਲਾਫੀ ਤੋਂ ਅੱਕੇ ਐਨਐਚ.ਐਮ ਮੁਲਾਜ਼ਮਾਂ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ :-ਸੰਦੀਪ IIT ਬਰਨਾਲਾ
ਮਾਰਚ ਦੇ ਅਖੀਰਲੇ ਹਫ਼ਤੇ ਚ ਹੜਤਾਲ ‘ਤੇ ਜਾਣ ਦਾ ਫੈਸਲਾ
ਜਲੰਧਰ (ਕਪੂਰ ):
ਪਿਛਲੇ ਲੰਮੇ ਸਮੇਂ ਤੋਂ ਸਿਹਤ ਵਿਭਾਗ ਜਲੰਧਰ ‘ਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਐਨ ਐਚ ਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਉਲੀਕੇ ਰੋਸ ਪ੍ਰੋਗਰਾਮ ਤਹਿਤ ਆਪਣੀ ਹੱਕੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਦਾ ਕਰਨ ਲਈ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਨੂੰ ਨੂੰ ਆਪਣਾ ਮੰਗ ਦਿੱਤਾ। ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਨੂੰ ਮੰਗ ਪੱਤਰ ਦੇਣ ਸਮੇਂ ਜਿਲ੍ਹਾ ਪ੍ਰੋਗਰਾਮ ਮੈਨੇਜਰ (ਡੀਪੀਐਮ) ਡਾ. ਸੁਖਵਿੰਦਰ ਕੌਰ, ਡਾ. ਦੇਵ, ਪਰਮਵੀਰ ਝਮਟ ਆਰਬੀਐਸਕੇ ਕੋਆਰਡੀਨੇਟਰ, ਡਾ. ਸ਼ੋਭਨਾ ਬਾਂਸਲ ਜਿਲ੍ਹਾ ਐਪੀਡਮੋਲੋਜਿਸਟ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੋਨਿਕਾ, ਵਿਜੈ ਅਤੇ ਹੋਰ ਕਰਮਚਾਰੀ ਮੌਜੂਦ ਸਨ।
ਇਸ ਸਬੰਧੀ ਗੱਲ ਕਰਦਿਆਂ ਸੂਬਾ ਆਗੂ ਡਾਕਟਰ ਸੁਮਿਤ ਕਪਾਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੌਮੀ ਸਿਹਤ ਮਿਸ਼ਨ (ਐਨਐਚਐਮ) ਤਹਿਤ ਕੰਮ ਕਰਦੇ ਸਮੂਹ ਕੱਚੇ ਮੁਲਾਜਮਾਂ ਨੂੰ ਸਰਕਾਰ ਬਨਣ ‘ਤੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਸਰਕਾਰ ਬਣਿਆ ਤਿੰਨ ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਲੇਕਿਨ ਐਨਐਚਐਮ ਤਹਿਤ ਕੰਮ ਕਰਨ ਵਾਲਾ ਸਿਹਤ ਵਿਭਾਗ ਦਾ ਇੱਕ ਵੀ ਕਰਮਚਾਰੀ ਰੈਗੂਲਰ ਨਹੀਂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਐਨਐਚਐਮ ਮੁਲਾਜਮ ਆਪਣੀ ਅਸਾਮੀ ਦੇ ਹਿਸਾਬ ਨਾਲ ਯੋਗਤਾ ਪੂਰੀ ਕਰਦੇ ਹਨ ਤੇ ਐਨਐਚਐਮ ਦੀਆਂ ਭਰਤੀਆਂ ਯੋਗ ਪ੍ਰਕਿਰਆ ਰਾਹੀਂ ਹੋਈਆਂ ਹਨ, ਲੇਕਿਨ ਫਿਰ ਵੀ ਕੱਚੇ ਸਿਹਤ ਮੁਲਾਜ਼ਮਾਂ ਦੀ ਠੇਕਾ ਪ੍ਰਥਾ ਤਹਿਤ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਆਰਥਿਕ,ਮਾਨਸਿਕ ਲੁੱਟ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਚੋਣ ਵਾਅਦਿਆਂ ਤੋਂ ਭੱਜਦੀ ਵਿਖਾਈ ਦੇ ਰਹੀ ਹੈ ਜਿਸ ਕਾਰਨ ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਸੇਵਾਵਾਂ ਨਿਭਾ ਰਹੇ ਲੱਗਭੱਗ 10 ਹਜ਼ਾਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਆਉਣ ਵਾਲੇ ਦਿਨਾਂ ਵਿੱਚ ਸੜਕਾਂ ‘ਤੇ ਉੱਤਰ ਕੇ ਰੋਸ ਮੁਜਾਹਰੇ ਕਰਦਿਆਂ ਹੜਤਾਲ ‘ਤੇ ਜਾਣਗੇ।ਉਨ੍ਹਾਂ ਕਿਹਾ ਕਿ ਸਿਹਤ ਮੁਲਾਜ਼ਮਾਂ ਦੇ ਹੜਤਾਲ ‘ਤੇ ਜਾਣ ਕਾਰਨ ਲੋਕਾਂ ਦੀ ਹੋਣ ਵਾਲੀ ਖੱਜਲ ਖੁਆਰੀ ਲਈ ਸੂਬਾ ਸਰਕਾਰ ਜਿੰਮੇਵਾਰ ਹੋਵੇਗੀ ਕਿਉਂਕਿ ਹੱਕੀ ਮੰਗਾਂ ਖਾਤਰ ਹੜਤਾਲ ‘ਤੇ ਜਾਣਾ ਸਿਹਤ ਮੁਲਾਜਮਾਂ ਦੀ ਮਜਬੂਰੀ ਹੈ।
ਸੰਘਰਸ਼ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁਮੀਤ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਸੂਬੇ ਦੇ ਕੱਚੇ ਮੁਲਾਜ਼ਮਾਂ ਦੇ ਮਸਲੇ ‘ਤੇ ਸੰਜੀਦਗੀ ਨਾਲ ਚਰਚਾ ਨਹੀਂ ਕੀਤੀ। ਇਸ ਕਾਰਨ ਯੂਨੀਅਨ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜੇਕਰ ਸੂਬਾ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਮਜਬੂਰਨ ਸਮੂਹ ਐਨ ਐਚ ਐਮ ਕਰਮਚਾਰੀਆਂ ਨੂੰ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਣਾ ਪਵੇਗਾ।