
ਜਲੰਧਰ 12 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਐਨ.ਆਈ.ਸੀ. ਜਲੰਧਰ ਵੱਲੋਂ ਪੁਲਿਸ, ਟਰਾਂਸਪੋਰਟ, ਹਾਈਵੇ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇੰਟੀਗ੍ਰੇਟਿਡ ਰੋਡ ਐਕਸੀਡੈਂਟ ਡਾਟਾਬੇਸ/ਈ-ਡਿਟੇਲਡ ਐਕਸੀਡੈਂਟ ਰਿਪੋਰਟ (ਆਈ.ਆਰ.ਏ.ਡੀ./ਈ.ਡੀ.ਏ.ਆਰ.) ਸਬੰਧੀ ਵਿਸਥਾਰ ਨਾਲ ਸਿਖ਼ਲਾਈ ਪ੍ਰਦਾਨ ਕੀਤੀ ਗਈ।
ਆਰ.ਟੀ.ਓ. ਜਲੰਧਰ ਬਲਬੀਰ ਰਾਜ ਸਿੰਘ, ਏ.ਸੀ.ਪੀ. ਟ੍ਰੈਫਿਕ ਜਲੰਧਰ ਸਿਟੀ ਮਹੇਸ਼ ਸੈਣੀ, ਡੀ.ਐਸ.ਪੀ. ਟ੍ਰੈਫਿਕ ਜਲੰਧਰ ਦਿਹਾਤੀ ਮਨਜੀਤ ਸਿੰਘ, ਡੀ.ਆਈ.ਓ. ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਿਖ਼ਲਾਈ ਸੈਸ਼ਨ ਕਰਵਾਇਆ ਗਿਆ।
ਆਪਣੇ ਸੰਬੋਧਨ ਵਿੱਚ ਆਰ.ਟੀ.ਓ. ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਆਈ.ਆਰ.ਏ.ਡੀ. ਪ੍ਰਾਜੈਕਟ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਪਹਿਲਕਦਮੀ ਹੈ, ਜਿਸਦਾ ਉਦੇਸ਼ ਦੇਸ਼ ਵਿੱਚ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਸੜਕ ਦੁਰਘਟਨਾਵਾਂ ਸਬੰਧੀ ਦਰੁੱਸਤ ਅਤੇ ਇਕਸਾਰ ਡਾਟਾ ਇਕੱਤਰ ਕਰਨ ਦੇ ਸਿਸਟਮ ਦੀ ਸਥਾਪਨਾ ਦੀ ਲੋੜ ਦੇ ਮੱਦੇਨਜ਼ਰ ਆਈ.ਆਰ.ਏ.ਡੀ. ਮੋਬਾਇਲ ਅਤੇ ਵੈੱਬ ਐਪਲੀਕੇਸ਼ਨ ਵਿਕਸਤ ਕੀਤੀ ਗਈ ਹੈ।
ਸੈਸ਼ਨ ਦਾ ਸੰਚਾਲਨ ਜ਼ਿਲ੍ਹਾ ਰੋਲਆਊਟ ਮੈਨੇਜਰ ਮੁਕੇਸ਼ ਮਲਹੋਤਰਾ ਵੱਲੋਂ ਕੀਤਾ ਗਿਆ। ਭਾਗੀਦਾਰ ਵਿਭਾਗਾਂ ਦੇ ਅਧਿਕਾਰੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਮੌਕੇ ਏ.ਟੀ.ਓ. ਵਿਸ਼ਾਲ ਗੋਇਲ, ਏ.ਡੀ.ਆਈ.ਓ. ਸੁਮਨ ਕਲਿਆਣੀ ਆਦਿ ਵੀ ਮੌਜੂਦ ਸਨ।