ਸੁਖਬੀਰ ਦੇ ਝੂਠੇ ਹੰਕਾਰ ਨੂੰ ਸੰਤੁਸ਼ਟ ਕਰਨ ਲਈ ਜਥੇਦਾਰਾਂ ਦਾ ਨਿਰਾਦਰ ਕੀਤਾ : ਦਲ ਖਾਲਸਾ

0
5
ਸੁਖਬੀਰ

ਹੁਸ਼ਿਆਰਪੁਰ 13 ਮਾਰਚ ( ਤਰਸੇਮ ਦੀਵਾਨਾ)- ਦਲ ਖਾਲਸਾ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀਆਂ ਨੂੰ ਅਕਾਲ ਤਖਤ ਦੀ ਪਵਿੱਤਰਤਾ, ਸਰਵਉੱਚਤਾ ਨੂੰ ਆਪਣੇ ਨਿੱਜੀ ਮੁਫਾਦਾਂ ਲਈ ਛੁਟਿਆਉਣ, ਮਾਣ-ਮਰਯਾਦਾ ਤੇ ਪ੍ਰੰਪਰਾਵਾਂ ਨੂੰ ਰੋਲਣ ਅਤੇ ਜਥੇਦਾਰ ਦੀ ਪਦਵੀ ਦਾ ਨਿਰਾਦਰ ਕਰਨ ਲਈ ਦੋਸ਼ੀ ਠਹਿਰਾਇਆ ਹੈ।

ਦਲ ਖਾਲਸਾ ਆਗੂਆਂ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ ਅਤੇ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਜਿਸ ਤਾਨਾਸ਼ਾਹੀ ਅਤੇ ਬੇਰਹਿਮ ਤਰੀਕੇ ਨਾਲ ਅਕਾਲ ਤਖਤ, ਦਮਦਮਾ ਸਾਹਿਬ ਅਤੇ ਕੇਸਗੜ੍ਹ ਸਾਹਿਬ ਦੇ ਤਿੰਨ ਜਥੇਦਾਰਾਂ ਨੂੰ ਹਟਾਇਆ ਗਿਆ ਹੈ, ਉਹ ਸਾਬਤ ਕਰਦਾ ਹੈ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀਆਂ ਨੇ ਪੰਥਕ ਸੰਸਥਾਵਾਂ ਨਾਲ ਟਕਰਾਅ ਦਾ ਰਾਹ ਚੁਣਿਆ ਹੈ।

ਪਹਿਲੇ ਦਿਨ ਤੋਂ ਹੀ, ਬਾਦਲ ਪਰਿਵਾਰ ਹੀ ਸੀ ਜਿਨ੍ਹਾਂ ਨੇ ਹਿੰਦੂਤਵ ਪਾਰਟੀ ਨੂੰ ਪੰਜਾਬ ਵਿੱਚ ਪੈਰ ਜਮਾਉਣ ਦਾ ਰਾਹ ਪੱਧਰਾ ਕੀਤਾ ਅਤੇ ਅੱਜ ਵੀ ਇਹ ਬਾਦਲ ਹੀ ਹਨ ਜੋ ਸਿੱਖ ਰਾਜਨੀਤੀ ਨੂੰ ਤਹਿਸ ਨਹਿਸ ਕਰਨ ਵਿੱਚ ਜੁਟੇ ਹੋਏ ਹਨ।

ਸ਼੍ਰੋਮਣੀ ਕਮੇਟੀ ਦਾ ਏਕਾਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੀ ਮਰਜ਼ੀ ਨਾਲ ਜਥੇਦਾਰਾਂ ਦੀ ਨਿਯੁਕਤੀ ਕਰੇ

ਦਲ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਏਕਾਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੀ ਮਰਜ਼ੀ ਨਾਲ ਜਥੇਦਾਰਾਂ ਦੀ ਨਿਯੁਕਤੀ ਕਰੇ ਜਾਂ ਉਨ੍ਹਾਂ ਨੂੰ ਸੇਵਾ ਮੁਕਤ ਕਰੇ। ਉਹਨਾਂ ਕਿਹਾ ਕਿ ਕਮੇਟੀ ਜਥੇਦਾਰਾਂ ਦੀ ਨਿਯੁਕਤੀ ਜਾਂ ਸੇਵਾ ਮੁਕਤੀ ਲਈ ਵੱਖ-ਵੱਖ ਸਿੱਖ ਸੰਗਠਨਾਂ ਵਿੱਚ ਕੋਆਰਡੀਨੇਟਰ ਦੀ ਭੂਮਿਕਾ ਨਿਭਾ ਸਕਦੀ ਹੈ।

ਪਿਛਲੇ ਇੱਕ ਮਹੀਨੇ ਵਿੱਚ ਤਿੰਨ ਜਥੇਦਾਰਾਂ ਨੂੰ ਬੇਰਹਿਮੀ ਨਾਲ ਹਟਾਏ ਜਾਣ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ, ਦਲ ਖਾਲਸਾ ਨੇ ਅਕਾਲੀਆਂ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਬੇਲੋੜੀ ਰਾਜਨੀਤਿਕ ਦਖਲਅੰਦਾਜ਼ੀ ਕਰਕੇ ਧਾਰਮਿਕ ਮਾਮਲਿਆਂ ਵਿੱਚ ਸਰਕਾਰ ਦੀ ਸਿੱਧੀ-ਅਸਿੱਧੀ ਦਖਲਅੰਦਾਜ਼ੀ ਵਧਾ ਦਿੱਤੀ ਹੈ।

ਸਿਧਾਂਤਕ ਤੌਰ ‘ਤੇ, ਜਥੇਦਾਰਾਂ ਨੂੰ ਸਮੁੱਚੇ ਸਿੱਖ ਪੰਥ ਦਾ ਵਿਸ਼ਵਾਸ ਪ੍ਰਾਪਤ ਹੋਣਾ ਚਾਹੀਦਾ ਹੈ ਪਰ ਹਾਲ ਹੀ ਵਿੱਚ ਅਤੇ ਖਾਸ ਕਰਕੇ ਮੌਜੂਦਾ ਮਾਮਲੇ ਵਿੱਚ ਨਵ ਨਿਯੁਕਤ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬਾਦਲ ਅਤੇ ਉਨ੍ਹਾਂ ਦੀ ਜੁੰਡਲੀ ਨੇ ਪੰਥ ਨੂੰ ਨਜ਼ਰਅੰਦਾਜ਼ ਕਰਕੇ ਚੁਣਿਆ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਨਿਯੁਕਤੀ ਨੂੰ ਪੰਥ ਦੇ ਵੱਡੇ ਹਿੱਸੇ ਦੁਆਰਾ ਰੱਦ ਕਰ ਦਿੱਤਾ ਗਿਆ ਹੈ।

ਦਲ ਖਾਲਸਾ ਦੇ ਆਗੂਆਂ ਨੇ 28 ਮਾਰਚ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਕਾਰਜਕਾਰੀ ਮੈਂਬਰਾਂ ਦੇ ਫੈਸਲੇ ਨੂੰ ਰੱਦ ਕਰਨ ਅਤੇ ਤਿੰਨ ਜਥੇਦਾਰਾਂ ਦੀ ਬਰਖਾਸਤਗੀ ਨੂੰ ਰੱਦ ਕਰਕੇ ਉਹਨਾਂ ਮੌਜੂਦਾ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਅਸਤੀਫ਼ੇ ਲਏ ਜਾਣ ਜਿਨ੍ਹਾਂ ਬਾਦਲ ਦਲ ਦੇ ਇਸ਼ਾਰੇ ਉੱਤੇ ਜਥੇਦਾਰ ਦੀ ਪਦਵੀ ਨੂੰ ਢਾਹ ਲਾਈ ਹੈ।

ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਗਿਆਰਾਂ ਮੈਂਬਰਾਂ ਨੂੰ ਜਵਾਬਦੇਹ ਬਣਾਉਣ ਜਿਨ੍ਹਾਂ ਆਪਣੇ ਰਾਜਨੀਤਿਕ ਮਾਲਕ ਸੁਖਬੀਰ ਦੇ ਝੂਠੇ ਹੰਕਾਰ ਨੂੰ ਸੰਤੁਸ਼ਟ ਕਰਨ ਲਈ ਜਥੇਦਾਰਾਂ ਦਾ ਨਿਰਾਦਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਵਾਲ ਕਿਸੇ ਖਾਸ ਵਿਅਕਤੀ ਨੂੰ ਬਦਲਣ ਦਾ ਨਹੀਂ ਸੀ, ਸਗੋਂ ਪੰਥਕ ਸੰਸਥਾਵਾਂ ਅਤੇ ਸ਼ਖਸੀਅਤਾਂ ਦਾ ਨਿਰਾਦਰ ਕਰਨ ਦਾ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਅਜਿਹੀ ਅਣਸੁਖਾਵੀਂ ਸਥਿਤੀ ਅਤੇ ਪੰਥਕ ਸੰਕਟ ਨਾਲ ਨਜਿੱਠਣ ਲਈ ਪੰਜਾਂ ਤਖ਼ਤ ਜਥੇਦਾਰਾਂ ਦੀ ਨਿਯੁਕਤੀ, ਹਟਾਉਣ ਅਤੇ ਕਾਰਜ ਖੇਤਰ ਬਾਰੇ ਇੱਕ ਵਿਧੀ ਵਿਧਾਨ ਬਣਾਉਣ ਦੀ ਲੋੜ ਹੈ।

ਜਥੇਬੰਦੀ ਆਗੂਆਂ ਨੇ ‘ਕੇਸਗੜ੍ਹ ਦੀ ਲਲਕਾਰ’ ਮਾਰਚ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਰੱਖੇ।

ਸੈਂਕੜੇ ਪਾਰਟੀ ਕਾਰਕੁਨਾਂ ਨੇ ਹੁਸ਼ਿਆਰਪੁਰ ਤੋਂ ਆਨੰਦਪੁਰ ਸਾਹਿਬ ਤੱਕ ਇੱਕ ਲੰਮਾ ਮਾਰਚ ਕੱਢਿਆ ਜਿਸ ਵਿੱਚ ਸਿੱਖ ਰਾਸ਼ਟਰਵਾਦ ਦੀ ਭਾਵਨਾ ਅਤੇ ਕੌਮੀਅਤ ਦੇ ਸਿਧਾਂਤ ਨੂੰ ਉਤਸ਼ਾਹਿਤ ਕੀਤਾ ਗਿਆ। ਦਲ ਖਾਲਸਾ ਨੇ ਹਿੰਦੂਤਵ ਦੇ “ਇੱਕ ਰਾਸ਼ਟਰ, ਇੱਕ ਸੱਭਿਆਚਾਰ” ਦੇ ਸਿਧਾਂਤ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੀਆਂ ਕੌਮਾਂ ਰਹਿੰਦੀਆਂ ਹਨ ਜਿਨ੍ਹਾਂ ਦੇ ਵੱਖੋ-ਵੱਖਰੇ ਸੱਭਿਆਚਾਰ, ਇਤਿਹਾਸ, ਪਰੰਪਰਾਵਾਂ ਅਤੇ ਜੀਵਨ ਢੰਗ ਹਨ।

ਮਾਰਚ ਤੋਂ ਪਹਿਲਾਂ ਖਾਲਸਾ ਜੀ ਦੇ ਬੋਲ ਬਾਲੇ ਲਈ ਅਰਦਾਸ ਸਥਾਨਕ ਗੁਰਦੁਆਰਾ ਗਲਗੀਧਰ ਸਾਹਿਬ ਵਿਖੇ ਕੀਤੀ ਗਈ।

ਘੱਟ ਗਿਣਤੀਆਂ ਨੂੰ ਹਿੰਦੁਤਵ ਸਮੁੰਦਰ ਵਿੱਚ ਜਜਬ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਸਿੱਖਾਂ ਨੂੰ ਸਿੱਖ ਸਿਧਾਂਤਾਂ, ਸੱਭਿਆਚਾਰ ਅਤੇ ਪਰੰਪਰਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਨਵੀਂ ਦਿੱਲੀ ਦੀ ਦਮਨਕਾਰੀ ਨੀਤੀਆਂ ਨੇ ਸਾਡੇ ਸੱਭਿਆਚਾਰ, ਧਰਮ ਅਤੇ ਸਮਾਜਿਕ ਜੀਵਨ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ।

ਜਥੇਬੰਦੀ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿੱਖ ਰਾਜਨੀਤੀ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਅਤੇ ਢੰਗ ਤਰੀਕਿਆਂ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਸਿੱਖ ਨੌਜਵਾਨਾਂ ਵਿੱਚ ਆਪਣੀ ਵੱਖਰੀ ਪਛਾਣ ਬਾਰੇ ਮਾਣ ਪੈਦਾ ਕੀਤਾ ਜਾ ਸਕੇ। ਉਹ ਸਿੱਖ ਕੌਮ ਦੀਆਂ ਲੋਕਤੰਤਰੀ ਇੱਛਾਵਾਂ ਨੂੰ ਵਾਰ-ਵਾਰ ਕੁਚਲਣ ਲਈ ਹਿੰਦ ਹਕੂਮਤ ਦੀ ਆਲੋਚਨਾ ਕੀਤੀ।

ਕੇਸਗੜ੍ਹ ਸਾਹਿਬ ਦਾ ਸੰਦੇਸ਼ ਧਾਰਮਿਕ ਅਤੇ ਰਾਜਨੀਤਿਕ ਜ਼ੁਲਮ ਦਾ ਮੁਕਾਬਲਾ ਕਰਨਾ ਹੈ

ਆਗੂਆਂ ਨੇ ਜੋਸ਼ੀਲੇ ਇਕੱਠ ਨੂੰ ਯਾਦ ਦਿਵਾਇਆ ਕਿ ਕੇਸਗੜ੍ਹ ਸਾਹਿਬ ਦਾ ਸੰਦੇਸ਼ ਧਾਰਮਿਕ ਅਤੇ ਰਾਜਨੀਤਿਕ ਜ਼ੁਲਮ ਦਾ ਮੁਕਾਬਲਾ ਕਰਨਾ ਹੈ। ਮੰਡ ਨੇ ਕਿਹਾ ਕਿ ਅੱਜ ਵੀ ਇਹ (ਆਨੰਦਪੁਰ ਸਾਹਿਬ) ਆਜ਼ਾਦੀ ਅਤੇ ਨਿਆਂ ਦਾ ਪ੍ਰਤੀਕ ਹੈ। ਧਰਮ ਗ੍ਰੰਥਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਕਿਸਮਤ ਦੇ ਮਾਲਕ ਬਣਨ ਅਤੇ ਪੰਜਾਬ ਦੀ ਪ੍ਰਭੂਸੱਤਾ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।

ਪਾਰਟੀ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸਿੱਖਾਂ ਇੱਕ ਵੱਖਰੀ ਕੌਣ ਹੈ ਜਿਸਦਾ ਆਪਣਾ ਸੱਭਿਆਚਾਰ, ਇਤਿਹਾਸਕ ਪਿਛੋਕੜ ਹੈ ਅਤੇ ਸਿੱਖ ਆਪਣੀ ਰਾਜਨੀਤਿਕ ਕਿਸਮਤ ਨਿਰਧਾਰਤ ਕਰਨ ਦਾ ਅਧਿਕਾਰ ਰੱਖਦੇ ਹਨ। ਇਸ ਮੌਕੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਗੁਰਦਾਸਪੁਰ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਅਤੇ ਯੂਥ ਆਗੂ ਗੁਰਨਾਮ ਸਿੰਘ ਟਾਂਡਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨ ਕਾਫ਼ਲੇ ਦੇ ਰੂਪ ਵਿੱਚ ਮਾਰਚ ਦਾ ਹਿੱਸਾ ਬਣੇ।

LEAVE A REPLY