
ਵਿੱਦਿਅਕ ਸੰਸਥਾਵਾਂ ਨੂੰ ਨਾਮੀ ਤਕਨੀਕੀ ਕੰਪਨੀਆਂ ਮਾਈਕ੍ਰੋਸਾਫਟ, ਆਈ.ਬੀ.ਐਮ., ਨੇਸਕਾਮ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਾਫ਼ਟ ਸਕਿੱਲ ਕੋਰਸਾਂ ’ਚ ਹਿੱਸਾ ਲੈਣ ਦੀ ਅਪੀਲ
ਜਲੰਧਰ 13 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਜ਼ਿਲ੍ਹਾ ਪ੍ਰਸ਼ਾਸਨ ਭਾਰਤੀ ਫੌਜ ਵਿੱਚ ਅਗਨੀਵੀਰ ਵਜੋਂ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਲਿਖ਼ਤੀ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਵਿੱਚ ਸਹੂਲਤ ਦੇਣ ਦੇ ਮੰਤਵ ਨਾਲ ਮੁਫ਼ਤ ਸਿਖ਼ਲਾਈ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਅਪਰਨਾ ਐਮ.ਬੀ. ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨੌਜਵਾਨਾਂ, ਖਾਸ ਕਰ ਪੇਂਡੂ ਖੇਤਰ ਨਾਲ ਸਬੰਧਤ, ਨੂੰ ਫੌਜ ਭਰਤੀ ਰੈਲੀਆਂ ਵਿੱਚ ਸਫ਼ਲ ਹੋਣ ਵਿੱਚ ਮਦਦ ਪ੍ਰਦਾਨ ਕਰਨਾ ਹੈ।
ਵਧੀਕ ਡਿਪਟੀ ਕਮਿਸ਼ਨਰ ਕਿਹਾ ਕਿ ਇਹ ਸਿਖ਼ਲਾਈ ਪ੍ਰੋਗਰਾਮ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਸੇਵਾ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਸਮਰੱਥ ਬਣਾਏਗਾ। ਉਨ੍ਹਾਂ ਅਧਿਕਾਰੀਆਂ ਨੂੰ ਇਸ ਉਪਰਾਲੇ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਵਿਸਥਾਰਤ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਸਥਾਨਕ ਉਦਯੋਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੈਨਪਾਵਰ ਸਬੰਧੀ ਜ਼ਰੂਰਤਾਂ ਦੀ ਸੂਚੀ ਪ੍ਰਦਾਨ ਕਰਨ
ਇੱਕ ਹੋਰ ਸਮੀਖਿਆ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਥਾਨਕ ਉਦਯੋਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੈਨਪਾਵਰ ਸਬੰਧੀ ਜ਼ਰੂਰਤਾਂ ਦੀ ਸੂਚੀ ਪ੍ਰਦਾਨ ਕਰਨ ਤਾਂ ਜੋ ਸਨਅਤ ਦੀਆਂ ਜ਼ਰੂਰਤਾਂ ਅਨੁਸਾਰ ਹੁਨਰ ਵਿਕਾਸ ਕੋਰਸ ਤਿਆਰ ਕੀਤੇ ਜਾ ਸਕਣ। ਉਨ੍ਹਾਂ ਡੀ.ਬੀ.ਈ.ਈ. ਅਧਿਕਾਰੀਆਂ ਨੂੰ ਕਿਰਤ ਸ਼ਕਤੀ ਸਬੰਧੀ ਮੰਗਾਂ ਦਾ ਮੁਲਾਂਕਣ ਕਰਨ ਲਈ ਉਦਯੋਗ ਦੇ ਦੌਰੇ ਕਰਨ ਦੇ ਨਿਰਦੇਸ਼ ਵੀ ਦਿੱਤੇ।
ਸਾਫਟ ਸਕਿੱਲਜ਼ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਮਾਈਕ੍ਰੋਸਾਫਟ, ਆਈ.ਬੀ.ਐਮ. ਅਤੇ ਨੇਸਕਾਮ ਦੇ ਸਹਿਯੋਗ ਨਾਲ ਸਪੋਕਨ ਇੰਗਲਿਸ਼ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਖ਼ਲਾਈ ਸਮੇਤ ਕੋਰਸ ਕਰਵਾਏ ਜਾ ਰਹੇ ਹਨ। ਉਨ੍ਹਾਂ ਵਿੱਦਿਅਕ ਸੰਸਥਾਵਾਂ ਨੂੰ ਬਿਹਤਰ ਕਰੀਅਰ ਸੰਭਾਵਨਾਵਾਂ ਲਈ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਚਾਹਵਾਨ ਬਿਨੈਕਾਰ ਵਧੇਰੇ ਜਾਣਕਾਰੀ ਲਈ 9056920100 ‘ਤੇ ਡੀ.ਬੀ.ਈ.ਈ. ਨਾਲ ਸੰਪਰਕ ਕਰ ਸਕਦੇ ਹਨ।
ਮੀਟਿੰਗ ਵਿੱਚ ਗਾਂਧੀ ਵਨਿਤਾ ਆਸ਼ਰਮ ਵਿਖੇ ਇਕ ਹੁਨਰ ਵਿਕਾਸ ਕੇਂਦਰ ਅਤੇ ਉਦਯੋਗਾਂ ਨਾਲ ਜੁੜੇ ਕੋਰਸਾਂ ਦੀਆਂ ਯੋਜਨਾਵਾਂ ਦੀ ਵੀ ਸਮੀਖਿਆ ਕੀਤੀ ਗਈ। ਹੋਰਨਾਂ ਵਿੱਚ ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਨੀਲਮ ਮਹੇ, ਡਾਇਰੈਕਟਰ ਰਿਕਰੂਟਿੰਗ ਜਲੰਧਰ ਛਾਉਣੀ ਕਰਨਲ ਵਿਪਲਵ ਤੇ ਵਿੱਦਿਅਕ ਸੰਸਥਾਵਾਂ ਅਤੇ ਉਦਯੋਗਾਂ ਦੇ ਨੁਮਾਇੰਦੇ ਵੀ ਮੌਜੂਦ ਸਨ।