
– ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸੂਬੇ ‘ਚ ਪ੍ਰਫੁੱਲਿਤ ਹੋ ਰਿਹੈ ਖੇਡ ਸੱਭਿਆਚਾਰ
– ਮਗਨਰੇਗਾ ਤਹਿਤ ਰੋਜ਼ਗਾਰ ਨੂੰ ਮਿਲੇਗਾ ਹੁਲਾਰਾ
ਜਲੰਧਰ 3 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਅਤੇ ਰੰਗਲਾ ਪੰਜਾਬ ਬਣਾਉਣ ਦੇ ਸੰਕਲਪ ਤਹਿਤ ਜਿਥੇ ਨਸ਼ਿਆਂ ਖਿਲਾਫ਼ ਵਿਆਪਕ ਜੰਗ ਵਿੱਢੀ ਗਈ ਹੈ, ਉਥੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਮੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਜ਼ਿਲ੍ਹਾ ਜਲੰਧਰ ਵਿੱਚ 3.18 ਕਰੋੜ ਦੀ ਲਾਗਤ ਨਾਲ 98 ਮਾਡਲ ਖੇਡ ਮੈਦਾਨ ਬਣਨ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਗਨਰੇਗਾ ਅਧੀਨ ਕਨਵਰਜੈਂਸ ਪਲਾਨ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ 3 ਕਰੋੜ 18 ਲੱਖ 86 ਹਜ਼ਾਰ ਰੁਪਏ ਦੀ ਲਾਗਤ ਨਾਲ 98 ਮਾਡਲ ਖੇਡ ਮੈਦਾਨ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਬਲਾਕ ਲੋਹੀਆਂ ਵਿੱਚ 23, ਆਦਮਪੁਰ ਵਿੱਚ 58 ਅਤੇ ਨਕੋਦਰ ਵਿੱਚ 17 ਮਾਡਲ ਖੇਡ ਮੈਦਾਨ ਬਣਾਏ ਜਾਣਗੇ, ਜਿਨ੍ਹਾਂ ’ਤੇ 1 ਕਰੋੜ 74 ਲੱਖ ਰੁਪਏ ਮਗਨਰੇਗਾ ਅਤੇ 1 ਕਰੋੜ 44 ਲੱਖ 86 ਹਜ਼ਾਰ ਰੁਪਏ ਹੋਰ ਫੰਡਜ਼ ਵਿੱਚੋਂ ਖਰਚ ਕੀਤੇ ਜਾਣਗੇ।
ਜ਼ਿਲ੍ਹੇ ਵਿੱਚ ਪਹਿਲੇ ਪੜਾਅ ਵਿੱਚ 98 ਮਾਡਲ ਖੇਡ ਮੈਦਾਨ ਬਣਾਏ ਜਾ ਰਹੇ ਹਨ
ਡਾ. ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਖੇਡ ਮੈਦਾਨਾਂ ਨੂੰ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਸ ਪਹਿਲਕਦਮੀ ਨਾਲ ਜਿਥੇ ਨੌਜਵਾਨ ਖੇਡਾਂ ਵੱਲ ਉਤਸ਼ਾਹਿਤ ਹੋਣਗੇ, ਉਥੇ ਉੱਭਰਦੇ ਖਿਡਾਰੀਆਂ ਨੂੰ ਯੋਗ ਮੰਚ ਵੀ ਮਿਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਖੇਡਾਂ ਮੈਦਾਨਾਂ ਵਿੱਚ ਉਸ ਖੇਡ ਨੂੰ ਵਿਸ਼ੇਸ਼ ਤੌਰ ְ’ਤੇ ਪ੍ਰਫੁੱਲਿਤ ਕੀਤਾ ਜਾਵੇਗਾ, ਜੋ ਉਕਤ ਇਲਾਕੇ/ਪਿੰਡ ਦੇ ਬੱਚਿਆਂ ਵੱਲੋਂ ਖੇਡੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲੇ ਪੜਾਅ ਵਿੱਚ 98 ਮਾਡਲ ਖੇਡ ਮੈਦਾਨ ਬਣਾਏ ਜਾ ਰਹੇ ਹਨ ਅਤੇ ਅਗਲੇ ਪੜਾਅ ਵਿੱਚ ਹੋਰ ਖੇਡ ਮੈਦਾਨਾਂ ਦੇ ਨਿਰਮਾਣ ਲਈ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਪ੍ਰਕਿਰਿਆ ਸ਼ੁਰੂ ਕਰਨ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ 2.40 ਕਰੋੜ ਰੁਪਏ ਦੀ ਲਾਗਤ ਨਾਲ 107 ਪਾਰਕ ਵੀ ਬਣਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਬਲਾਕ ਲੋਹੀਆਂ ਵਿੱਚ 9, ਮਹਿਤਪੁਰ ਵਿੱਚ 6, ਆਦਮਪੁਰ ਵਿੱਚ 59, ਸ਼ਾਹਕੋਟ ਵਿੱਚ 15 ਅਤੇ ਨੂਰਮਹਿਲ ਵਿੱਚ 18 ਪਾਰਕਾਂ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਰਕਾਂ ’ਤੇ 82 ਲੱਖ 89 ਹਜ਼ਾਰ ਰੁਪਏ ਮਗਨਰੇਗਾ ਅਤੇ 1 ਕਰੋੜ 57 ਲੱਖ 10 ਹਜ਼ਾਰ ਰੁਪਏ ਹੋਰ ਫੰਡਜ਼ ਵਿੱਚੋਂ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਕਾਂ ਦੇ ਬਣਨ ਨਾਲ ਲੋਕਾਂ ਨੂੰ ਸੈਰ ਕਰਨ ਦੀ ਸਹੂਲਤ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਮਾਡਲ ਖੇਡ ਮੈਦਾਨਾਂ ਅਤੇ ਪਾਰਕਾਂ ਦੇ ਨਿਰਮਾਣ ਰਾਹੀਂ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਜ਼ਰੀਏ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਰੰਟੀ ਯੋਜਨਾ ਤਹਿਤ 40 ਹਜ਼ਾਰ ਤੋਂ ਵੱਧ ਮੈਨਡੇਜ਼ ਜਨਰੇਟ ਹੋਣਗੇ, ਜਿਸ ਨਾਲ ਪਿੰਡਾਂ ਦੇ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ।