ਜਲੰਧਰ ਕਮਿਸ਼ਨਰੇਟ ਪੁਲਿਸ ਨੇ 2 ਹਫ਼ਤਿਆਂ ਦੇ ਚੱਲੇ ਆਪ੍ਰੇਸ਼ਨ ਦੌਰਾਨ ਹਥਿਆਰਾਂ ਦੇ ਅੰਤਰਰਾਜੀ ਗੈਂਗ ਦਾ ਕੀਤਾ ਪਰਦਾਫਾਸ਼

0
16
ਜਲੰਧਰ ਕਮਿਸ਼ਨਰੇਟ ਪੁਲਿਸ

18 ਹਥਿਆਰ, 66 ਕਾਰਤੂਸ ਅਤੇ 1.1 ਕਿਲੋ ਹੈਰੋਇਨ ਸਮੇਤ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ

17 ਬਦਨਾਮ ਅਪਰਾਧੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਦੇ ਖਿਲਾਫ 38 ਤੋਂ ਵੱਧ ਅਪਰਾਧਿਕ ਕੇਸ ਦਰਜ ਹਨ

ਜਲੰਧਰ 22 ਸਤੰਬਰ (ਸੁਨੀਲ ਕਪੂਰ)- ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੋ ਹਫ਼ਤਿਆਂ ਤੋਂ ਚੱਲੇ ਇੱਕ ਵੱਡੇ ਆਪ੍ਰੇਸ਼ਨ ਦੌਰਾਨ ਹਥਿਆਰਾਂ ਦੇ ਵਪਾਰ ਵਿੱਚ ਸ਼ਾਮਲ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਦੋ ਹਫ਼ਤਿਆਂ ਤੱਕ ਚੱਲੇ ਆਪ੍ਰੇਸ਼ਨ ਦੌਰਾਨ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ 17 ਖ਼ਤਰਨਾਕ ਅਪਰਾਧੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਖਤਰਨਾਕ ਅਪਰਾਧੀ ਕਨੂੰ ਗੁੱਜਰ, ਇੱਕ ਬਦਨਾਮ ਗੈਂਗਸਟਰ ਅਤੇ ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਅਤੇ ਹੋਰ ਸ਼ਾਮਲ ਹਨ। ਫੜੇ ਗਏ ਇਨ੍ਹਾਂ ਦੋਸ਼ੀਆਂ ਵਿਰੁੱਧ 38 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ ਜੋ ਸਮਾਜ ਲਈ ਗੰਭੀਰ ਖਤਰਾ ਬਣ ਰਹੇ ਸਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਇਹਨਾਂ ਕੱਟੜ ਅਪਰਾਧੀਆਂ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਰਾਮਦਗੀ ਵਿੱਚ 18 ਹਥਿਆਰ, 66 ਕਾਰਤੂਸ ਅਤੇ 1.1 ਕਿਲੋ ਹੈਰੋਇਨ ਸ਼ਾਮਲ ਹੈ, ਜੋ ਕਿ ਕਮਿਸ਼ਨਰੇਟ ਪੁਲਿਸ ਦੇ ਠੋਸ ਯਤਨਾਂ ਦਾ ਨਤੀਜਾ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਇਕੋ ਨੁਕਾਤੀ ਏਜੰਡਾ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਰੀੜ੍ਹ ਦੀ ਹੱਡੀ ਤੋੜਨਾ ਹੈ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਪਰਾਧੀਆਂ ਨੂੰ ਨਕੇਲ ਪਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ ਜਿਸ ਦਾ ਨਤੀਜਾ ਜਲਦੀ ਹੀ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਕੱਟੜ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਡੱਕਣ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਪੁਲਿਸਿੰਗ ਰਾਹੀਂ ਅਪਰਾਧ ਖਾਸ ਕਰਕੇ ਸੰਗਠਿਤ ਅਪਰਾਧਾਂ ਵਿਰੁੱਧ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY