ਲੋਕ ਹਿਤੈਸ਼ੀ ਕਾਫ਼ਲਾ ਫਗਵਾੜਾ ਵਲੋਂ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

0
20
ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ

ਫ਼ਗਵਾੜਾ 29 ਸਤੰਬਰ (ਨੀਤੂ ਕਪੂਰ)- ਲੋਕ ਹਿਤੈਸ਼ੀ ਕਾਫ਼ਲਾ ਫਗਵਾੜਾ ਦੇ ਸਾਥੀਆਂ ਤੇ ਹਮਦਰਦਾਂ ਵਲੋਂ ਟਾਊਨ ਹਾਲ ਫਗਵਾੜਾ ਦੇ ਪਾਰਕ ਵਿੱਚ ਇਕੱਠੇ ਹੋ ਕੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦਾ 118 ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਸਮੇਂ ਸੁਖਦੇਵ ਸਿੰਘ ਫ਼ਗਵਾੜਾ, ਜਸਵਿੰਦਰ ਸਿੰਘ ਫਗਵਾੜਾ, ਗੁਰਮੁਖ ਲੋਕ ਪ੍ਰੇਮੀ, ਪ੍ਰੋਫੈਸਰ ਜਸਕਰਨ, ਹਰਚਰਨ ਭਾਰਤੀ ਅਤੇ ਕੁਲਦੀਪ ਸਿੰਘ ਕੌੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ.ਭਗਤ ਸਿੰਘ…ਨਾ ਰੰਗ, ਨਾ ਨਸਲ, ਨਾ ਜਾਤ, ਨਾ ਧਰਮ, ਨਾ ਪੱਗ, ਨਾ ਟੋਪ ਹੈ, ਬਲਕਿ ਭਗਤ ਸਿੰਘ ਕਿਰਤ ਕਰਨ ਵਾਲੇ ਲੋਕਾਂ ਦੀ ਮੁਕਤੀ ਅਤੇ ਬਰਾਬਰਤਾ ਲਈ ਨਿਗਰ ਅਤੇ ਉਸਾਰੂ ਸੋਚ ਦੀ ਇਨਕਲਾਬੀ ਵਿਚਾਰਧਾਰਾ ਦਾ ਨਾਮ ਹੈ।ਹਾਕਮ ਵਰਗ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਵਿੱਚ ਰੋਲ ਘਚੋਲਾ ਖੜ੍ਹਾ ਕਰਕੇ ਉਸ ਨੂੰ ਸਿਰਫ਼ ਬਹਾਦਰ ਤੇ ਅਜ਼ਾਦੀ ਘੁਲਾਟੀਆ ਤੱਕ ਸੀਮਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਜਦ ਕਿ ਭਗਤ ਸਿੰਘ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਲਈ ਸ਼ਾਨਾਮੱਤਾ ਤੇ ਮਨੁੱਖ ਹਿਤੈਸ਼ੀ ਵਿਗਿਆਨਕ ਰਾਹ ਹੈ।

ਹਾਕਮ ਵਰਗ ਦੇ ਸੇਵਾਦਾਰ ਕੁੱਝ ਮੌਕਾ ਪ੍ਰਸਤ ਫਿਰਕੂ ਸਿਆਸਤ ਕਰਨ ਵਾਲੇ ਅਨਸਰਾਂ ਵੱਲੋਂ ਭਗਤ ਸਿੰਘ ਨੂੰ ਜਾਤਾਂ ਪਾਤਾਂ, ਧਰਮਾਂ, ਗੋਤਾਂ ਅਤੇ ਫਿਰਕਿਆਂ ਨਾਲ ਸੰਬੰਧਿਤ ਕਰਦੇ ਹੋਏ, ਉਸ ਵਲੋਂ ਮਜ਼ਦੂਰ ਵਰਗ ਦੀ ਅਸਲ ਆਜ਼ਾਦੀ ਲਈ ਦਿੱਤੀ ਅਦੁੱਤੀ ਅਤੇ ਮਹਾਨ ਕੁਰਬਾਨੀ ਨੂੰ ਛੋਟਾ ਕਰਕੇ ਦਿਖਾਉਣ ਦੀਆਂ ਗੁੱਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਸ.ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਸੁਪਨਿਆਂ ਦੀ ਆਜ਼ਾਦੀ ਅਜੇ ਵੀ ਨਹੀਂ ਆਈ ਕਿਉਂਕਿ ਅੰਗਰੇਜ਼ ਲੁਟੇਰਿਆਂ ਦੀ ਥਾਂ ਤੇ ਕਾਬਜ਼ ਹੋਇਆ ਦੇਸੀ ਲੁਟੇਰਾ ਵਰਗ ਮਜ਼ਦੂਰ ਵਰਗ ਨੂੰ ਹਰ ਪੱਖੋਂ ਨਪੀੜ ਰਿਹਾ ਹੈ ,ਜੋ ਉਦਾਰੀਕਰਨ ਸੰਸਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਤੇ ਚੱਲਦੇ ਹੋਏ ਲੁਟੇਰੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ, ਉਹਨਾਂ ਨੂੰ ਬੇਸ਼ਕੀਮਤੀ ਲਾਭ ਦੇਣ ਲਈ ਨੀਤੀਆਂ ਬਣਾ ਕੇ ਕਿਰਤੀ ਵਰਗ ਨੂੰ ਬੇਹੱਦ ਮਾੜੇ ਹਾਲਾਤਾਂ ਵਿੱਚ ਧੱਕ ਰਿਹਾ ਹੈ। ਜਿਸ ਦੀ ਉਦਾਹਰਨ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ 08 ਘੰਟੇ ਦੇ ਦਿਹਾੜੀ 12 ਘੰਟੇ ਕਰਨਾ ਅਤੇ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਜਥੇਬੰਦੀ ਬਣਾ ਕੇ ਸੰਘਰਸ਼ ਕਰਨ ਦਾ ਹੱਕ ਵੀ ਖੋਹ ਲਿਆ ਗਿਆ ਹੈ।

ਬੁਲਾਰਿਆਂ ਨੇ ਸਮੂਹ ਅਗਾਂਹ ਵਧੂ ਸਾਥੀਆਂ ਨੂੰ ਸ.ਭਗਤ ਸਿੰਘ ਦੀ ਵਿਚਾਰਧਾਰਾ ਨੂੰ ਵਧੀਆ ਢੰਗ ਨਾਲ ਆਪਣੀ ਜ਼ਿੰਦਗੀ ਵਿੱਚ ਅਪਨਾਉਣ ਅਤੇ ਲਾਗੂ ਕਰਦੇ ਹੋਏ ਹੋਰ ਵਰਗਾਂ ਦੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਲਾਮਬੰਦ ਕਰਨ ਦਾ ਸੁਨੇਹਾ ਦਿੱਤਾ ਤਾਂ ਜੋ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਸੁਪਨਿਆਂ ਦਾ ਸਮਾਜਵਾਦੀ ਪ੍ਰਬੰਧ ਸਿਰਜਣ ਲਈ ਸੰਘਰਸ਼ਾਂ ਨੂੰ ਤਿੱਖਾ ਰੂਪ ਦਿੱਤਾ ਜਾ ਸਕੇ।ਇਹੋ ਹੀ ਉਹਨਾਂ ਨੂੰ ਸੱਚਾ ਸੁੱਚਾ ਯਾਦ ਕਰਨ ਅਤੇ ਸਦਾ ਸਦਾ ਲਈ ਆਪਣੇ ਹਿਰਦਿਆਂ ਵਿੱਚ ਵਸਾਉਣ ਦਾ ਵਸੀਲਾ ਹੋ ਸਕਦਾ ਹੈ।ਇਸ ਸਮੇਂ ਸੁਖਦੇਵ ਸਿੰਘ ਗੰਢਵਾਂ,ਸੀਤਲ ਰਾਮ ਬੰਗਾ, ਹਰਚਰਨ ਭਾਰਤੀ, ਮਨੋਜ ਫ਼ਗਵਾੜਵੀ ਨੇ ਇੰਨਕਲਾਬੀ ਕਵਿਤਾਵਾਂ ਬੋਲ ਕੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮੋਹਣ ਸਿੰਘ ਭੱਟੀ , ਕਾਮਰੇਡ ਜਗੀਰ ਸਿੰਘ, ਦਲਜੀਤ ਸਿੰਘ, ਰਾਮ ਰੂਪ, ਕੁਲਵੰਤ ਸਿੰਘ ਬਾਸੀ, ਪ੍ਰੇਮ ਖਲਵਾੜਾ, ਪਰਮਿੰਦਰ ਸਿੰਘ, ਲਸ਼ਕਰ ਸਿੰਘ, ਭੁਪਿੰਦਰ ਸਿੰਘ ਮਾਹੀ, ਮਾ ਮਲਕੀਤ ਸਿੰਘ, ਬਲਬੀਰ ਸਿੰਘ ਭੁਲਾਰਾਈ, ਸੁਦੇਸ਼ ਕੁਮਾਰ ਮੱਟੂ , ਰਜੇਸ਼ ਬੋਬੀ, ਸੋਨੂ, ਸੁਰਿੰਦਰ, ਮਹਿੰਦਰ ਪਾਲ ਇੰਦਨਾ , ਸੁਰਿੰਦਰਪਾਲ ਦੁਸਾਂਝ, ਆਸਮਾ , ਲਖਵੀਰ ਸਿੰਘ ਮਾਹੀ ਆਦਿ ਸਾਥੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਟੇਜ ਸਕੱਤਰ ਦੀ ਭੂਮਿਕਾ ਸਾਥੀ ਅਵਿਨਾਸ਼ ਹਰਦਾਸਪੁਰ ਨੇ ਨਿਭਾਈ।

LEAVE A REPLY