
ਜਲੰਧਰ 28 ਦਸੰਬਰ (ਨੀਤੂ ਕਪੂਰ)- ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਹੇਠ ਫ੍ਰੈਸ਼ਰ ਪਾਰਟੀ ਸਪਾਰਕਲ 2024 ਦਾ ਆਯੋਜਨ ਕੀਤਾ ਗਿਆ। ਸਾਰੇ ਪ੍ਰੋਗਰਾਮ ਦਾ ਆਯੋਜਨ ਡਾ. ਸੀਮਾ ਮਰਵਾਹਾ ਡੀਨ ਅਕਾਦਮਿਕ ਅਤੇ ਸਕੂਲ ਕੋਆਰਡੀਨੇਟਰ, ਸਕੂਲ ਕੋ-ਕੋਆਰਡੀਨੇਟਰ ਸ਼੍ਰੀਮਤੀ ਅਰਵਿੰਦਰ ਕੌਰ ਅਤੇ ਡਾ. ਉਰਵਸ਼ੀ ਮਿਸ਼ਰਾ, ਡੀਨ ਸਟੂਡੈਂਟ ਕੌਂਸਲ ਦੀ ਦੇਖਰੇਖ ਹੇਠ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦਾ ਸਵਾਗਤ ਮੰਗਲ ਤਿਲਕ ਲਗਾ ਕੇ ਅਤੇ ਗ੍ਰੀਨ ਪਲਾਂਟਰ ਭੇਂਟ ਕਰਕੇ ਕੀਤਾ ਗਿਆ। ਪ੍ਰਿੰਸੀਪਲ ਡਾ. ਸਰੀਨ ਨੇ ਪ੍ਰੋਗਰਾਮ ਦੇ ਕੋਆਰਡੀਨੇਟਰ ਅਤੇ ਉਨਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇੰਨੀ ਊਰਜਾ ਨਾਲ ਭਰਪੂਰ ਹੈ ਕਿ ਇਹ ਆਪਣੀ ਚਮਕ ਨਾਲ ਮਹਾਤਮਾ ਹੰਸਰਾਜ ਦੀ ਸੰਸਥਾ ਨੂੰ ਚਮਕਾ ਰਿਹਾ ਹੈ। ਉਨਾਂ ਕਿਹਾ ਕਿ ਸਮਾਜ ਵਿੱਚ ਬਦਲਾਅ ਲਿਆਉਣ ਲਈ ਇਸਤਰੀ ਤੇ ਪੁਰਸ਼ ਦੋਨਾਂ ਦਾ ਹੀ ਪੂਰਾ-ਪੂਰਾ ਸਹਿਯੋਗ ਹੈ।
ਮਹਾਤਮਾ ਹੰਸਰਾਜ ਜੀ ਮੰਨਦੇ ਸੀ ਕਿ ਸਮਾਜ ਵਿੱਚ ਪਰਿਵਰਤਨ ਲਿਆਉਣ ਲਈ ਇਸਤਰੀ ਦਾ ਸਿੱਖਿਅਕ ਹੋਣਾ ਬਹੁਤ ਜਰੂਰੀ ਹੈ। ਇਸਤਰੀ ਵਿੱਚ ਇੰਨੀ ਕਾਬਲੀਅਤ ਹੈ ਕਿ ਉਹ ਹਰ ਖੇਤਰ ਵਿੱਚ ਯੋਗਦਾਨ ਦੇ ਕੇ ਸਮਾਜ ਵਿੱਚ ਬਦਲਾਅ ਲਿਆ ਸਕਦੀ ਹੈ। ਉਨਾਂ ਕਿਹਾ ਕਿ ਅਸੀਂ ਸਾਰੇ ਪਰਮਾਤਮਾ ਤੋਂ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਉਹ ਸਾਨੂੰ ਅਜਿਹੀ ਬੁੱਧੀ ਪ੍ਰਦਾਨ ਕਰਨ ਕਿ ਅਸੀਂ ਸਹੀ-ਗਲਤ ਦਾ ਅੰਤਰ ਸਮਝ ਸਕੀਏ ਅਤੇ ਨੈਤਿਕ ਮੁੱਲਾਂ ਅਤੇ ਸੰਸਕਾਰਾਂ ਨੂੰ ਅਪਨਾਉਂਦੇ ਹੋਏ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਕੇ ਆਪਣੇ ਮਾਤਾ-ਪਿਤਾ, ਅਧਿਆਪਕਾਂ, ਸੰਸਥਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕੀਏ। ਇਸ ਮੌਕੇ ਮਾਡਲਿੰਗ ਰਾਊਂਡ ਵੀ ਕਰਵਾਏ ਗਏ।
ਇਸਦੇ ਨਾਲ ਹੀ ਡਾਂਸ, ਗਿੱਧਾ, ਭੰਗੜਾ, ਗੇਮਜ਼, ਗੀਤ ਵੀ ਪੇਸ਼ ਕੀਤੇ ਗਏ। ਜੱਜਾਂ ਦੀ ਭੂਮਿਕਾ ਸ਼੍ਰੀਮਤੀ ਨਵਰੂਪ ਕੌਰ ਡੀਨ ਯੂਥ ਵੈਲਫੇਅਰ ਅਤੇ ਪੰਜਾਬੀ ਵਿਭਾਗ ਮੁਖੀ, ਡਾ. ਅੰਜਨਾ ਭਾਟੀਆ, ਡੀਨ ਇਨੋਵੇਸ਼ਨ ਐਂਡ ਰਿਸਰਚ ਅਤੇ ਬਾੱਟਨੀ ਵਿਭਾਗ ਮੁਖੀ, ਡਾ. ਰਾਖੀ ਮਹਿਤਾ, ਬੈਚਲਰ ਆਫ ਡਿਜਾਈਨ ਵਿਭਾਗ ਮੁਖੀ ਵੱਲੋਂ ਨਿਭਾਈ ਗਈ। ਮਾਡਲਿੰਗ ਅਧੀਨ ਇਕਰੂਪ ਕੌਰ ਮਿਸ ਫ੍ਰੈਸ਼ਰ, ਇਸ਼ਿਕਾ ਮਹਾਜਨ ਫਸਟ ਰਨਰਅੱਪ, ਭਾਵਨਾ ਸੈਕੰਡ ਰਨਰਅੱਪ, ਬਲਜੀਤ ਮਿਸ ਆਰਟਸੀ, ਅਮਨਦੀਪ ਕੌਰ ਮਿਸ ਬਿਜ, ਸਨੇਹਪ੍ਰੀਤ ਕੌਰ ਮਿਸ ਟੈਕ ਚੁਣੇ ਗਏ।
ਪ੍ਰਿੰਸੀਪਲ ਡਾ. ਸਰੀਨ ਨੇ ਵਿਜੇਤਾ ਵਿਦਿਆਰਥਣਾਂ ਨੂੰ ਇਨਾਮ, ਤਾਜ ਅਤੇ ਪਲਾਂਟਰ ਭੇਂਟ ਕੀਤੇ। ਸ਼੍ਰੀਮਤੀ ਰੇਣੂ ਵਾਲੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਕੋ-ਇੰਚਾਰਜ ਸ਼੍ਰੀਮਤੀ ਰੇਣੂ ਵਾਲੀਆ ਅਤੇ ਸ਼੍ਰੀਮਤੀ ਅਨੁਰਾਧਾ ਠਾਕੁਰ ਰਹੇ। ਮੰਚ ਸੰਚਾਲਨ ਸੁਸ਼੍ਰੀ ਰਸ਼ਮੀ ਸੇਠੀ ਅਤੇ ਸੁਸ਼੍ਰੀ ਸੁਕ੍ਰਿਤੀ ਦੀ ਦੇਖਰੇਖ ਹੇਠ ਅਰਸ਼ਦੀਪ ਕੌਰ, ਦੀਪਨਪ੍ਰੀਤ, ਸਾਕਸ਼ੀ ਅਤੇ ਦੀਕਸ਼ਾ ਵੱਲੋਂ ਕੀਤਾ ਗਿਆ।



























