* ਕਾਰੋਬਾਰੀ ਅਦਾਰੇ ਦੁਕਾਨਾਂ ਪੈਟਰੋਲ ਪੰਪ ਵਪਾਰਕ ਅਤੇ ਵਿਦਿਅਕ ਸੰਸਥਾਨ ਰਹੇ ਬੰਦ
• ਕਿਸਾਨ ਮਜ਼ਦੂਰ ਸੰਗਠਨਾ ਨੇ ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਦਿੱਤਾ ਪੂਰਨ ਸਮਰਥਨ
ਹੁਸ਼ਿਆਰਪੁਰ, 30 ਦਸੰਬਰ (ਤਰਸੇਮ ਦੀਵਾਨਾ ) ਕੇਂਦਰ ਦੀ ਭਾਜਪਾ ਅਤੇ ਸੂਬਾਈ ਸਰਕਾਰਾਂ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਮੰਨਣ ਵਿੱਚ ਲੰਮਾ ਸਮਾਂ ਲਟਕਾਈ ਰੱਖਣ ਦੇ ਵਿਰੋਧ ਵਿੱਚ ਅਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸੋਮਵਾਰ ਨੂੰ ਹੁਸ਼ਿਆਰਪੁਰ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਜਿਸ ਦੌਰਾਨ ਸਾਰੇ ਕਾਰੋਬਾਰੀ ਅਦਾਰੇ, ਦੁਕਾਨਾਂ,ਪੈਟਰੋਲ ਪੰਪ, ਵਪਾਰਕ ਅਤੇ ਵਿਦਿਅਕ ਸੰਸਥਾਨ ਬੰਦ ਰਹੇ| ਇਸ ਦੇ ਨਾਲ ਹੀ ਸਰਕਾਰੀ ਅਤੇ ਨਿਜੀ ਟਰਾਂਸਪੋਰਟ ਸੇਵਾਵਾਂ ਵੀ ਬੰਦ ਰਹੀਆਂ | ਪੰਜਾਬ ਬੰਦ ਦੌਰਾਨ ਆਮ ਲੋਕਾਂ ਨੇ ਸਵੈਇਛਾ ਦੇ ਨਾਲ ਦੁਕਾਨਾਂ ਬੰਦ ਰੱਖੀਆਂ ਪ੍ਰੰਤੂ ਕਾਰਪੋਰੇਟ ਅਦਾਰੇ , ਇੰਸੂਰੈਂਸ ਕੰਪਨੀਆਂ, ਬੈੰਕਾਂ ਨੇ ਆਪਣੇ ਦਫਤਰ ਖੁੱਲੇ ਰੱਖੇ ਜਿਨਾਂ ਨੂੰ ਹੜਤਾਲੀ ਨੌਜਵਾਨਾਂ ਨੇ ਸ਼ਾਂਤਮਈ ਢੰਗ ਨਾਲ ਬੰਦ ਕਰਵਾ ਦਿੱਤਾ | ਬੰਦ ਦੌਰਾਨ ਜਰਨੈਲੀ ਅਤੇ ਲਿੰਕ ਸੜਕਾਂ ਤੇ ਵੀ ਟਾਵਾਂ ਟਾਵਾਂ ਵਾਹਨਾਂ ਦੀ ਆਵਾਜਾਈ ਦੇਖੀ ਗਈ|
ਹੁਸ਼ਿਆਰਪੁਰ ਸ਼ਹਿਰ ਦੇ ਫਗਵਾੜਾ ਰੋਡ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੌਂਕ ਪੁਰਹੀਰਾਂ ਬਾਈਪਾਸ ਤੇ ਕਿਰਤੀ ਕਿਸਾਨ ਯੂਨੀਅਨ ਅਤੇ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਆਗੂਆਂ ਨੇ ਟੈਂਟ ਲਗਾ ਕੇ ਸਵੇਰ ਤੋਂ ਹੀ ਧਰਨਾ ਸ਼ੁਰੂ ਕਰ ਦਿੱਤਾ ਤੇ ਆਵਾਜਾਈ ਬੰਦ ਕਰ ਦਿੱਤੀ| ਇਸ ਤੋਂ ਇਲਾਵਾ ਸਿੰਗੜੀ ਵਾਲਾ ਬਾਈਪਾਸ ਜਲੰਧਰ ਰੋਡ ਅਤੇ ਹੁਸ਼ਿਆਰਪੁਰ ਧਰਮਸ਼ਾਲਾ ਮਾਰਗ ‘ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਚੌਂਕ ਨਲੋਈਆਂ ਅਤੇ ਮੁਲਾਜ਼ਮ, ਮਜ਼ਦੂਰ ਤੇ ਕਿਰਤੀ ਕਿਸਾਨ ਜਥੇਬੰਦੀਆਂ ਨੇ ਆਵਾਜਾਈ ਜਾਮ ਕਰਦਿਆਂ ਧਰਨਾ ਲਾਇਆ| ਇਹਨਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਇਸ ਸਰਕਾਰ ਦੇ ਲਗਭਗ 10 ਸਾਲ ਦੇ ਰਾਜ ਭਾਗ ਦੌਰਾਨ ਆਮ ਲੋਕਾਂ, ਮੁਲਾਜ਼ਮਾਂ, ਮਜ਼ਦੂਰਾਂ, ਕਿਰਤੀ ਲੋਕਾਂ ਦੀ ਲੁੱਟ ਕਰਨ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ , ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਹਜ਼ਾਰਾਂ ਕਰੋੜ ਦੇ ਕਰਜੇ ਮਾਫ ਕੀਤੇ ਗਏ ਹਨ ਤੇ ਪਬਲਿਕ ਸੈਕਟਰ ਨੂੰ ਤਬਾਹ ਕਰਨ ਤੇ ਸਰਕਾਰੀ ਸੰਪਤੀਆਂ ਵੇਚ ਕੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਉਤਸਾਹਿਤ ਕਰਨ ਲਈ ਬਹੁਤ ਤੇਜ਼ੀ ਨਾਲ ਕਦਮ ਪੁੱਟੇ ਗਏ ਹਨ , ਕਾਰਪੇਰੇਟ ਘਰਾਣਿਆਂ ਦੇ ਦਬਾਅ ਹੇਠ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇਣ ਅਤੇ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਮੋਦੀ ਸਰਕਾਰ ਪੂਰੀ ਤਰਾਂ ਇਨਕਾਰੀ ਹੋਈ ਬੈਠੀ ਹੈ ਤੇ ਮੋਦੀ ਸਰਕਾਰ ਗੱਲੀ ਬਾਤੀ ਮਸਲੇ ਨੂੰ ਹੋਰ ਲਮਕਾ ਰਹੀ ਹੈ , ਕਿਸਾਨੀ ਅੰਦੋਲਨ ਨੂੰ ਦਬਾਉਣ ਲਈ ਗੈਰ ਲੋਕਤੰਤਰੀ ਢੰਗ ਤਰੀਕੇ ਵਰਤੇ ਜਾ ਰਹੇ ਹਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੋਂ ਪੂਰੀ ਤਰ੍ਹਾਂ ਟਾਲਾ ਵੱਟਕੇ ਰੱਖਿਆ ਹੋਇਆ ਹੈ, ਆਸ਼ਾ ਵਰਕਰਾਂ , ਮਿਡ ਡੇਅ ਮੀਲ ਵਰਕਰਾਂ, ਆਂਗਨਵਾੜੀ ਵਰਕਰਾਂ , ਠੇਕੇਦਾਰੀ ਪ੍ਰਣਾਲੀ ਅਤੇ ਆਊਟ ਸੋਰਸ ਅਧੀਨ ਮੁਲਾਜ਼ਮਾਂ ਦੀ ਭਰਤੀ ਕਰਕੇ ਵੱਡੇ ਪੱਧਰ ਤੇ ਆਰਥਿਕ ਸ਼ੋਸ਼ਣ ਕੀਤਾ ਗਿਆ ਹੈ, ਅੱਠਵੇਂ ਵੇਤਨ ਅਯੋਗ ਦੀ ਸਥਾਪਨਾ ਨਹੀਂ ਕੀਤੀ ਜਾ ਰਹੀ , ਇਸ ਤੋਂ ਇਲਾਵਾ ਇਹ ਹੜਤਾਲ ਰੈਗੂਲਰ ਨਿਯੁਕਤੀਆਂ ਪੂਰੇ ਗਰੇਡਾਂ ਵਿੱਚ ਚਾਲੂ ਕਰਵਾਉ ,ਹਿੱਟ ਐਂਡ ਰਨ-ਕਾਲਾ ਕਾਨੂੰਨ ਰੱਦ ਕਰਵਾਉਣ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਲੋਕ ਵਿਰੋਧੀ ਸੋਧਾਂ ਤੁਰੰਤ ਰੱਦ ਕਰਵਾਉਣ ਅਤੇ ਟਰੇਡ ਯੂਨੀਅਨ ਅਧਿਕਾਰਾਂ ਨੂੰ ਬਹਾਲ ਕਰਵਾਉਣ ਆਦਿ ਮੁੱਦਿਆਂ ਨੂੰ ਲੈਕੇ ਇਹ ਪੰਜਾਬ ਬੰਦ ਦੀ ਕੱਲ ਦਿੱਤੀ ਗਈ ਹੈ ।
ਵੱਖ ਵੱਖ ਬੁਲਾਰਿਆਂ ਨੇ ਇਸ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸਮੂਹ ਲੋਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਭਾਰਤ ਬੰਦ ਕਾਰਪਰੇਟ ਘਰਾਣਿਆਂ ਦੀ ਕਠਪੁਤਲੀ ਬਣੀ ਮੋਦੀ ਸਰਕਾਰ ਦੇ ਕਫ਼ਨ ਵਿੱਚ ਆਖਰੀ ਕਿੱਲ ਸਾਬਿਤ ਹੋਵੇਗਾ । ਇਹਨਾਂ ਵੱਖ-ਵੱਖ ਧਰਨਿਆਂ ਵਿੱਚ ਗੁਰਨਾਮ ਸਿੰਘ ਸਿੰਗੜੀਵਾਲਾ, ਮਨਜੀਤ ਸਿੰਘ ਰਾਏ, ਸਰਪੰਚ ਚਰਨ ਵਰਿੰਦਰ ਸਿੰਘ ਸਿੰਗੜੀਵਾਲਾ, ਜਗਤਾਰ ਸਿੰਘ ਭਿੰਡਰ, ਸੁਖਪਾਲ ਸਿੰਘ ਕਾਹਰੀ, ਮੰਗਲ ਸਿੰਘ ਹੁਸ਼ਿਆਰਪੁਰ,ਸਤਨਾਮ ਸਿੰਘ ਗਿੱਲ,ਸੁਖਦੇਵ ਸਿੰਘ ਕਾਹਰੀ ਬਲਜੀਤ ਸਿੰਘ ਬੱਡੋ, ਰਾਜੂ ਭਾਮ ਸਮੇਤ ਵੱਖ-ਵੱਖ ਕਿਸਾਨ, ਮੁਲਾਜ਼ਮ,ਕਿਰਤੀ ਅਤੇ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਸ਼ਾਮਿਲ ਹੋਏ|