
ਜਲੰਧਰ 22 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਲਗਾਤਾਰਤਾ ਵਿੱਚ ਫੂਡ ਸੇਫ਼ਟੀ ਅਧਿਕਾਰੀਆਂ ਦੀ ਟੀਮ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਅਦਾਰਿਆਂ ਦੀ ਚੈਕਿੰਗ ਕੀਤੀ ਗਈ।
ਕਮਿਸ਼ਨਰ ਫੂਡ ਸੇਫ਼ਟੀ ਪੰਜਾਬ ਅਭਿਨਵ ਤ੍ਰਿਖਾ ਦੀਆਂ ਹਦਾਇਤਾਂ ’ਤੇ ਸਹਾਇਕ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਮਾਡਲ ਟਾਊਨ, ਨਿਊ ਜਵਾਹਰ ਨਗਰ ਅਤੇ ਬਸਤੀ ਪੀਰ ਦਾਦ ਰੋਡ ਇਲਾਕੇ ਵਿੱਚ ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਵੱਖ-ਵੱਖ ਅਦਾਰਿਆਂ ਦਾ ਨਿਰੀਖਣ ਕਰਕੇ ਤਿਆਰ ਕੀਤੇ ਮਟਨ, ਬਟਰ ਟੋਫੀਜ਼ ਅਤੇ ਮੈਦੇ ਦੇ 3 ਨਮੂਨੇ ਭਰੇ ਗਏ। ਟੀਮ ਵਿੱਚ ਫੂਡ ਸੇਫ਼ਟੀ ਅਫ਼ਸਰ ਮੁਕੁਲ ਗਿੱਲ ਵੀ ਸ਼ਾਮਲ ਸਨ।
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਮਿਲਾਵਟ ਅਤੇ ਗੁਣਵੱਤਾ ਮਾਪਦੰਡਾਂ ਦੀ ਜਾਂਚ ਲਈ ਭਰੇ ਗਏ ਸੈਂਪਲਾਂ ਦੀ ਟੈਸਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੈਕਿੰਗਾਂ ਦਾ ਉਦੇਸ਼ ਖਾਧ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਤੋਂ ਇਲਾਵਾ ਇਹ ਯਕੀਨੀ ਬਣਾਉਣਾ ਹੈ ਕਿ ਖਪਤਕਾਰਾਂ ਨੂੰ ਸੁਰੱਖਿਅਤ ਤੇ ਗੁਣਵੱਤਾ ਭਰਪੂਰ ਭੋਜਨ ਉਤਪਾਦ ਮਿਲਣ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ।
ਉਨ੍ਹਾਂ ਖਾਣ-ਪੀਣ ਵਾਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਖ਼ਪਤਕਾਰਾਂ ਦੀ ਸੁਰੱਖਿਆ ਲਈ ਸਾਫ਼-ਸੁਥਰੇ ਅਤੇ ਗੁਣਵੱਤਾ ਭਰਪੂਰ ਭੋਜਨ ਪਦਾਰਥ ਹੀ ਤਿਆਰ ਕਰਨ ਅਤੇ ਵੇਚਣ ਦੀ ਹਦਾਇਤ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਨੂੰ ਖਾਣ-ਪੀਣ ਵਾਲੇ ਪਦਾਰਥਾਂ ਨਾਲ ਸਬੰਧਤ ਕਿਸੇ ਵੀ ਸ਼ੱਕੀ ਗਤੀਵਿਧੀ ਸਬੰਧੀ ਵਿਭਾਗ ਨੂੰ ਸੂਚਨਾ ਦੇਣ ਦੀ ਅਪੀਲ ਵੀ ਕੀਤੀ।