ਫਾਇਰ ਬ੍ਰਿਗੇਡ ਕਰਮੀਆਂ ਨੇ ਨਵੇਂ ਆਏ ਜਿਲਾ ਪੁਲਿਸ ਮੁਖੀ ਦਾ ਅਨੋਖੇ ਢੰਗ ਨਾਲ ਕੀਤਾ ਸਵਾਗਤ, ਨਵੇਂ ਕਾਰਜਕਾਲ ਦੇ ਪਹਿਲੇ ਚੱਕੇ ਜਾਮ ਦਾ ਦਿੱਤਾ ਤੋਹਫਾ

0
15
ਫਾਇਰ ਬ੍ਰਿਗੇਡ

• ਆਪਣੇ ਜੱਦੀ ਹਲਕੇ ਵਿੱਚ ਵੀ ਨਹੀਂ ਮਿਲਦੇ ਮੁੱਖ ਮੰਤਰੀ-ਉਨ੍ਹਾਂ ਦੇ ਜੱਦੀ ਹਲਕੇ ਤੋਂ ਆਏ ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਦੋਸ਼

ਹੁਸ਼ਿਆਰਪੁਰ, 4 ਮਾਰਚ (ਤਰਸੇਮ ਦੀਵਾਨਾ)- ਹੁਸ਼ਿਆਰਪੁਰ ਸ਼ਹਿਰ ਦੇ ਨਵੇਂ ਆਏ ਜ਼ਿਲਾ ਪੁਲਿਸ ਮੁਖੀ ਦਾ ਪੰਜਾਬ ਭਰ ਤੋਂ ਭਾਰੀ ਗਿਣਤੀ ਵਿੱਚ ਆਏ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅਨੋਖਾ ਸਵਾਗਤ ਕਰਦਿਆਂ ਉਨਾਂ ਨੂੰ ਨਵੇਂ ਕਾਰਜਕਾਲ ਦੇ ਪਹਿਲੇ ਚੱਕਾ ਜਾਮ ਦਾ ਤੋਹਫਾ ਦਿੱਤਾ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇਬਾਜੀ ਕਰਨ ਦੇ ਨਾਲ ਨਾਲ ਸ਼ਹਿਰ ਦੀਆਂ ਸਾਰੀਆਂ ਪ੍ਰਮੁਖ ਥਾਵਾਂ ਅਤੇ ਵੱਖ ਵੱਖ ਚੌਕਾਂ ਵਿੱਚ ਧਰਨਾ ਲਾਉਦਿਆਂ ਚੱਕਾ ਜਾਮ ਕਰ ਦਿੱਤਾ | ਵੱਖ-ਵੱਖ ਚੌਂਕਾਂ ਵਿੱਚ ਹੋਏ ਇਸ ਚੱਕਾ ਜਾਮ ਤੋਂ ਬਾਅਦ ਬੁਰੀ ਤਰ੍ਹਾਂ ਚਰਮਰਾ ਚੁੱਕੇ ਟਰੈਫਿਕ ਪ੍ਰਬੰਧਾਂ ਨੇ ਜਿਲਾ ਪੁਲਿਸ ਦੀ ਕਾਰਗੁਜ਼ਾਰੀ ਦੀ ਪੋਲ ਖੋਲ ਕੇ ਰੱਖ ਦਿੱਤੀ ਅਤੇ ਆਪਸ ਵਿੱਚ ਬੁਰੀ ਤਰਹਾਂ ਉਲਝੇ ਹੋਏ ਟਰੈਫਿਕ ਨੂੰ ਕੰਟਰੋਲ ਕਰਨ ਦੀ ਬਜਾਏ ਟਰੈਫਿਕ ਪੁਲਿਸ ਧਰਨਾਕਾਰੀਆਂ ਦੇ ਨਾਲ ਨਾਲ ਹੀ ਚਲਦੀ ਰਹੀ | ਇਸ ਦੌਰਾਨ ਭਾਰੀ ਰੋਹ ਵਿੱਚ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਇਸ ਵੱਡੀ ਗਿਣਤੀ ਵਿੱਚ ਹੁਸ਼ਿਆਰਪੁਰ ਆਮਦ ਨੇ ਜ਼ਿਲਾ ਪੁਲਿਸ ਪ੍ਰਸ਼ਾਸਨ ਦੇ ਹੱਥ ਪੈਰ ਫੁਲਾ ਦਿੱਤੇ |

ਇਸ ਧਰਨਾ ਪ੍ਰਦਰਸ਼ਨ ਤੇ ਚਕਾ ਜਾਮ ਨੇ ਪੂਰੇ ਸ਼ਹਿਰ ਦਾ ਟਰੈਫਿਕ ਸਿਸਟਮ ਵਿਗਾੜ ਕੇ ਰੱਖ ਦਿੱਤਾ

ਆਨਨ ਫਾਨਨ ਵਿੱਚ ਹੋਏ ਇਸ ਧਰਨਾ ਪ੍ਰਦਰਸ਼ਨ ਤੇ ਚਕਾ ਜਾਮ ਨੇ ਪੂਰੇ ਸ਼ਹਿਰ ਦਾ ਟਰੈਫਿਕ ਸਿਸਟਮ ਵਿਗਾੜ ਕੇ ਰੱਖ ਦਿੱਤਾ ਅਤੇ ਜ਼ਿਲਾ ਹੁਸ਼ਿਆਰਪੁਰ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ | ਸਭ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਅੰਤਰਰਾਜੀ ਬੱਸ ਸਟੈਂਡ ਦੇ ਬਾਹਰ ਹੋਏ ਇਸ ਧਰਨਾ ਪ੍ਰਦਰਸ਼ਨ ਮੌਕੇ ‘ਤੇ ਪਹੁੰਚੇ ਹੁਸ਼ਿਆਰਪੁਰ ਪੁਲਿਸ ਦੇ ਆਲਾ ਸਰਬਜੀਤ ਸਿੰਘ ਬਾਹੀਆ ਐਸਪੀ ਅਤੇ ਹੋਰ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਸਮਝਾ ਬੁਝਾ ਕੇ ਧਰਨਾ ਉਠਾਇਆ ਜਿਸ ਉਪਰੰਤ ਉਹਨਾਂ ਨੇ ਪੂਰੇ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਵੱਖ ਵੱਖ ਚੌਕਾਂ ਵਿੱਚ ਸੰਕੇਤ ਜਾਮ ਵੀ ਲਗਾਇਆ ਕਿ ਇਸ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਰਹੇ |

ਫਾਇਰ ਬ੍ਰਿਗੇਡ ਆਊਟ ਸੋਰਸ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਪਹੁੰਚੇ ਫਾਇਰ ਬ੍ਰਿਗੇਡ ਕਰਮੀਆਂ ਦੇ ਇਸ ਧਰਨਾ ਪ੍ਰਦਰਸ਼ਨ ਵਿੱਚ ਪੁੱਜ ਕੇ ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਦੇ ਮੁਲਾਜ਼ਮਾਂ ਨੇ ਵੀ ਪੈਰ ਬ੍ਰਿਗੇਡ ਕਰਮਚਾਰੀਆਂ ਦੇ ਇਸ ਰੋਸ ਪ੍ਰਦਰਸ਼ਨ ਨੂੰ ਜੋਰਦਾਰ ਸਮਰਥਨ ਦਿੰਦਿਆਂ ਆਪਣੀਆਂ ਮੰਗਾਂ ਬਾਰੇ ਵੀ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਧਰਨਾਕਾਰੀ ਮੁਲਾਜ਼ਮਾਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਰਵਜੋਤ ਦਾ ਮਾਡਲ ਟਾਊਨ ਸਥਿਤ ਦਫਤਰ ਵੀ ਘੇਰਿਆ ਅਤੇ ਆਪਣੀਆਂ ਮੰਗਾਂ ਬਾਰੇ ਉਨ੍ਹਾਂ ਨਾਲ ਮੁਲਾਕਾਤ ਕਰਵਾਏ ਜਾਣ ਦੀ ਮੰਗ ਕੀਤੀ | ਇਸ ਮੌਕੇ ਤੇ ਡਿਊਟੀ ਮਜਿਸਟਰੇਟ ਵਜੋਂ ਹਾਜ਼ਰ ਬੀਡੀਪੀਓ ਸਤਵਿੰਦਰ ਸਿੰਘ ਨੇ ਦੱਸਿਆ ਕਿ ਕੈਬਨਟ ਮੰਤਰੀ ਇਸ ਵੇਲੇ ਚੰਡੀਗੜ੍ਹ ਵਿੱਚ ਹਨ ਅਤੇ ਉਨਾਂ ਦੀ ਡਿਊਟੀ ਮੰਗ ਪੱਤਰ ਲੈਣ ਦੀ ਲੱਗੀ ਹੈ।

ਮੰਗ ਪੱਤਰ ਡਾਕਟਰ ਰਵਜੋਤ ਕੈਬਨਟ ਮੰਤਰੀ ਨੂੰ ਚੰਡੀਗੜ੍ਹ ਵਿੱਚ ਭੇਜ ਦਿੱਤਾ ਗਿਆ ਹੈ

ਉਹਨਾਂ ਦੱਸਿਆ ਕਿ ਇਹ ਮੰਗ ਪੱਤਰ ਡਾਕਟਰ ਰਵਜੋਤ ਕੈਬਨਟ ਮੰਤਰੀ ਨੂੰ ਚੰਡੀਗੜ੍ਹ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਧਰਨਾਕਾਰੀਆਂ ਦੀਆਂ ਮੰਗਾਂ ਬਾਰੇ ਦੋ ਦਿਨ ਦਾ ਪੰਜਾਬ ਸਰਕਾਰ ਤੋਂ ਸਮਾਂ ਲਿਆ ਗਿਆ ਹੈ। ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦੀਆਂ ਫਾਇਰ ਬ੍ਰਿਗੇਡ ਆਊਟ ਸੋਰਸ ਕਰਮਚਾਰੀ ਯੂਨੀਅਨ ਦੇ ਬੁਲਾਰਿਆਂ ਨੇ ਦੱਸਿਆ ਕਿ ਉਹ ਪਿਛਲੇ ਤਕਰੀਬਨ 10- 15 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਹਨ ਅਤੇ ਉਹਨਾਂ ਨੂੰ ਕੇਵਲ 7 ਤੋਂ 8000 ਤੱਕ ਦੀ ਤਨਖਾਹ ਮਿਲਦੀ ਹੈ ਉਹ ਵੀ ਸਮੇਂ ਸਿਰ ਨਹੀਂ ਸਗੋਂ ਕਈ ਮਹੀਨੇ ਲੇਟ ਦਿੱਤੀ ਜਾਂਦੀ ਹੈ। ਉਨਾਂ ਦਾ ਪਰਿਵਾਰ ਕੇਵਲ ਇਸੇ ਆਮਦਨ ਤੇ ਹੀ ਨਿਰਭਰ ਹੈ ਮੁਲਾਜ਼ਮਾਂ ਨੇ ਦੱਸਿਆ ਕਿ ਮੁੱਖ ਮੰਤਰੀ ਬਣਨਸਾਰ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਸੂਬੇ ਨੂੰ ਧਰਨਾ ਮੁਕਤ ਸੂਬਾ ਬਣਾਉਣਗੇ ਅਤੇ ਕਿਸੇ ਨੂੰ ਵੀ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪਏਗੀ ਨਾ ਹੀ ਕਿਸੇ ਮੁਲਾਜ਼ਮਾਂ ਨੂੰ ਕੱਚਾ ਰਹਿਣ ਦੇਣਗੇ ਸਗੋਂ ਸਾਰੇ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ਤੇ ਪੱਕੇ ਕੀਤਾ ਜਾਵੇਗਾ। ਪਰ ਇਸ ਵਾਅਦੇ ਦੇ ਉਲਟ ਉਹਨਾਂ ਵੱਲੋਂ ਹੁਣ ਨਵੀਂ ਭਰਤੀ ਕੀਤੀ ਜਾ ਰਹੀ ਹੈ ਜਿਸ ਕਾਰਨ ਉਹਨਾਂ ਦੀਆਂ ਨੌਕਰੀਆਂ ਉੱਤੇ ਖਤਰਾ ਮੰਡਰਾ ਰਿਹਾ ਹੈ।

ਮਜਬੂਰ ਹੋ ਕੇ ਉਹਨਾਂ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਰਵਜੋਤ ਦੇ ਦਫਤਰ ਦਾ ਘਿਰਾਓ ਕਰਨਾ ਪਿਆ ਹੈ

ਮੁੱਖ ਮੰਤਰੀ ਦੇ ਆਪਣੇ ਜੱਦੀ ਹਲਕੇ ਤੋਂ ਆਏ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਉਹ ਕਈ ਵਾਰ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਆਪਣੇ ਹਲਕੇ ਵਿੱਚ ਵੀ ਨਹੀਂ ਮਿਲਦੇ ਇਸ ਲਈ ਮਜਬੂਰ ਹੋ ਕੇ ਉਹਨਾਂ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਰਵਜੋਤ ਦੇ ਦਫਤਰ ਦਾ ਘਿਰਾਓ ਕਰਨਾ ਪਿਆ ਹੈ ਅਤੇ ਉਹ ਉਹਨਾਂ ਨੂੰ ਮਿਲ ਕੇ ਆਪਣੀਆਂ ਮੁਸ਼ਕਿਲਾਂ ਦਸਣੀਆਂ ਚਾਹੁੰਦੇ ਹਨ |

ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦੀਆਂ ਫਾਇਰ ਬ੍ਰਿਗੇਡ ਆਊਟ ਸੋਰਸ ਕਰਮਚਾਰੀ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਅਮਨਜੋਤ ਸਿੰਘ, ਸਾਹਿਬ ਸਿੰਘ, ਕਰਮਜੀਤ ਸਿੰਘ, ਰਣ ਸਿੰਘ, ਵਰਿਆਮ ਸਿੰਘ ਆਦਿ ਨੇ ਦੱਸਿਆ ਕਿ ਉਹਨਾਂ ਦੀਆਂ ਪ੍ਰਮੁੱਖ ਮੰਗਾਂ ਵਿੱਚ ਲੰਮੇ ਸਮੇਂ ਤੋਂ ਆਊਟ ਸੋਰਸ ਵਜੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਨ ਉਦੋਂ ਤੱਕ ਹਰ ਕਰਮਚਾਰੀ ਨੂੰ 25 ਤੋਂ 30 ਹਜਾਰ ਤਨਖਾਹ ਦੇਣ ਅਤੇ ਕੋਈ ਅਣਸੁਖਾਵੀ ਘਟਨਾ ਵਾਪਰਨ ਤੇ ਹਰ ਫਾਇਰ ਬ੍ਰਿਗੇਡ ਕਰਮਚਾਰੀ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਵਿਤੀ ਸਹਾਇਤਾ ਦੇਣ ਦੀਆਂ ਮੰਗਾਂ ਸ਼ਾਮਿਲ ਹਨ | ਉਹਨਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਉਹਨਾਂ ਨੂੰ ਇਸ ਤੋਂ ਵੀ ਜਿਆਦਾ ਸਖਤ ਕਦਮ ਉਠਾਉਣ ਲਈ ਮਜਬੂਰ ਹੋਣਾ ਪਵੇਗਾ!

LEAVE A REPLY