
ਹੁਸ਼ਿਆਰਪੁਰ 5 ਮਾਰਚ (ਤਰਸੇਮ ਦੀਵਾਨਾ) ਸ਼ਿਵ ਸੈਨਾ ਹਿੰਦ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ! ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਡੇਰਾ ਪ੍ਰੇਮੀ ਗੁਰਦੀਪ ਦੇ ਕਤਲ ਦੇ ਕਥਿਤ ਦੋਸ਼ੀ ਜੱਗੀ ਜੌਹਲ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ, ਇਸ ਫੈਸਲੇ ਦੀ ਸ਼ਿਵ ਸੈਨਾ ਹਿੰਦ ਸਖ਼ਤ ਨਿਖੇਧੀ ਕਰਦੀ ਹੈ।
ਨਿਸ਼ਾਤ ਸ਼ਰਮਾ ਦੱਸਿਆ ਕਿ 4 ਮਾਰਚ ਨੂੰ ਮੋਗਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਅੱਠ ਸਾਲ ਪੁਰਾਣੇ ਗੁਰਦੀਪ ਕਤਲ ਕੇਸ ਵਿੱਚ ਨੌਂ ਵਿੱਚੋਂ ਛੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਇਹ ਕੇਸ ਦਸੰਬਰ 2016 ਵਿੱਚ ਬਾਘਾਪੁਰਾਣਾ ਥਾਣੇ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ), ਅਸਲਾ ਐਕਟ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਯੂ.ਕੇ ਨਿਵਾਸੀ ਜਗਤਾਰ ਸਿੰਘ ਜੌਹਲ ਉਰਫ ਜੱਗੀ ‘ਤੇ ਕਈ ਅੱਤਵਾਦੀ ਗਤੀਵਿਧੀਆਂ ‘ਚ ਕਥਿਤ ਤੌਰ ‘ਤੇ ਪੰਜਾਬ ‘ਚ ਅੱਤਵਾਦ ਨੂੰ ਸੁਰਜੀਤ ਕਰਨ ਅਤੇ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ਹਨ।
ਜਗਤਾਰ ਸਿੰਘ ਜੌਹਲ ਦੇ ਖਿਲਾਫ ਸੱਤ ਹੋਰ ਅਪਰਾਧਿਕ ਮਾਮਲੇ ਪੈਂਡਿੰਗ ਹਨ
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ 56 ਗਵਾਹ ਪੇਸ਼ ਕਰਨ ਦੇ ਬਾਵਜੂਦ ਇਸਤਗਾਸਾ ਪੱਖ ਆਪਣੇ ਕੇਸ ਨੂੰ ਸ਼ੱਕ ਤੋਂ ਪਰ੍ਹੇ ਸਾਬਤ ਕਰਨ ਵਿੱਚ ਅਸਫਲ ਰਿਹਾ, ਜਿਸ ਕਾਰਨ ਛੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਜੌਹਲ ਦੇ ਖਿਲਾਫ ਸੱਤ ਹੋਰ ਅਪਰਾਧਿਕ ਮਾਮਲੇ ਪੈਂਡਿੰਗ ਹਨ, ਖਾਸ ਤੌਰ ‘ਤੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੱਗੀ ਜੌਹਲ ਖਿਲਾਫ ਅਦਾਲਤ ਦੇ ਫੈਸਲੇ ਖਿਲਾਫ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਜਾਵੇ ਅਤੇ ਜੱਗੀ ਜੌਹਲ ਨੂੰ ਤਿਹਾੜ ਜੇਲ ‘ਚੋਂ ਬਾਹਰ ਆਉਣ ਤੋਂ ਰੋਕਣ ਲਈ ਸਰਕਾਰ ਨੂੰ ਵੀ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਸ਼ਰਮਾ ਨੇ ਦੱਸਿਆ ਕਿ ਜੱਗੀ ਜੌਹਲ ‘ਤੇ ਜਲੰਧਰ ‘ਚ ਆਰਐੱਸਐੱਸ ਆਗੂ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਦੇ ਕਤਲ ਦੇ ਨਾਲ-ਨਾਲ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਆਗੂ ਰਵਿੰਦਰ ਗੋਸਾਈਂ ਅਤੇ ਪਾਸਟਰ ਸੁਲਤਾਨ ਮਸੀਹ ਦੇ ਕਤਲ ਦਾ ਦੋਸ਼ ਹੈ। ਇਸ ਲਈ ਅਜਿਹੇ ਕਥਿਤ ਦੋਸ਼ੀ ਦਾ ਕਿਸੇ ਵੀ ਕੀਮਤ ‘ਤੇ ਜੇਲ੍ਹ ‘ਚੋਂ ਬਾਹਰ ਨਿਕਲਣਾ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਦੇਸ਼ ਅਤੇ ਸਮਾਜ ਲਈ ਖ਼ਤਰਾ ਹੈ। ਨਿਸ਼ਾਂਤ ਸ਼ਰਮਾ ਨੇ ਇਹ ਵੀ ਮੰਗ ਕੀਤੀ ਹੈ ਕਿ ਡੇਰਾ ਪ੍ਰੇਮੀ ਕਤਲ ਕਾਂਡ ਵਿੱਚ ਸ਼ਾਮਲ ਸਾਰੇ ਜਾਂਚ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਕਿਉਂਕਿ ਸਾਨੂੰ ਸ਼ੱਕ ਹੈ ਕਿ ਜੱਗੀ ਜੌਹਲ ਵੱਲੋਂ ਜਾਂਚ ਅਧਿਕਾਰੀਆਂ ਅਤੇ ਗਵਾਹਾਂ ਨੂੰ ਲਾਲਚ ਜਾਂ ਧਮਕੀ ਦਿੱਤੀ ਗਈ ਹੈ। ਇਸੇ ਕਾਰਨ ਜੱਗੀ ਜੌਹਲ ਵਿਰੁੱਧ ਅਦਾਲਤ ਵਿੱਚ ਸਬੂਤ ਪੇਸ਼ ਨਹੀਂ ਕੀਤੇ ਗਏ ਤਾਂ ਜੋ ਜੱਗੀ ਜੌਹਲ ਨੂੰ ਦੋਸ਼ੀ ਸਾਬਤ ਕੀਤਾ ਜਾ ਸਕੇ। ਇਸੇ ਕਾਰਨ ਹਿੰਦੂਆਂ ਦੇ ਕਾਤਲ ਜ਼ਾਲਮ ਅੱਤਵਾਦੀ ਜੱਗੀ ਜੌਹਲ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ, ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ।