ਪੰਜਾਬ ‘ਚ ਲੌਕਡਾਊਨ ਬੰਦਸ਼ਾਂ 31 ਮਈ ਤੱਕ ਵਧੀਆਂ

0
317

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕੋਵਿਡ ਪਾਜੇਟਿਵਿਟੀ ਅਤੇ ਮਿਰਤਕ ਦਰ ਵੱਧ ਹੋਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਅੱਜ ਮੌਜੂਦਾ ਰੋਕਾਂ 31 ਮਈ ਤੱਕ ਵਧਾਉਣ ਦੇ ਹੁਕਮ ਕੀਤੇ ਅਤੇ ਸਾਰੀਆਂ ਬੰਦਿਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ।


ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪੜਾਅਵਾਰ ਢੰਗ ਨਾਲ ਦੁਕਾਨਾਂ ਖੋਲ੍ਹਣ ਨੂੰ ਨਿਰਧਾਰਤ ਕਰਨਾ ਕੋਵਿਡ ਦੇ ਫੈਲਾਅ ਨੂੰ ਕਾਬੂ ਕਰਨ ਖਾਸ ਤੌਰ ਉਤੇ ਪੇਂਡੂ ਇਲਾਕਿਆਂ ਵਿਚ ਹੋਰ ਬੰਦਿਸ਼ਾਂ ਲਾਉਣ ਨੂੰ ਜਾਰੀ ਰੱਖਣਗੇ। ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸਥਾਨਕ ਹਾਲਤਾਂ ਦੇ ਅਧਾਰ ਉਤੇ ਢੁਕਵੀਂਆਂ ਸੋਧਾਂ ਕਰ ਸਕਦੇ ਹਨ ਬਸ਼ਰਤੇ ਕਿ ਇਹ ਸੋਧਾਂ ਸੂਬੇ ਵਿਚ ਸਮੁੱਚੇ ਤੌਰ ਲਾਈਆਂ ਬੰਦਿਸ਼ਾਂ ਨੂੰ ਕਮਜੋਰ ਨਾ ਕਰਦੀਆਂ ਹੋਣ।

ਜਿਲ੍ਹਾ ਅਥਾਰਟੀਆਂ ਸਮਾਜਿਕ ਦੂਰੀ ਦੇ ਨੇਮਾਂ, ਬਜਾਰਾਂ ਅਤੇ ਜਨਤਕ ਆਵਾਜਾਈ ਵਿਚ ਭੀੜ ਉਤੇ ਨਿਯੰਤਰਨ ਬਣਾਉਣਾ ਅਤੇ ਨੇਮਾਂ/ਬੰਦਿਸ਼ਾਂ ਦੀ ਉਲੰਘਣਾ ਦੀ ਸੂਰਤ ਵਿਚ ਜੁਰਮਾਨੇ ਲਾਉਣ ਸਮੇਤ ਕੋਵਿਡ ਸਬੰਧੀ ਇਹਤਿਆਤ ਵਰਤਣ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਅਮਲ ਵਿਚ ਲਿਆਉਣਗੀਆਂ।
ਕੋਵਿਡ ਦੀ ਸਥਿਤੀ ਦਾ ਜਾਇਜਾ ਲੈਣ ਲਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਰੋਕਾਂ ਲਾਉਣ ਨਾਲ ਕੁਝ ਨਤੀਜੇ ਸਾਹਮਣੇ ਆਏ ਹਨ ਅਤੇ ਆਏ ਦਿਨ ਪਾਜੇਟਿਵਿਟੀ ਕੇਸਾਂ ਵਿਚ ਕੁਝ ਕਮੀ ਆਈ ਹੈ ਅਤੇ ਇਸ ਸਮੇਂ ਦੌਰਾਨ ਕੋਵਿਡ ਕੇਸਾਂ ਦੀ ਗਿਣਤੀ ਘਟ ਕੇ ਲਗਪਗ 9000 ਤੋਂ 6000 ਕੇਸਾਂ ਉਤੇ ਆਈ, ਪਰ 9 ਤੋਂ 15 ਮਈ ਤੱਕ ਦੇ ਸਮੇਂ ਦੌਰਾਨ ਵੱਧ ਪਾਜੇਟਿਵਿਟੀ ਦਰ 13.1 ਫੀਸਦੀ ਅਤੇ ਮਿਰਤਕ ਦਰ 2.4 ਫੀਸਦੀ ਰਹਿਣ ਕਾਰਨ ਇਹ ਰੋਕਾਂ ਹੋਰ ਵਧਾਉਣ ਦੀ ਲੋੜ ਸੀ।
ਮੁੱਖ ਮੰਤਰੀ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਕੁਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜਾਂ ਦੀ ਲੁੱਟ ਕਰਨ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਦੇ ਹੁਕਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਲੋਕ ਲੁੱਟ ਦਾ ਸ਼ਿਕਾਰ ਹੁੰਦੇ ਰਹੇ ਤਾਂ ਇਨ੍ਹਾਂ ਹਸਪਤਾਲਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਅਜਿਹੇ ਮਾਮਲਿਆਂ ਨਾਲ ਸਖ਼ਤੀ ਨਾਲ ਪੇਸ਼ ਆਉਣ ਲ਼ਈ ਕਿਹਾ। ਉਨ੍ਹਾਂ ਨੇ ਪੁਲੀਸ ਵਿਭਾਗ ਨੂੰ ਕੋਵਿਡ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਜ਼ਰੂਰਤਾਂ ਤੇ ਦਵਾਈਆਂ ਦੀ ਕਾਲਾਬਾਜਾਰੀ ਜਾਂ ਜਮ੍ਹਾਂਕੋਰੀ ਵਿਚ ਸ਼ਾਮਲ ਪਾਏ ਜਾਣ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਕੋਵਿਡ ਨਾਲ ਸਬੰਧਤ ਫੰਗਸ ਦੀ ਨਵੀਂ ਬਿਮਾਰੀ ਫੈਲਣ ਉਤੇ ਵੀ ਚਿੰਤਾ ਜਾਹਰ ਕੀਤੀ। ਉਨ੍ਹਾਂ ਨੇ ਇਸ ਬਿਮਾਰੀ ਲਈ ਨਿਗਰਾਨੀ ਵਧਾਉਣ ਦੀ ਲੋੜ ਉਤੇ ਜੋਰ ਦਿੱਤਾ ਕਿਉਂ ਜੋ ਜੇਕਰ ਇਸ ਦਾ ਛੇਤੀ ਇਲਾਜ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਸੂਬੇ ਅੰਦਰ ਇਸ ਬਿਮਾਰੀ ਦੇ ਇਲਾਜ ਲਈ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦਵਾਈਆਂ ਲਈ ਲੋਕਾਂ ਵਿਚ ਕਿਸੇ ਤਰ੍ਹਾਂ ਦੀ ਘਬਰਾਹਟ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਖਰੀਦ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਵਿਭਾਗ ਨੂੰ ਇਸ ਬਿਮਾਰੀ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਨੂੰ ਮੁੜ ਘੋਖਣ ਲਈ ਆਖਿਆ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਇਸ ਬਿਮਾਰੀ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ। ਡਾ. ਕੇ.ਕੇ. ਤਲਵਾੜ ਨੇ ਫੰਗਲ ਦੇ ਲਾਗ ਨੂੰ ਗੰਭੀਰ ਮੁੱਦਾ ਦੱਸਿਆ ਜਿਸ ਦਾ ਕਾਰਨ ਸਟੀਰੌਇਡ ਦੀ ਜਿਆਦਾ ਵਰਤੋਂ ਜਾਂ ਆਕਸੀਜਨ ਵਿਚ ਅਣਸੋਧੇ ਪਾਣੀ ਦੀ ਵਰਤੋਂ ਕੀਤੇ ਜਾਣਾ ਹੈ।
ਆਕਸੀਜਨ ਦੀ ਉਲਬਧਤਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਸੂਬਾ ਨਿਆਂਇਕ ਢੰਗਾਂ ਜ਼ਰੀਏ ਕਿਸੇ ਦੁਰਘਟਨਾ ਨੂੰ ਰੋਕ ਸਕਿਆ ਹੈ ਪਰ ਸਿਹਤ ਵਿਭਾਗ ਵੱਲੋਂ ਸਥਿਤੀ ਉਤੇ ਨੇੜਿਓਂ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੀ.ਐਸ.ਏ. ਪਲਾਂਟਾਂ, ਆਕਸਸੀਜਨ ਕੰਨਸੈਂਟਰੇਟਰਾਂ ਲਈ ਸਫਲਤਾਪੂਰਵਕ ਇੰਤਜਾਮ ਕੀਤੇ ਹਨ ਜਿਸ ਨਾਲ ਆਕਸਜੀਨ ਦੀ ਕਮੀ ਨਾਲ ਨਿਪਟਣ ਵਿਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬਾ ਇਕ ਮਹੀਨੇ ਦੇ ਅੰਦਰ 2500 ਆਕਸਜੀਨ ਕੰਨਸੈਂਟਰੇਟਰਾਂ ਦੀ ਉਮੀਦ ਕਰ ਰਿਹਾ ਹੈ ਅਤੇ ਸਿਹਤ ਵਿਭਾਗ ਨੂੰ ਇਸ ਦੀ ਬਿਹਤਰ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ।
ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਹੁਕਮ ਦਿੱਤੇ ਕਿ ਹਸਪਤਾਲਾਂ ਦੀ ਸਮਰੱਥਾ ਖਾਸ ਤੌਰ ਉਤੇ ਐਲ-3 ਬੈੱਡਾਂ ਦੇ ਸਬੰਧ ਵਿਚ ਕਿਸੇ ਵੀ ਪੱਧਰ ਉਤੇ ਕੋਈ ਸਮੱਸਿਆ ਨਾ ਆਉਣ ਨੂੰ ਯਕੀਨੀ ਬਣਾਉਣਾ ਜਾਰੀ ਰੱਖਿਆ ਜਾਵੇ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਏਕਾਂਵਾਸ ਵਿਚ ਰਹਿ ਰਹੇ ਲੋਕਾਂ ਨੂੰ ਖਾਣੇ ਦੀਆਂ ਕਿੱਟਾਂ ਪਹੁੰਚਾਉਣ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੰਦਿਆਂ ਮੁੜ ਦੁਹਰਾਇਆ ਕਿ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ। ਉਨ੍ਹਾਂ ਨੇ ‘ਭੋਜਨ ਹੈਲਪਲਾਈਨ’ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਡੀ.ਜੀ.ਪੀ. ਦੀ ਸ਼ਲਾਘਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ ਜਿਸ ਕਰਕੇ ਲਾਪਰਵਾਹੀ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਬੰਦਿਸ਼ਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਅਤੇ ਇਸ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਾ ਦੇਣ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਇਸ ਮਹਾਮਾਰੀ ਨਾਲ ਨਿਪਟਣ ਲਈ ਵੱਖ-ਵੱਖ ਵਿਭਾਗਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿਚ ਹੋਰ ਸੰਭਾਵਿਤ ਕੋਵਿਡ ਲਹਿਰਾਂ ਦੇ ਖਦਸ਼ਿਆਂ ਦੇ ਮੱਦੇਨਜ਼ਰ ਜੰਗ ਜਾਰੀ ਰਹੇਗੀ।

LEAVE A REPLY