ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਹੋਣ ਵਾਲੇ ਆਨਲਾਈਨ ਗਣਿਤ ਮੇਲੇ ਦੀਆਂ ਤਿਆਰੀਆਂ ਲਈ ਪੜੋ ਕਿੰਨੇ ਦੀ ਕੀਤੀ ਗ੍ਰਾੰਟ ਜਾਰੀ

0
166

ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਹੋਣ ਵਾਲੇ ਆਨਲਾਈਨ ਗਣਿਤ ਮੇਲੇ ਦੀਆਂ ਤਿਆਰੀਆਂ ਵਿੱਢੀਆਂ

ਵਿਭਾਗ ਵੱਲੋਂ ਸਕੂਲਾਂ ਨੂੰ ਗਣਿਤ ਮੇਲੇ ਦੇ ਆਯੋਜਨ ਲਈ 1.12 ਕਰੋੜ ਦੀ ਗ੍ਰਾਂਟ ਜਾਰੀ

ਐੱਸ.ਏ.ਐੱਸ.ਨਗਰ 15 ਜੁਲਾਈ (ਪੰਜਾਬ ਰਿਫਲੈਕਸ਼ਨ ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ , ਦੂਰਦਰਸ਼ੀ ਸੋਚ ਅਤੇ ਵਿਜੈਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਸਕੂਲੀ ਸਿੱਖਿਆ ਵਿੱਚ ਗੁਣਾਤਮਿਕਤਾ ਲਿਆਉਣ ਲਈ ਸਰਕਾਰੀ ਸਕੂਲਾਂ ਵਿੱਚ ਨਿਵੇਕਲੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।

ਇਹਨਾਂ ਯਤਨਾਂ ਅਧੀਨ ਸਿੱਖਿਆ ਵਿਭਾਗ ਵੱਲੋਂ ਐੱਸ.ਸੀ.ਈ.ਆਰ.ਟੀ ਪੰਜਾਬ ਦੀ ਦੇਖ-ਰੇਖ ਹੇਠ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਗਰਾਮ ਰਾਹੀਂ ਗਣਿਤ ਵਿਸ਼ੇ ਦੇ ਸਿੱਖਣ- ਸੁਧਾਰਾਂ ਲਈ ਵੱਖ-ਵੱਖ ਸਾਰਥਕ ਯਤਨ ਕੀਤੇ ਜਾ ਰਹੇ ਹਨ।

ਜਿਸ ਤਹਿਤ ਸਿੱਖਿਆ ਵਿਭਾਗ ਵੱਲੋਂ ਸਮੂਹ ਸਰਕਾਰੀ ਸਕੂਲਾਂ ਵਿੱਚ ਸਕੂਲ ਪੱਧਰ ‘ਤੇ ਆਨਲਾਈਨ ਗਣਿਤ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਗਤਾਰ ਸਿੰਘ ਕੁਲੜੀਆ ਡਾਇਰੈਕਟਰ ਐੱਸ ਸੀ ਈ ਆਰ ਟੀ, ਪੰਜਾਬ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਕੂਲਾਂ ਵਿੱਚ ਅਗਲੇ ਮਹੀਨੇ ਤੋਂ ਪ੍ਰੀ-ਫੇਅਰ ਅਤੇ ਮੈਥ ਫੇਅਰ ਕਰਵਾਉਣ ਸਬੰਧੀ ਮਿਤੀਆਂ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗਣਿਤ ਮੇਲੇ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦਿਲਚਸਪ ਢੰਗਾਂ ਨਾਲ ਗਣਿਤ ਦੇ ਸੰਕਲਪਾਂ ਦਾ ਗਿਆਨ ਦੇਣਾ ਹੈ। ਵਿਦਿਆਰਥੀਆਂ ਨੂੰ ਗਣਿਤ ਮੇਲੇ ਲਈ ਮਾਡਲ ਬਣਾਉਣ ਅਤੇ ਗਤੀਵਿਧੀਆਂ ਕਰਨ ਲਈ ਲੋੜੀਂਦੀ ਸਮੱਗਰੀ ਸਕੂਲ ਵੱਲੋਂ ਮੁਹੱਈਆ ਕਰਵਾਉਣ ਬਾਬਤ ਵਿਭਾਗ ਵੱਲੋਂ 1.12 ਕਰੋੜ ਦੀ ਗ੍ਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ 2 ਅਗਸਤ ਤੋਂ 5 ਅਗਸਤ ਤੱਕ ਚਾਰ ਦਿਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਮਾਡਲ/ ਕ੍ਰਿਆਵਾਂ ਦੀ ਆਨਲਾਈਨ ਤਿਆਰੀ ਕਰਵਾਈ ਜਾਵੇਗੀ ।
ਸਮੂਹ ਸਰਕਾਰੀ ਸਕੂਲਾਂ ਵਿੱਚ ਗਣਿਤ ਮੇਲਾ 6 ਅਗਸਤ ਤੋਂ 10 ਅਗਸਤ ਤੱਕ ਮਨਾਇਆ ਜਾਵੇਗਾ ਜਿਸ ਅਧੀਨ ਵਿਦਿਆਰਥੀ ਅਧਿਆਪਕਾਂ ਵੱਲੋਂ ਕੀਤੀ ਅਗਵਾਈ ਅਨੁਸਾਰ ਗਣਿਤ ਧਾਰਨਾਵਾਂ ਨਾਲ ਸਬੰਧਿਤ ਮਾਡਲ/ਐਕਟੀਵਿਟੀ ਨੂੰ ਪ੍ਰਦਰਸ਼ਿਤ ਕਰਕੇ ਉਸਦੀ ਵੀਡਿਓ ਬਣਾ ਕੇ ਅਧਿਆਪਕ ਨੂੰ ਭੇਜਣਗੇ।
ਬੁਲਾਰੇ ਨੇ ਦੱਸਿਆ ਕਿ ਬੀ.ਐੱਮ ਅਤੇ ਡੀ ਐੱਮ ਦੀ ਮੰਗ ਅਨੁਸਾਰ ਉਹ ਨਿਰਧਾਰਿਤ ਸ਼ਡਿਊਲ ਵਿੱਚ ਤਬਦੀਲੀ ਕਰ ਸਕਦੇ ਹਨ ਪਰ ਮੇਲੇ ਹਰ ਹਾਲਤ ਵਿੱਚ 11 ਅਗਸਤ ਤੱਕ ਮੁਕੰਮਲ ਕਰਨ ਦੀ ਵਿਭਾਗ ਵੱਲੋਂ ਹਦਾਇਤ ਕੀਤੀ ਗਈ ਹੈ।
ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲ ਮੁਖੀਆਂ ਵੱਲੋਂ ਆਪਣੇ ਸਕੂਲ ਪੱਧਰ ‘ਤੇ ਗਣਿਤ ਮੇਲਿਆਂ ਦਾ ਸਫ਼ਲ ਆਯੋਜਨ ਕਰਨ ਲਈ ਅਗਾਊਂ ਵਿਉਂਤਬੰਦੀ ਕੀਤੀ ਜਾਵੇਗੀ। ਇਹਨਾਂ ਮੇਲਿਆਂ ਵਿੱਚ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਹਰ ਵਿਦਿਆਰਥੀ ਦਾ ਭਾਗ ਲੈਣਾ ਲਾਜ਼ਮੀ ਹੋਵੇਗਾ। ਅਧਿਆਪਕ ਵਿਦਿਆਰਥੀਆਂ ਨੂੰ ‘ਬੈਸਟ ਆਊਟ ਆਫ ਵੇਸਟ’ ਸਿਧਾਂਤ ਅਨੁਸਾਰ ਗਣਿਤ ਦੇ ਮਾਡਲ ਬਣਾਉਣ ਲਈ ਘਰ ਵਿੱਚ ਪਏ ਗੱਤੇ ਦੇ ਡੱਬੇ , ਪੁਰਾਣੀ ਉੱਨ ,ਬਟਨ,ਮੋਤੀ, ਕੈਂਚੀ, ਚਾਰਟ ਆਦਿ ਈਕੋ ਫਰੈਂਡਲੀ ਮਟੀਰੀਅਲ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਗੇ। ਇਸ ਤੋਂ ਇਲਾਵਾ ਅਧਿਆਪਕ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਵਿੱਚ ਦਿਲਚਸਪੀ ਉਜਾਗਰ ਕਰਨ ਅਤੇ ਗਣਿਤ ਦੇ ਸੰਕਲਪਾਂ ਨੂੰ ਸਮਝਣ ਲਈ ਉਹਨਾਂ ਦੁਆਰਾ ਬਣਾਏ ਗਏ ਮਾਡਲਾਂ/ਐਕਟੀਵਿਟੀ ਨੂੰ ਪਾਠ-ਪੁਸਤਕ ਦੇ ਪਾਠਕ੍ਰਮ
ਨਾਲ ਜੋੜਨਗੇ। ਵਿਦਿਆਰਥੀਆਂ ਵੱਲੋਂ ਅਧਿਆਪਕ ਨੂੰ ਭੇਜੀ ਜਾਣ ਵਾਲੀ ਵਟਸਐਪ ਵੀਡੀਓ ਦੀ ਸਮਾਂ ਅਵਧੀ 2 ਮਿੰਟ ਤੋਂ 3 ਮਿੰਟ ਦੀ ਹੋਣੀ ਚਾਹੀਦੀ ਹੈ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਸਮੁੱਚੀਆਂ ਐਕਟੀਵਿਟੀਆਂ ਅਤੇ ਮਾਡਲਾਂ ਦਾ ਮੁਲਾਂਕਣ ਕਰਕੇ ਸਮੁੱਚੀ ਸਮੱਗਰੀ ਨੂੰ ਸਕੂਲ ਦੇ ਮੈਥ ਕਾਰਨਰ ਵਿੱਚ ਰੱਖਣਗੇ।
ਵਿਭਾਗੀ ਨਿਰਦੇਸ਼ਾਂ ਅਨੁਸਾਰ ਸਮੂਹ ਬੀ ਐੱਮ ਅਤੇ ਡੀ ਐੱਮ ਆਪਣੀਆਂ ਵਿਜਿਟਾਂ ਦਾ ਢੁੱਕਵਾਂ ਰੂਟ ਪਲਾਨ ਬਣਾ ਕੇ
ਹਰ ਸਕੂਲ ਵਿੱਚ ਵਿਜਿਟ ਦੌਰਾਨ ਬੈਸਟ ਦੋ ਜਾਂ ਤਿੰਨ ਵੀਡੀਓਜ਼ ਦਾ ਬਲਾਕ ਪੱਧਰੀ ਮੁਲਾਂਕਣ ਕਰਕੇ ਮੁੱਖ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਉਣਗੇ। ਹਰੇਕ ਸਕੂਲ ਗਣਿਤ ਮੇਲੇ ਦੀਆਂ ਸਮੁੱਚੀਆਂ ਕਿਰਿਆਵਾਂ ਦੀਆਂ ਫੋਟੋਆਂ ਦਾ ਕੋਲਾਜ਼ ਤਿਆਰ ਕਰਕੇ ਸਕੂਲ ਰਿਕਾਰਡ ‘ਚ ਰੱਖਣਗੇ।
ਇਸ ਤੋਂ ਇਲਾਵਾ ਸਮੂਹ ਸਕੂਲ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) , ਡਾਈਟ ਪ੍ਰਿੰਸੀਪਲ , ਡਾਈਟ ਮੈਥ ਫੈਕਲਟੀ ਅਤੇ ਬਲਾਕ ਨੋਡਲ ਅਫ਼ਸਰ ਸਕੂਲਾਂ ਵਿੱਚ ਕਰਵਾਏ ਜਾ ਰਹੇ ਆਨਲਾਈਨ ਗਣਿਤ ਮੇਲੇ ਦੀ ਮਾਨੀਟਰਿੰਗ ਕਰਕੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਨਗੇ।

LEAVE A REPLY