ਮੋਹਾਲੀ, 1 ਮਈ, ਮਹੇਸ਼
12ਵੀਂ ਕਲਾਸ ਦੇ ਪੰਜਾਬ ਦਾ ਇਤਿਹਾਸ ਦੀਆਂ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਤਿੰਨ ਵਿਵਾਦਤ ਕਿਤਾਬਾਂ ਦੀ ਵਿਕਰੀ ਉਤੇ ਪੰਜਾਬ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਇਨ੍ਹਾਂ ਵਿਵਾਦਤ ਕਿਤਾਬਾਂ ਨੂੰ ਲੈ ਸੰਘਰਸ਼ ਕੀਤਾ ਜਾ ਰਿਹਾ ਹੈ। ਬਲਦੇਵ ਸਿੰਘ ਸਿਰਸਾ ਵੱਲੋਂ 12ਵੀਂ ਕਲਾਸ ਦੇ ਪੰਜਾਬ ਦੇ ਇਤਿਹਾਸ ਵਿਸ਼ੇ ਨਾਲ ਸਬੰਧਤ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਪੁਸਤਕਾ ਵਿਚ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਦਰਜ ਕੁੱਝ ਟਿੱਪਣੀਆਂ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਸਨ। ਇਸ ਤੋਂ ਬਾਅਦ ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਰਿਪੋਰਟ ’ਤੇ ਕਾਰਵਾਈ ਕਰਦਿਆ 12ਵੀਂ ਸ਼੍ਰੇਣੀ ਦੇ ਪੰਜਾਬ ਦਾ ਇਤਿਹਾਸ ਦੀਆਂ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਵਿਵਾਦਿਤ 3 ਪੁਸਤਕਾਂ ਦੀ ਵਿੱਕਰੀ ’ਤੇ ਤੁਰੰਤ ਪਾਬੰਦੀ ਲਗਾਉਣ ਅਤੇ ਇਨ੍ਹਾਂ ਪੁਸਤਕਾਂ ਨੂੰ ਕਿਸੇ ਵੀ ਰੂਪ ਵਿਚ ਪੰਜਾਬ ਰਾਜ ਦੇ ਸਕੂਲਾਂ ਵਿਚ ਨਹੀਂ ਪੜ੍ਹਾਉਣ ਦਾ ਫ਼ੈਸਲਾ ਕੀਤਾ ਹੈ ਜਦਕਿ ਇਸ ਸ਼੍ਰੇਣੀ ਦੇ ਇਸੇ ਵਿਸ਼ੇ ਦੀਆਂ ਕੁਝ ਹੋਰ ਪੁਸਤਕਾਂ ਦੀ ਪੜਤਾਲ ਦੀ ਰਿਪੋਰਟ ਪ੍ਰਾਪਤ ਹੋਣ ’ਤੇ ਉਨ੍ਹਾਂ ’ਤੇ ਵੀ ਲੋੜੀਂਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੜਤਾਲੀਆ ਅਫ਼ਸਰ ਆਈ.ਪੀ.ਐਸ. ਮਲਹੋਤਰਾ ਨੇ ਪੜਤਾਲ ਰਿਪੋਰਟ ’ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਇਹ ਕਦਮ ਚੁੱਕਿਆ।