ਸਿੱਖਿਆ ਦੇ ਖੇਤਰ ਅੰਦਰ ਸੁਧਾਰ ਲਿਆਉਣ ਲਈ ਅਧਿਆਪਕ ਵਰਗ ਦੇ ਸਹਿਯੋਗ ਦੀ ਅਹਿਮ ਲੋੜ : ਸਿੱਖਿਆ ਮੰਤਰੀ

    0
    78

    • Google+

    ਕੈਬਨਿਟ ਮੰਤਰੀ ਨੇ ਡਾ. ਭੀਮ ਰਾਓ ਅੰਬੇਦਕਰ ਸਟੈਮ ਲੈਬ ਦਾ ਕੀਤਾ ਉਦਘਾਟਨ
    ਬੁਢਲਾਡਾ/ਮਾਨਸਾ, 06 ਮਈ, ਬਲਵਿੰਦਰ  :
    ਸਿੱਖਿਆ ਦੇ ਖੇਤਰ ਅੰਦਰ ਸੁਧਾਰ ਲਿਆਉਣ ਲਈ ਅਧਿਆਪਕ ਵਰਗ ਦੇ ਸਹਿਯੋਗ ਦੀ ਅਹਿਮ ਲੋੜ ਹੈ। ਪਿਛਲੀਆਂ ਸਰਕਾਰਾਂ ਨੇ ਸੂਬੇ ਦੀ ਸਿੱਖਿਆ ਵਿਵਸਥਾ ਵੱਲ ਬਿਲਕੁੱਲ ਧਿਆਨ ਨਹੀ ਦਿੱਤਾ, ਜਿਸ ਕਰਕੇ ਸਿੱਖਿਆ ਪ੍ਰਣਾਲੀ ’ਚ ਵੱਡੇ ਪੱਧਰ ’ਤੇ ਸੁਧਾਰ ਲਿਆਉਣ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ (ਮਾਨਸਾ) ਦਾ ਦੌਰਾ ਕਰਨ ਵੇਲੇ ਸੰਸਥਾਨ ’ਚ ਰੱਖੇ ਸਾਦੇ ਸਮਾਗਮ ਦੌਰਾਨ ਕੀਤਾ।
    ਸਿੱਖਿਆ ਮੰਤਰੀ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਦੂਜੇ ਸੂਬਿਆ ਦੇ ਮੁਕਾਬਲੇ ਬੁਲੰਦੀਆਂ ’ਤੇ ਲਿਆਉਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ, ਜਿਸ ਦੇ ਲਈ ਅਧਿਆਪਕਾਂ ਨੂੰ ਵੀ ਉੱਚ ਪੱਧਰੀ ਸਿਖਲਾਈ ਦਿਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨਾਂ ਕਿਹਾ ਕਿ ਸਕੂਲਾਂ ਵਿਚ ਹਰ ਲੋੜੀਂਦੀ ਜ਼ਰੂਰਤ ਪੂਰੀ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਸੁਚੱਜੀ ਸਿੱਖਿਆ ਅਤੇ ਪੜਾਈ ਦਾ ਵਧੀਆ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀ ਪੰਜਾਬ ਨੂੰ ਆਪਣੇ ਖੰਭਾਂ ’ਤੇ ਲੈ ਕੇ ਉੱਡ ਸਕਣ।
    ਕੈਬਨਿਟ ਮੰਤਰੀ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਸਕੂਲਾਂ ਕਾਲਜਾਂ ਵਿਖੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੀ ਜਲਦੀ ਮੈਰਿਟ ਦੇ ਆਧਾਰ ’ਤੇ ਭਰਤੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਆਪ ਸਰਕਾਰ ਦਾ ਸੁਪਨਾ ਹੈ ਕਿ ਪੰਜਾਬ ਦਾ ਕੋਈ ਵੀ ਲੋੜਵੰਦ ਨੌਜਵਾਨ ਆਰਥਿਕ ਤੰਗੀ ਕਾਰਣ ਪੜਨ ਤੋਂ ਵਾਂਝਾਂ ਨਾ ਰਹੇ, ਜਿਸਦੇ ਲਈ ਸਰਕਾਰੀ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ’ਚ ਹਰੇਕ ਲੋੜੀਂਦੇ ਪ੍ਰਬੰਧਾਂ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ।
    ਉਨਾਂ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਦੀ ਦਿੱਖ ਨੂੰ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਆਧੁਨਿਕ ਸੁਵਿਧਾਵਾਂ ਨਾਲ ਪੰਜਾਬ ਅੰਦਰ ਸਮਾਰਟ ਡਾਇਟ ਦਾ ਦਰਜ਼ਾ ਦਿਵਾਉਣ ਲਈ ਪਿ੍ਰੰਸੀਪਲ ਡਾ. ਬੂਟਾ ਸਿੰਘ ਸੇਖੋਂ ਸਮੇਤ ਹੋਰਨਾਂ ਅਧਿਆਪਕ ਸਾਹਿਬਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅਜਿਹੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਆਪਣੇ ਪੱਧਰ ਦੇ ਆਪੋ ਆਪਣੀਆਂ ਸੰਸਥਾਵਾਂ ਨੂੰ ਬਿਹਤਰ ਬਣਾਇਆ ਅਤੇ ਸਰਕਾਰ ਵੱਲੋਂ ਇਨ੍ਹਾਂ ਨੂੰ ਹੋਰ ਵੀ ਵਧੀਆ ਮੰਚ ਮੁਹੱਈਆ ਕਰਵਾਇਆ ਜਾਵੇਗਾ।
    ਕੈਬਨਿਟ ਮੰਤਰੀ ਸ੍ਰੀ ਮੀਤ ਹੇਅਰ ਨੇ ਇਸ ਤੋਂ ਪਹਿਲਾ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਡਾ. ਭੀਮ ਰਾਓ ਅੰਬੇਦਕਰ ਸਟੈਮ ਲੈਬ ਦਾ ਉਦਘਾਟਨ ਕੀਤਾ ਅਤੇ ਕਲਾਸ ਰੂਮ, ਕੰਪਿਊਟਰ ਲੈਬ, ਖੇਡ ਮੈਦਾਨ, ਓਪਨ ਜਿੰਮ ਅਤੇ ਅੰਗਰੇਜ਼ੀ ਲੈਬ ਤੋਂ ਇਲਾਵਾ ਆਰਟ ਰੂਮ ਦਾ ਵੀ ਜਾਇਜ਼ਾ ਲਿਆ। ਡਾਇਟ ਵਿਦਿਆਰਥੀਆਂ ਵੱਲੋਂ ਸਮਾਗਮ ਦੌਰਾਨ ਸਵਾਗਤੀ ਗੀਤ ਰਾਹੀਂ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ ਕੀਤਾ।
    ਇਸ ਮੌਕੇ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧਰਾਮ, ਹਲਕਾ ਵਿਧਾਇਕ ਸਰਦੂਲਗੜ ਗੁਰਪ੍ਰੀਤ ਸਿੰਘ ਬਣਾਂਵਾਲੀ, ਡਾਇਰੈਕਟਰ ਐਸ.ਸੀ.ਈ.ਆਰ.ਟੀ  ਡਾ. ਮਨਿੰਦਰ ਸਿੰਘ ਸਰਕਾਰੀਆ, ਡਿਪਟੀ ਕਮਿਸ਼ਨਰ ਮਾਨਸਾ ਜਸਪ੍ਰੀਤ ਸਿੰਘ, ਜ਼ਿਲਾ ਪੁਲਿਸ ਮੁਖੀ ਗੋਰਵ ਤੁਰਾ, ਚਰਨਜੀਤ ਸਿਘ ਅੱਕਾਂਵਾਲੀ ਜ਼ਿਲਾ ਪ੍ਰਧਾਨ ਆਪ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵਿਦਿਆਰਥੀ ਹਾਜ਼ਰ ਸਨ।

    LEAVE A REPLY