‘ਆਪ’ ਪੰਜਾਬ ਦੇ ਪ੍ਰਭਾਰੀ ਜਰਨੈਲ ਸਿੰਘ ਅਤੇ ਪੰਜਾਬ ਸਰਕਾਰ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪਾਰਟੀ ‘ਚ ਕਰਵਾਇਆ ਸ਼ਾਮਲ
-ਵਿਧਾਨ ਸਭਾ ਚੋਣਾ ਦੀ ਤਰ੍ਹਾਂ ਨਗਰ ਨਿਗਮ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਹੋਵੇਗੀ ਸ਼ਾਨਦਾਰ ਜਿੱਤ: ਜਰਨੈਲ ਸਿੰਘ
ਚੰਡੀਗੜ੍ਹ, 11 ਮਈ, ਵਰਿੰਦਰ
ਪੰਜਾਬ ਵਿੱਚ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਬੁੱਧਵਾਰ ਨੂੰ ਹੁਸ਼ਿਆਰਪੁਰ ਨਗਰ ਨਿਗਮ ਵਿਚ ਪਾਰਟੀ ਨੂੰ ਉਸ ਸਮੇਂ ਇੱਕ ਵੱਡੀ ਮਜ਼ਬੂਤੀ ਮਿਲੀ, ਜਦੋਂ ਅੱਧਾ ਦਰਜਨ ਤੋਂ ਜ਼ਿਆਦਾ ਮੌਜੂਦਾ ਅਤੇ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਪਾਰਟੀ ਦੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ, ਪੰਜਾਬ ਸਰਕਾਰ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਡਾ. ਬਲਬੀਰ ਸਿੰਘ, ਰਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਦੀ ਮੌਜੂਦਗੀ ਵਿੱਚ ਸਾਰੇ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਬੁੱਧਵਾਰ ਨੂੰ ਚੰਡੀਗੜ੍ਹ ‘ਚ ਪਾਰਟੀ ਮੁੱਖ ਦਫ਼ਤਰ ਵਿੱਚ ਹੁਸ਼ਿਆਰਪੁਰ ਨਗਰ ਨਿਗਮ ਦੇ ਮੌਜੂਦਾ ਕੌਂਸਲਰ ਮੋਨਿਕਾ ਕਟਰਾ, ਬਲਵਿੰਦਰ ਕੌਰ ਅਤੇ ਬਿਮਲਾ ਦੇਵੀ ਸ਼ਾਮਲ ਹੋਏ, ਜਦੋਂ ਕਿ ਸਾਬਕਾ ਕੌਂਸਲਰ ਤੀਰਥ ਸਿੰਘ, ਕਮਲ ਕਟਾਰੀਆ ਅਤੇ ਕੁਲਮਿੰਦਰ ਸਿੰਘ ਹੁੰਡਾਲ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਨ੍ਹਾਂ ਦੇ ਨਾਲ ਸਥਾਨਕ ਆਗੂ ਬਲਵਿੰਦਰ ਕਟਰਾ ਅਤੇ ਮਨਜੀਤ ਸਿੰਘ ਵੀ ‘ਆਪ’ ‘ਚ ਸ਼ਾਮਲ ਹੋਏ।
ਸਾਰੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਪਾਰਟੀ ਨੂੰ ਪੰਜਾਬ ਸਮੇਤ ਦੇਸ਼ ਭਰ ਵਿੱਚ ਮਜ਼ਬੂਤ ਬਣਾ ਰਹੇ ਹਨ। ਵਿਧਾਨ ਸਭਾ ਚੋਣਾ ਦੀ ਤਰਾਂ ਆਉਣ ਵਾਲੀਆਂ ਨਗਰ ਨਿਗਮ ਚੋਣਾ ਵਿੱਚ ਵੀ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਦਰਜ ਕਰਵਾਏਗੀ ਅਤੇ ਸਾਰੀਆਂ ਨਗਰ ਨਿਗਮਾਂ ਵਿੱਚ ਆਪਣੇ ਮੇਅਰ ਬਣਾਏਗੀ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਹੁਸ਼ਿਆਰਪੁਰ ਲੋਕ ਸਭਾ ਦੇ ਪ੍ਰਭਾਰੀ ਹਰਮਿੰਦਰ ਸਿੰਘ ਬਖ਼ਸ਼ੀ, ਜ਼ਿਲ੍ਹਾ ਪ੍ਰਧਾਨ ਦਲੀਪ ਅੋਹਨੀ, ਜ਼ਿਲ੍ਹਾ ਸਕੱਤਰ ਕਰਮਜੀਤ ਕੌਰ , ਵਰਿੰਦਰ ਸ਼ਰਮਾ ਬਿੰਦੂ ਅਤੇ ਹੋਰ ਵਿਅਕਤੀ ਹਾਜ਼ਰ ਸਨ।