ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਚੁੱਲ੍ਹੇ ਹੋਏ ਠੰਡੇ, ਤਿੰਨ ਮਹੀਨੇ ਤੋਂ ਮਾਣਭੱਤਾ ਨਾ ਮਿਲਿਆ

    0
    74
    ਹਫਤੇ ‘’ਚ ਮੰਗਾਂ ਨਾ ਮੰਨੀਆਂ ਤਾਂ ਡਾਇਰੈਕਟੋਰੇਟ ਦਾ ਘਿਰਾਓ ਕੀਤਾ ਜਾਵੇਗਾ : ਆਂਗਣਵਾੜੀ ਮੁਲਾਜ਼ਮ ਯੂਨੀਅਨ

    ਚੰਡੀਗੜ੍ਹ, 16 ਮਈ, ਰਾਜੀਵ 

    ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ, ਜਨਰਲ ਸਕੱਤਰ ਸੁਭਾਸ਼ ਰਾਣੀ, ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ  ਆਂਗਣਵਾੜੀ ਵਰਕਰ ਹੈਲਪਰ ਜੋ ਬਹੁਤ ਹੀ ਨਿਗੂਣੇ ਜਿਹੇ ਮਾਣਭੱਤੇ ਵਿਚ ਕੰਮ ਕਰਦੀਆਂ ਹਨ ਅਤੇ ਬਹੁਤ ਸਾਰੇ ਵਰਕਰ ਹੈਲਪਰਾਂ ਦਾ ਗੁਜ਼ਾਰਾ ਇਸੇ ਮਾਣ ਭੱਤੇ ਉੱਤੇ ਨਿਰਭਰ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਬਿਨਾਂ ਮਾਣਭੱਤੇ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ ਕਿ 6 ਮਈ ਨੂੰ ਵਿਭਾਗੀ ਡਾਇਰੈਕਟਰ ਅਰਵਿੰਦਰਪਾਲ ਸਿੰਘ ਸੰਧੂ ਨਾਲ ਜਥੇਬੰਦੀ ਦੇ ਵਫਦ ਦੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਜਿੱਥੇ ਵੱਖ ਵੱਖ ਮੰਗਾਂ ਉੱਤੇ ਚਰਚਾ ਹੋਈ ਉੱਥੇ ਹੀ ਮਾਣ ਭੱਤੇ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ  ਮਾਣਭੱਤੇ ਦੀ ਮਨਜ਼ੂਰੀ ਲੈਂਦੇ ਹੋਏ ਮਾਣਭੱਤਾ  ਜਾਰੀ ਕਰ ਦਿੱਤਾ ਜਾਵੇਗਾ। ਪਰ ਦਸ ਦਿਨ ਬੀਤ ਚੁੱਕੇ ਹਨ। ਅਜੇ ਵੀ ਮਾਣ ਭੱਤੇ ਦੇ ਆਉਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਵੱਲੋਂ ਵੱਖ ਵੱਖ ਥਾਵਾਂ ਉਤੇ ਵਿਭਾਗੀ ਮੰਤਰੀ ਨੂੰ ਮਿਲ ਕੇ ਵੀ ਮੰਗ ਪੱਤਰ ਸੌਂਪੇ ਗਏ ਹਨ। ਦੂਜੀ ਉਨ੍ਹਾਂ ਨੇ ਕਿਹਾ ਕਿ ਸਾਰੇ ਸਰਕਾਰੀ ਪ੍ਰਾਇਮਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਮੇਂ ਦੀ ਤਬਦੀਲੀ ਕਰ ਦਿੱਤੀ ਗਈ ਹੈ, ਪਰ ਆਂਗਨਵਾੜੀ ਕੇਂਦਰਾਂ ਦਾ ਸਮਾਂ ਜਿਉਂ ਦਾ ਤਿਉਂ ਹੈ। ਜਦੋਂ ਕਿ ਆਂਗਨਵਾੜੀ ਕੇਂਦਰਾਂ ਵਿੱਚ ਬਿਜਲੀ ਪਾਣੀ ਦਾ ਸੰਪੂਰਨ ਪ੍ਰਬੰਧ ਨਹੀਂ ਹੈ। ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਆਂਗਨਵਾੜੀ ਕੇਂਦਰਾਂ ਵਿੱਚ ਵੀ ਸਕੂਲਾਂ ਦੇ ਨਾਲ ਹੀ ਗਰਮੀ ਦੀਆਂ ਛੁੱਟੀਆਂ ਕੀਤੀਆਂ ਜਾਣ। ਉਨ੍ਹਾਂ ਨੇ ਕਿਹਾ ਕਿ ਜੇਕਰ ਹਫ਼ਤੇ ਦੇ  ਵਿਚ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਮਜਬੂਰਨ ਸੰਘਰਸ਼ ਦੇ ਰਾਹ ਉੱਤੇ ਉਤਰਦੇ ਹੋਏ ਡਾਇਰੈਕਟੋਰੇਟ ਦਾ ਘਿਰਾਓ ਕੀਤਾ ਜਾਵੇਗਾ।

    LEAVE A REPLY