ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ‘ਚ ਮਹਿੰਗੀ ਰੇਤ ਨੂੰ ਲੈ ਕੇ ਸੁਖਬਿੰਦਰ ਸਰਕਾਰੀਆ ਤੇ ਹਰਜੋਤ ਸਿੰਘ ਬੈਂਸ ਵਿਚਾਲੇ ਹੋਈ ਨੋਕ-ਝੋਕ
ਚੰਡੀਗੜ੍ਹ/ 25 ਜੂਨ/ ਮਨਦੀਪ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੰਨਿਆ ਹੈ ਕਿ ਉਨ੍ਹਾਂ ਕੋਲ ਸੂਚੀ ਹੈ। ਕਾਂਗਰਸੀਆਂ ਨੇ ਇਸ ਦਾ ਵਿਰੋਧ ਕੀਤਾ।ਸ਼ੁਰੂਆਤ ਵਿੱਚ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਇਸ ਸਮੇਂ ਮੰਡੀ ਵਿੱਚ ਰੇਤੇ ਦਾ ਔਸਤ ਰੇਟ 26 ਤੋਂ 28 ਰੁਪਏ ਅਤੇ ਬਜਰੀ ਦਾ 29 ਤੋਂ 30 ਰੁਪਏ ਹੈ। 16 ਮਾਰਚ ਤੋਂ 22 ਜੂਨ 2022 ਤੱਕ 30 ਕਰੋੜ 8 ਲੱਖ ਦੀ ਆਮਦਨ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੀ ਨੀਤੀ ਅਨੁਸਾਰ 7 ਬਲਾਕ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ 3 ਬੰਦ ਪਏ ਹਨ। ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ 277 ਕੇਸ ਦਰਜ ਕੀਤੇ ਗਏ ਹਨ। ਮਾਈਨਿੰਗ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸਾਢੇ ਪੰਜ ਰੁਪਏ ਫੁੱਟ ਰੇਟ ਕਿਹਾ ਸੀ ਪਰ ਨਹੀਂ ਮਿਲਿਆ।ਸਦਨ ‘ਚ ਮਹਿੰਗੀ ਰੇਤ ਨੂੰ ਲੈ ਕੇ ਸਾਬਕਾ ਮਾਈਨਿੰਗ ਮੰਤਰੀ ਸੁਖਬਿੰਦਰ ਸਰਕਾਰੀਆ ਤੇ ਮੌਜੂਦਾ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਵਿਚਾਲੇ ਵੀ ਨੋਕ-ਝੋਕ ਹੋਈ।ਸਰਕਾਰੀਆ ਨੇ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਰੇਤ ਦੀ ਨਿਲਾਮੀ ਨਾਲ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚ 20 ਹਜ਼ਾਰ ਕਰੋੜ ਰੁਪਏ ਆਉਣਗੇ। ਜੇਕਰ ਨਹੀਂ ਆਏ ਤਾਂ ਕੀ ਮੰਤਰੀ ‘ਤੇ ਕਾਰਵਾਈ ਹੋਵੇਗੀ ਜਿਹੜੇ ਇੱਥੇ ਦਾਅਵੇ ਕਰ ਰਹੇ ਹਨ।