ਪੱਕੇ ਕਰਨ ਦੀ ਥਾਂ ‘ਆਪ’ ਸਰਕਾਰ ਪਈ ਕੱਚੇ ਅਧਿਆਪਕਾਂ ਨੂੰ ਜ਼ਲੀਲ ਕਰਨ ਦੇ ਰਾਹ : ਡੀ.ਟੀ.ਐਫ.

0
52

  • Google+

(ਪੰਜਾਬ ਰੀਫਲੈਕਸ਼ਨ) ਚੰਡੀਗੜ੍ਹ, 17 ਅਪ੍ਰੈਲ,:

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਭਗਵੰਤ ਮਾਨ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨਾਲ ਲਗਾਤਾਰ ਕੀਤੇ ਜਾ ਰਹੇ ਅਨਿਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਇਹ ਸਰਕਾਰ ਲਗਾਤਾਰ ਇਹਨਾਂ ਅਧਿਆਪਕਾਂ ਨੂੰ ਪੱਕੇ ਕਰਨ ਤੋਂ ਭੱਜ ਰਹੀ ਹੈ| ਪੱਕੇ ਕਰਨ ਦੇ ਵੱਡੇ ਵੱਡੇ ਬੋਰਡ ਲਾਉਣ ਵਾਲੀ ਇਸ ‘ਵਿਗਿਆਪਨ ਸਰਕਾਰ’ ਨੇ ਅਮਲੀ ਤੌਰ ‘ਤੇ ਇੱਕ ਵੀ ਅਧਿਆਪਕ ਪੱਕਾ ਨਹੀਂ ਕੀਤਾ। ਸਾਲਾਂ ਬੱਧੀ ਸ਼ੋਸ਼ਣ ਦਾ ਸ਼ਿਕਾਰ ਰਹਿਣ ਤੋਂ ਬਾਅਦ ਬਹੁਤ ਸੱਧਰਾਂ ਨਾਲ ਤਿਆਰ ਕਰਕੇ ਭੇਜੇ ਇਹਨਾਂ ਅਧਿਆਪਕਾਂ ਦੇ ਕੇਸ ਕਿੰਨੇ ਹੀ ਮਹੀਨਿਆਂ ਤੋਂ ਸਿੱਖਿਆ ਦਫਤਰਾਂ ਵਿੱਚ ਮਿੱਟੀ ਘੱਟੇ ਵਿੱਚ ਰੁਲ ਰਹੇ ਹਨ। ਸਰਕਾਰ ਉਲਟਾ ਇਹਨਾਂ ਅਧਿਆਪਕਾਂ ਨੂੰ ਡਰਾਉਣ-ਧਮਕਾਉਣ ਅਤੇ ਇਹਨਾਂ ਦੀ ਬੇਪਤੀ ਕਰਨ ਦੇ ਰਾਹ ਪਈ ਹੋਈ ਹੈ।

ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਨਾਮ ਵਰਤ ਕੇ ਸੱਤਾ ਵਿੱਚ ਆਈ ਇਹ ਸਰਕਾਰ ਕੱਚੇ ਅਧਿਆਪਕਾਂ ਦੀਆਂ ਸੱਧਰਾਂ ਦਾ ਕਤਲ ਕਰਨ ਤੋਂ ਬਾਜ ਆ ਜਾਵੇ, ਨਹੀਂ ਤਾਂ ਡੀ.ਟੀ.ਐਫ. ਇਸ ਮਸਲੇ ‘ਤੇ ਤਿੱਖੇ ਸੰਘਰਸ਼ਾਂ ਵਿੱਚ ਮੋਹਰੀ ਰੋਲ ਅਦਾ ਕਰੇਗੀ। ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਔਜਲਾ, ਸੂਬਾ ਜਥੇਬੰਦਕ ਸਕੱਤਰ ਕਰਨੈਲ ਸਿੰਘ ਚਿੱਟੀ, ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ , ਵਿੱਤ ਸਕੱਤਰ ਜਸਵਿੰਦਰ ਬਠਿੰਡਾ ਤੇ ਪ੍ਰੈੱਸ ਸਕੱਤਰ ਗੁਰਮੀਤ ਕੋਟਲੀ ਨੇ ਕਿਹਾ ਕਿ ਲਗਾਤਾਰ ਕਈ ਦਹਾਕਿਆਂ ਤੋਂ ਇਹ ਅਧਿਆਪਕ ਮਹਿਜ ਪੰਜ-ਛੇ ਹਜ਼ਾਰ ਰੁਪਏ ਮਹੀਨਾ ‘ਤੇ ਕੰਮ ਕਰ ਰਹੇ ਹਨ, ਇਸ ਤੋਂ ਵੱਡੀ ਕਿਰਤ ਦੀ ਲੁੱਟ ਦੀ ਉਦਾਹਰਣ ਹੋਰ ਨਹੀਂ ਮਿਲ ਸਕਦੀ।

ਆਗੂਆਂ ਨੇ ਕਿਹਾ ਕਿ ਸਰਕਾਰ ਤੁਰੰਤ ਇਕੱਲੇ-ਇਕੱਲੇ ਅਧਿਆਪਕ ਨੂੰ ਰੈਗੂਲਰ ਹੋਣ ਦੇ ਆਰਡਰ ਜਾਰੀ ਕਰੇ,ਨਹੀਂ ਫਿਰ ਤਿੱਖੇ ਸੰਘਰਸ਼ ਲਈ ਤਿਆਰ ਰਹੇ। ਉਹਨਾਂ ਕਿਹਾ ਕਿ ਕੱਚੇ ਅਧਿਆਪਕਾ਼ਂ ਨੂੰ ਪੱਕੇ ਕਰਨ ਅਤੇ ਹੋਰ ਅਧਿਆਪਕ ਮੰਗਾਂ ਲਈ ਡੀ.ਟੀ.ਐਫ. ਵੱਲੋਂ 7 ਮਈ ਨੂੰ ਜਲੰਧਰ ਲੋਕ ਸਭਾ ਹਲਕੇ ਵਿੱਚ ਸਰਕਾਰ ਖਿਲਾਫ਼ ਝੰਡਾ ਮਾਰਚ ਕੀਤਾ ਜਾ ਰਿਹਾ ਹੈ।

LEAVE A REPLY