ਸਿਹਤ ਵਿਭਾਗ ਵੱਲੋਂ “ਵਿਸ਼ਵ ਨਮੋਨੀਆ ਦਿਵਸ” ਮੌਕੇ ਲੋਕਾਂ ਨੂੰ ਕੀਤਾ ਜਾਗਰੂਕ

0
33
ਸਿਹਤ ਵਿਭਾਗ

ਨਮੋਨੀਆ ਦੀ ਰੋਕਥਾਮ ਲਈ ਟੀਕਾਕਰਨ, ਸਫਾਈ ਅਤੇ ਸਿਹਤਮੰਦ ਜੀਵਣ-ਸ਼ੈਲੀ ਦੀ ਪਾਲਣਾ ਕਰਨਾ ਜਰੂਰੀ : ਸਿਵਲ ਸਰਜਨ ਡਾ. ਗੁਰਮੀਤ ਲਾਲ

ਜਲੰਧਰ 12 ਨਵੰਬਰ (ਨੀਤੂ ਕਪੂਰ)- ਆਮ ਲੋਕਾਂ ਵਿੱਚ ਨਿਮੋਨੀਆ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਮੰਗਲਵਾਰ ਨੂੰ “ਵਿਸ਼ਵ ਨਿਮੋਨੀਆ ਦਿਵਸ” ਮੌਕੇ ਐਮ.ਸੀ.ਐਚ. ਸੈਂਟਰ ਸਿਵਲ ਹਸਪਤਾਲ ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਜਾਗਰੂਕਤਾ ਸੈਮੀਨਾਰ ਵਿੱਚ ਸਿਵਲ ਸਰਜਨ ਡਾ. ਗੁਰਮੀਤ ਲਾਲ ਅਤੇ ਮੈਡੀਕਲ ਸੁਪਰਡੈਂਟ ਡਾ. ਗੀਤਾ ਕਟਾਰੀਆ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।

ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਲੋਕਾਂ ਵਿੱਚ ਨਮੋਨੀਆ ਬਿਮਾਰੀ ਪ੍ਰਤੀ ਜਨ-ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਹਰ ਸਾਲ 12 ਨਵੰਬਰ ਨੂੰ ਵਿਸ਼ਵ ਭਰ ਵਿੱਚ “ਵਿਸ਼ਵ ਨਮੋਨੀਆ ਦਿਵਸ” ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦੇ ਇਮਿਊਨ ਸਿਸਟਮ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ ਹਨ, ਇਸ ਲਈ ਉਹ ਰੋਗਾਂ ਨਾਲ ਲੜ੍ਹਨ ਦੇ ਘੱਟ ਸਮਰੱਥ ਹੁੰਦੇ ਹਨ ਜਿਸ ਕਾਰਣ ਨਮੋਨੀਆ ਆਮ ਤੌਰ ‘ਤੇ ਛੋਟੇ ਬੱਚਿਆਂ ਵਿੱਚ ਜਲਦੀ ਵਿਕਸਤ ਹੁੰਦਾ ਹੈ, ਹਾਲਾਂਕਿ ਨਿਮੋਨੀਆ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ।ਕਈ ਵਾਰ ਇਹ ਬਿਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਇਲਾਜ ਹੋ ਜਾਵੇ ਤਾਂ ਮਰੀਜ਼ ਠੀਕ ਹੋ ਜਾਂਦਾ ਹੈ ਪਰ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਮਰੀਜ਼ ਦੀ ਹਾਲਤ ਗੰਭੀਰ ਹੋ ਸਕਦੀ ਹੈ।ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਮੋਨੀਆ ਨੂੰ ਪੂਰੀ ਤਰ੍ਹਾਂ ਰੋਕਣ ਲਈ ਟੀਕਾਕਰਨ, ਸਫਾਈ ਅਤੇ ਸਿਹਤਮੰਦ ਜੀਵਣ-ਸ਼ੈਲੀ ਦੀ ਪਾਲਣਾ ਕਰਨਾ ਬਹੁਤ ਜਰੂਰੀ ਹੈ। ਇਸ ਲਈ ਨਮੋਨੀਆ ਬਿਮਾਰੀ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿੰਦੇ ਹੋਏ ਹੋਰ ਲੋਕਾਂ ਨੂੰ ਵੀ ਨਮੋਨੀਆ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।

ਨਮੋਨੀਆ ਤੋਂ ਬਚਾਓ ਲਈ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਦੀ ਜਰੂਰਤ

ਮੈਡੀਕਲ ਸੁਪਰਡੈਂਟ ਡਾ. ਗੀਤਾ ਕਟਾਰੀਆ ਨੇ ਕਿਹਾ ਕਿ ਨਮੋਨੀਆ ਅੱਜ ਵੀ ਇੱਕ ਵੱਡੀ ਸਿਹਤ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਭੋਜਨ ਖਾਣਾ, ਨਿਯਮਿਤ ਤੌਰ ‘ਤੇ ਕਸਰਤ ਕਰਨਾ ਅਤੇ ਸਿਗਰਟਨੋਸ਼ੀ ਨਾ ਕਰਨਾ ਨਮੋਨੀਆ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਵਿੱਚ ਦਿਲ,ਫੇਫੜਿਆਂ ਦੀ ਬਿਮਾਰੀ, ਸ਼ੂਗਰ ਆਦਿ ਸਿਹਤ ਸਮੱਸਿਆਵਾਂ ਨਮੋਨੀਆ ਦੇ ਜ਼ੋਖਮ ਨੂੰ ਵਧਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਮੋਨੀਆ ਤੋਂ ਬਚਾਓ ਲਈ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਦੀ ਜਰੂਰਤ ਹੈ।

ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਰਿਸ਼ੀ ਨੇ ਨਮੋਨੀਆ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੱਚਿਆਂ ਵਿੱਚ ਉਲਟੀਆਂ, ਦਸਤ, ਸਾਹ ਲੈਣ ਵਿੱਚ ਤਕਲੀਫ, ਦੁੱਧ ਨਾ ਪੀਣਾ, ਬੁਖਾਰ ਦੇ ਨਾਲ ਠੰਡ ਲੱਗਣੀ, ਚਮੜੀ ਦਾ ਲਾਲ ਹੋਣਾ ਆਦਿ ਨਮੋਨੀਆ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਵਿੱਚ ਮਾਸ-ਪੇਸ਼ੀਆਂ ਵਿੱਚ ਦਰਦ, ਨਹੁੰ ਨੀਲੇ ਹੋ ਜਾਣਾ, ਠੰਡ ਲੱਗਣਾ, ਖੁਸ਼ਕ ਖੰਘ, ਕਮਜ਼ੋਰੀ ਮਹਿਸੂਸ ਕਰਨਾ, ਅਨਿਯਮਿਤ ਬਲੱਡ-ਪ੍ਰੈਸ਼ਰ ਇਸ ਬਿਮਾਰੀ ਦੇ ਲੱਛਣ ਹੋ ਸਕਦੇ ਹਨ।ਨਮੋਨੀਆ ਦਾ ਇਲਾਜ ਆਮ ਤੌਰ ‘ਤੇ ਮਰੀਜ਼ ਦੀ ਹਿਸਟਰੀ, ਸਰੀਰਿਕ ਮੁਆਇਨਾ, ਖੁਨ ਦੀ ਜਾਂਚ,ਥੁੱਕ ਦੀ ਜਾਂਚ ਅਤੇ ਛਾਤੀ ਦੇ ਐਕਸਰੇ ਦੇ ਆਧਾਰ ‘ਤੇ ਕੀਤਾ ਜਾਂਦਾ ਹੈ।

ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਪੌਦਾ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਅਤੇ ਸੰਭਾਲ ਦਾ ਦਿੱਤਾ ਸੰਦੇਸ਼

ਇਸ ਦੌਰਾਨ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਵਾਤਾਵਰਨ ਦੀ ਸ਼ੁੱਧਤਾ ਤੇ ਸੰਭਾਲ ਕਰਨ ਦੇ ਮਨੋਰਥ ਨਾਲ ਪੁਲੀਸ ਡੀ.ਏ.ਵੀ. ਪਬਲਿਕ ਸਕੂਲ ਦੇ ਐਨ.ਸੀ.ਸੀ.ਅਤੇ ਐੱਨ.ਐਸ.ਐਸ. ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਪ੍ਰੇਰਿਤ ਕਰਨ ਹਿੱਤ ਸਿਵਲ ਹਸਪਤਾਲ ਵਿਖੇ ਪੌਦੇ ਲਗਾਏ। ਉਨ੍ਹਾਂ ਕਿਹਾ ਕਿ ਹਰੇਕ ਮਨੁੱਖ ਨੂੰ ਆਪਣੇ ਹੱਥੀਂ ਇੱਕ ਪੌਦਾ ਜਰੂਰ ਲਾਉਣਾ ਚਾਹੀਦਾ ਹੈ, ਵਾਤਾਵਰਣ ਦੀ ਸੰਭਾਲ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਚਾਹੀਦੇ ਹਨ ਅਤੇ ਸਾਨੂੰ ਕੁਦਰਤ ਵਲੋਂ ਦਿੱਤੇ ਗਏ ਇਸ ਅਨਮੋਲ ਤੋਹਫੇ ਦੀ ਸੰਭਾਲ ਜਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ।

ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਐਸ.ਐਮ.ਓ. ਗਾਇਨੀ ਡਾ. ਵਰਿੰਦਰ ਕੌਰ ਥਿੰਦ, ਐਸ.ਐਮ.ਓ. ਡਾ. ਪਰਮਜੀਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐਮ.ਈ.ਆਈ. ਓ.ਅਸੀਮ ਸ਼ਰਮਾ, ਸਕੂਲ ਅਧਿਆਪਕ ਦੀਪਕ ਅਤੇ ਮਨਦੀਪ ਸਿੰਘ ਵੀ ਮੌਜੂਦ ਸਨ।

LEAVE A REPLY