ਜਲੰਧਰ 25 ਨਵੰਬਰ (ਨੀਤੂ ਕਪੂਰ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਲਈ ਅੱਜ ਦਾ ਦਿਨ ਬਹੁਤ ਮਾਣ ਵਾਲਾ ਹੋ ਗੁਜਰਿਆ ਜਦੋਂ ਭਾਰਤੀ ਚੋਣਕਾਰਾਂ ਵਲੋਂ ਜੂਨੀਅਰ ਹਾਕੀ ਏਸ਼ੀਆ ਕੱਪ ਲਈ ਕਾਲਜ ਦੇ ਤਿੰਨ ਵਿਦਿਆਰਥੀਆਂ ਗੁਰਜੋਤ ਸਿੰਘ, ਅਰਸ਼ਦੀਪ ਸਿੰਘ ਤੇ ਪ੍ਰਿੰਸਦੀਪ ਸਿੰਘ ਦੀ ਚੋਣ ਕੀਤੀ ਗਈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਮੌਕੇ ਹਾਜਰ ਸਟਾਫ ਮੈਂਬਰਾਨ ਨਾਲ ਖੁਸ਼ੀ ਦਾ ਇਜ਼ਹਾਰ ਪ੍ਰਗਟ ਕਰਦਿਆਂ ਦੱਸਿਆ ਕਿ ਸਮੇਂ-ਸਮੇਂ ਕਾਲਜ ਨੇ ਭਾਰਤੀ ਹਾਕੀ ਟੀਮ ਨੂੰ ਬਹੁਤ ਕਾਬਲ ਖਿਡਾਰੀ ਦਿੱਤੇ ਹਨ। ਇਨ੍ਹਾਂ ਵਿਚੋਂ ਕਾਲਜ ਦੇ ਕੁਝ ਖਿਡਾਰੀਆਂ ਨੇ ਭਾਰਤੀ ਹਾਕੀ ਟੀਮ ਦੀ ਰਹਿਨੁਮਾਈ ਵੀ ਕੀਤੀ ਹੈ। ਯੂਨੀਅਰ ਟੀਮ ਵਿਚ ਸ਼ਾਮਲ ਤਿੰਨੇ ਹੋਣਹਾਰ ਖਿਡਾਰੀਆਂ ਤੋਂ ਵੀ ਸਾਨੂੰ ਭਰਪੂਰ ਉਮੀਦਾਂ ਹਨ ਕਿ ਇਹ ਵੀ ਆਪਣੇ ਵੱਡਿਆਂ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਕਾਲਜ, ਪੰਜਾਬ ਅਤੇ ਭਾਰਤ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕਰਨਗੇ।
ਕਾਲਜ ਵਲੋਂ ਹੋਣਹਾਰ ਖਿਡਾਰੀਆਂ ਨੂੰ ਹਰ ਪ੍ਰਕਾਰ ਨਾਲ ਸਹਿਯੋਗ ਦੇਣ ਕਾਰਨ ਹੀ ਕਾਲਜ ਦੇ ਵੱਖ-ਵੱਖ ਖੇਡ ਵਿੰਗ ਭਾਰਤੀ ਖੇਡ ਟੀਮਾਂ ਦੀ ਨਰਸਰੀ ਵਜੋਂ ਕਾਰਜਸ਼ੀਲ ਹੈ। ਇਸ ਵਿਚ ਕਾਲਜ ਦੀ ਗਵਰਨਿੰਗ ਕੌਂਸਲ ਦਾ ਸਹਿਯੋਗ ਵੀ ਬਹੁਤ ਸ਼ਲਾਘਾਯੋਗ ਹੈ। ਇਸ ਮੌਕੇ ਪ੍ਰਿੰਸੀਪਲ ਸਾਹਿਬ ਨੇ ਅਰਸ਼ਦੀਪ ਸਿੰਘ, ਗੁਰਜੋਤ ਸਿੰਘ ਅਤੇ ਪ੍ਰਿੰਸਦੀਪ ਸਿੰਘ ਦੀ ਚੋਣ ਲਈ ਜਿੱਥੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਉੱਥੇ ਟੀਮ ਦੇ ਕੋਚ ਸ੍ਰੀ ਦਵਿੰਦਰਪਾਲ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੀ ਸੁਚੱਜੀ ਰਹਿਨੁਮਾਈ ਲਈ ਭਰਪੂਰ ਸ਼ਲਾਘਾ ਕੀਤੀ। ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਨੇ ਕਿਹਾ ਕਿ ਕਾਲਜ ਦੇ ਖੇਡ ਵਿਭਾਗ ਦੀਆਂ ਜੋ ਵੀ ਮੰਗਾਂ ਹੁੰਦੀਆਂ ਹਨ ਅਸੀਂ ਪਹਿਲ ਦੇ ਆਧਾਰ ‘ਤੇ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਰਦੇ ਰਹਾਂਗੇ।
ਜਿੱਥੇ ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਦਿਲੀ ਵਧਾਈਆਂ ਦਿੱਤੀਆਂ ਉੱਥੇ ਇਨ੍ਹਾਂ ਦੇ ਚੰਗੇਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਭੇਜੀਆਂ। ਕਾਲਜ ਖੇਡ ਵਿਭਾਗ ਦੇ ਡੀਨ ਡਾ. ਰਛਪਾਲ ਸਿੰਘ ਸੰਧੂ ਨੇ ਇਸ ਸਮੇਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਣ ਕੀਤਾ ਕਿ ਅਸੀਂ ਭੱਵਿਖ ਵਿਚ ਵੀ ਅਜਿਹੇ ਹੋਣਹਾਰ ਖਿਡਾਰੀ ਪੈਦਾ ਕਰਦੇ ਰਹਾਂਗੇ ਤਾਂ ਕਿ ਦੇਸ਼ ਦੀਆਂ ਖੇਡ ਪ੍ਰਾਪਤੀਆਂ ਵਿਚ ਸਾਡੇ ਖਿਡਾਰੀ ਚੰਗਾ ਨਾਮਨਾ ਖਟਦੇ ਰਹਿਣ। ਇਸ ਮੌਕੇ ਖੇਡ ਵਿਭਾਗ ਦੇ ਸਮੂਹ ਮੈਂਬਰ, ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਕੋਚਾਂ ਤੋਂ ਇਲਾਵਾ ਖਿਡਾਰੀਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ।