
_ਜਿਲ੍ਹਾ ਪੱਧਰੀ “ਕਿਸ਼ੋਰ ਸਿੱਖਿਆ ਪ੍ਰੋਗਰਾਮ” ਅਧੀਨ ਵੱਖ-ਵੱਖ ਮੁਕਾਬਲੇ ਕਰਵਾਏ
_ਏਡਜ਼ ਦੀ ਜਾਗਰੂਕਤਾ ਹੀ ਅਸਲ ਬਚਾਅ- ਰਾਜੀਵ ਜੋਸ਼ੀ
ਜਲੰਧਰ 2 ਦਸੰਬਰ ( ਕਪੂਰ) ਰਾਜ ਵਿੱਦਿਅਕ ਖੋਜ ਸਿਖਲਾਈ ਕੌਂਸਲ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੈਸ਼ਨਲ ਅਵਾਰਡੀ ਡਾ.ਗੁਰਿੰਦਰਜੀਤ ਕੌਰ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ-ਕਮ-ਨੋਡਲ ਅਫ਼ਸਰ ਸਟੇਟ ਅਵਾਰਡੀ ਰਾਜੀਵ ਜੋਸ਼ੀ ਦੀ ਅਗਵਾਈ ਤਹਿਤ ਅੱਜ ਜਿਲ੍ਹੇ ਦੇ ਸਰਕਾਰੀ ਮਾਡਲ ਸਹਿ-ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਿਲ੍ਹਾ ਪੱਧਰੀ ਇੱਕ ਰੋਜ਼ਾ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਹਰਜੀਤ ਕੁਮਾਰ ਬਾਵਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਏਡਜ਼ ਦਿਵਸ ਮੌਕੇ ਅੱਜ ਜਿਲੇ ਦੇ ਸਮੂਹ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ 160 ਦੇ ਕਰੀਬ ਵਿੱਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ।ਅੱਜ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਮੁੱਖ ਤੌਰ ਤੇ ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਸੁਨੀਤਾ ਸਹੋਤਾ ਦੀ ਅਗਵਾਈ ਵਿੱਚ ਕਰਵਾਏ ਗਏ ਲੇਖ ਮੁਕਾਬਲਿਆਂ ਦੌਰਾਨ ਵਿੱਦਿਆਰਥੀਆਂ ਵੱਲੋਂ ਏਡਜ਼ ਵਿਸ਼ੇ ‘ਤੇ ਰਚਨਾਤਮਕਤਾ ਦੇ ਕੌਸ਼ਲ ਵਿਖਾਏ ਗਏ। ਮੁੱਖ ਅਧਿਆਪਕ ਮਨੀਸ਼ ਚੋਪੜਾ ਨੇ ਦੱਸਿਆ ਕਿ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਵਿੱਦਿਆਰਥੀਆਂ ਵੱਲੋਂ ਬਹੁਤ ਹੀ ਦਿਲਚਸਪ ਅਤੇ ਸੰਖੇਪ ਵਿਚਾਰਾਂ ਨੂੰ ਕੈਨਵਸ ‘ਤੇ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਮਨਿੰਦਰ ਕੌਰ ਵੱਲੋਂ ਅੱਜ ਦੇ ਮੁਕਾਬਲਿਆਂ ਲਈ ਵਿੱਦਿਆਰਥੀਆਂ ਨੂੰ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਤਰਾਂ ਦੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਗਈਆਂ।ਇਸ ਤੋੰ ਅਲਾਵਾ ਅੱਜ ਦੇ ਪ੍ਰੋਗਰਾਮ ਦੌਰਾਨ ਲੈਕਚਰਾਰ ਨਰੇਸ਼ ਕੁਮਾਰ ਵੱਲੋਂ ਏਡਜ਼ ਦਿਵਸ ਦੇ ਮੌਕੇ ਏਡਜ਼ ਦੇ ਮੁੱਖ ਕਾਰਣਾਂ, ਪ੍ਰਭਾਵਾਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਵਿੱਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਉੱਪ ਜਿਲ੍ਹਾ ਸਿੱਖਿਆ ਅਫ਼ਸਰ-ਕਮ-ਨੋਡਲ ਅਫ਼ਸਰ ਰਾਜੀਵ ਜੋਸ਼ੀ ਵੱਲੋਂ ਕਿਸ਼ੋਰ ਸਿੱਖਿਆ ਦੇ ਉਦੇਸ਼ਾਂ ਅਤੇ ਸਕੂਲ ਸਿੱਖਿਆ ਵਿੱਚ ਇਸ ਦੀ ਮਹੱਤਤਾ ਬਾਰੇ ਦੱਸਿਆ ਗਿਆ। ਉਹਨਾਂ ਵੱਲੋਂ ਸੰਬੋਧਨ ਕਰਦਿਆਂ ਏਡਜ਼ ਦੇ ਮੁੱਖ ਲੱਛਣਾਂ ਦੀ ਪੜਾਅਵਾਰ ਚਰਚਾ ਕੀਤੀ ਗਈ ਅਤੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਕਿਸ਼ੋਰ ਸਿੱਖਿਆ ਚਲਾਉਣ ਲਈ ਵਚਨਬੱਧ ਕੀਤਾ ਗਿਆ। ਮੀਡੀਆ ਇੰਚਾਰਜ ਹਰਜੀਤ ਸਿੰਘ ਵੱਲੋਂ ਅੱਜ ਦੇ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਹਰੇਕ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ ਵਿੱਦਿਆਰਥੀ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਨਾਲ-ਨਾਲ 3000 ਰੁਪਏ,ਜਦਕਿ ਦੂਜਾ ਸਥਾਨ ਹਾਸਲ ਕਰਨ ਵਾਲੇ ਵਿੱਦਿਆਰਥੀ ਨੂੰ 1500 ਰੁਪਏ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਨੂੰ 1000 ਰੁਪਏ ਨਕਦ ਇਨਾਮ ਰਾਸ਼ੀ ਵੀ ਦਿੱਤੀ ਗਈ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸਕੂਲ ਆਫ ਐਮੀਨੈਂਸ ਮਾਡਲ ਟਾਊਨ ਦੀ ਰਾਣੀ ਨੇ ਪਹਿਲਾ, ਸਰਕਾਰੀ ਹਾਈ ਸਕੂਲ ਜਲਭੇ ਦੀ ਹਰਲੀਨ ਬੈਂਸ ਨੇ ਦੂਸਰਾ ਅਤੇ ਸਕੂਲ ਆਫ ਐਮੀਨੈਂਸ ਭਾਰਗੋ ਕੈਂਪ ਦੇ ਅਵੀਨੀਸ਼ ਨੇ ਤੀਸਰਾ ਸਥਾਨ ਹਾਸਲ ਕੀਤਾ। ਲੇਖ ਮੁਕਾਬਲਿਆਂ ਵਿੱਚ ਸਰਕਾਰੀ ਮਾਡਲ ਸਹਿ-ਸਿੱਖਿਆ ਸੀਨੀਅਰ ਸੈਕੈਂਡਰੀ ਸਕੂਲ ਲਾਡੋਵਾਲੀ ਰੋਡ ਦੇ ਲਵਪ੍ਰੀਤ ਨੇ ਪਹਿਲਾ, ਸਕੂਲ ਆਫ ਐਮੀਨੈਂਸ ਮਕਸੂਦਾਂ ਦੇ ਗੁਰਪ੍ਰੀਤ ਸਿੰਘ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਆਦਰਸ਼ ਨਗਰ ਦੀ ਗਾਇਤਰੀ ਨੇ ਤੀਸਰਾ ਸਥਾਨ ਹਾਸਲ ਕੀਤਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੁੱਖ-ਪ੍ਰਬੰਧਕ ਦੇ ਤੌਰ ਤੇ ਹਰਜੀਤ ਕੁਮਾਰ ਬਾਵਾ, ਹਰਦਰਸ਼ਨ ਸਿੰਘ, ਦੀਪਕ ਕੁਮਾਰ, ਮੁਨੀਸ਼ ਸ਼ਰਮਾ, ਰਵੀ ਕੁਮਾਰ ਅਤੇ ਸੁਰਿੰਦਰ ਕੁਮਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਅੱਜ ਦੇ ਮੁਕਾਬਲਿਆਂ ਦੌਰਾਨ ਲੈਕਚਰਾਰ ਕੁਲਵੰਤ ਪੁਰੀ, ਅਨਿਲ ਕੁਮਾਰ, ਰਮਿੰਦਰ ਕੌਰ, ਰਾਜੇਸ਼ ਸ਼ਰਮਾ, ਰਾਜੀਵ ਗੁਪਤਾ ਅਤੇ ਰਾਜਿੰਦਰ ਕੁਮਾਰ ਵੱਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਹਰਜੀਤ ਸਿੰਘ, ਗੁਰਪ੍ਰੀਤ ਸਿੰਘ ਸਮੇਤ ਭਾਗ ਲੈਣ ਵਾਲੇ ਬਲਾਕ ਸਕੂਲਾਂ ਦੇ ਮੁਖੀ ਅਤੇ ਅਧਿਆਪਕ ਮੌਜੂਦ ਸਨ।