
72.16 ਲੱਖ ਦੀ ਨਵੀਂ ਗ੍ਰਾਂਟ ਨਾਲ ਸਕੂਲਾਂ ਦੇ ਵਿਕਾਸ ਵਿੱਚ ਹੋਵੇਗੀ ਮਦਦ
ਹੁਸ਼ਿਆਰਪੁਰ 27 ਜਨਵਰੀ ( ਤਰਸੇਮ ਦੀਵਾਨਾ ) ਆਪਣੇ ਵਾਅਦੇ ਅਨੁਸਾਰ ਮੈਂ ਆਪਣੇ ਹਲਕੇ ਦੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਰੁਝਿਆ ਹੋਇਆ ਹਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਮੇਰੇ ਇਸ ਲਕਸ਼ ਤੱਕ ਪਹੁੰਚਣ ਲਈ ਮਦਦਗਾਰ ਹਨ। ਇਹ ਵਿਚਾਰ ਚੱਬੇਵਾਲ ਵਿਧਾਇਕ ਡਾ. ਇਸ਼ਾਕ ਕੁਮਾਰ ਨੇ ਸਾਂਝੇ ਕੀਤੇ, ਜਦੋਂ ਉਹ ਚੱਬੇਵਾਲ ਹਲਕੇ ਦੇ ਸਕੂਲਾਂ ਨੂੰ 72.16 ਲੱਖ ਦੀ ਨਵੀਂ ਗ੍ਰਾਂਟ ਜਾਰੀ ਕਰਨ ਦੇ ਮੌਕੇ ‘ਤੇ ਗੱਲ ਕਰ ਰਹੇ ਸਨ।
ਇਹ 72.16 ਲੱਖ ਦੀ ਗ੍ਰਾਂਟ ਸਕੂਲਾਂ ਵਿੱਚ ਜ਼ਰੂਰੀ ਮੁਰੰਮਤ, ਚਾਰ-ਦੀਵਾਰੀ ਦੀ ਰਿਪੇਅਰ, ਬਿਲਡਿੰਗ ਦੀ ਮੈਨਟੀਨੈਂਸ ਲਈ ਵਰਤੀ ਜਾਵੇਗੀ। ਪਹਿਲਾਂ ਜਾਰੀ ਕੀਤੀ ਗਈ 3.42 ਕਰੋੜ ਦੀ ਰਾਸ਼ੀ ਇੰਟ੍ਰੈਕਟਿਵ ਪੈਨਲ, ਫਰਨੀਚਰ ਅਤੇ ਨਵੇਂ ਕਲਾਸਰੂਮ ਬਣਾਉਣ ਲਈ ਖਰਚ ਕੀਤੀ ਜਾਵੇਗੀ। ਡਾ. ਇਸ਼ਾਕ ਨੇ ਕਿਹਾ ਕਿ ਇਸ ਰਾਸ਼ੀ ਨਾਲ ਸਕੂਲਾਂ ਵਿੱਚ ਜ਼ਰੂਰੀ ਬਦਲਾਅ ਹੋਣਗੇ, ਜੋ ਵਿਦਿਆਰਥੀਆਂ ਲਈ ਬਿਹਤਰ ਸਿੱਖਣ-ਸਿਖਾਉਣ ਦੇ ਮਾਹੌਲ ਨੂੰ ਯਕੀਨੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।
ਡਾ. ਇਸ਼ਾਕ ਨੇ ਦੱਸਿਆ ਕਿ ਚੱਬੇਵਾਲ ਦੇ ਸਕੂਲਾਂ ਲਈ ਜਨਵਰੀ ਮਹੀਨੇ ਵਿੱਚ ਹੀ ਕੁੱਲ 4.14ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਗ੍ਰਾਂਟ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਇੱਕ ਵੱਡਾ ਕਦਮ ਹੈ।
ਡਾ. ਇਸ਼ਾਕ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਰੇ ਫੰਡ ਮੁੱਖ ਮੰਤਰੀ ਦੇ ਸਿੱਖਿਆ ਨੂੰ ਤਰਜੀਹ ਦੇਣ ਵਾਲੇ ਦ੍ਰਿਸ਼ਟਿਕੋਣ ਦਾ ਨਤੀਜਾ ਹਨ। ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇੱਕ ਸੁਚੱਜੇ ਅਤੇ ਉੱਚ-ਪੱਧਰੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।
ਵਿਧਾਇਕ ਨੇ ਲੋਕਾਂ ਨੂੰ ਸਰਕਾਰ ਦੇ ਯਤਨਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਿੱਖਿਆ ਸਮਾਜ ਦੀ ਨੀਂਹ ਹੈ ਅਤੇ ਇਸ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ।