![GADRI ਗ਼ਦਰੀ ਬਾਬਿਆਂ](https://punjabreflection.com/wp-content/uploads/2025/02/GADRI-696x380.jpg)
ਜਲੰਧਰ 1 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਮੀਟਿੰਗ ਵਿੱਚ ਅੱਜ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ-2024 ਸਬੰਧੀ ਮੇਲਾ ਪ੍ਰਬੰਧਕੀ ਕਮੇਟੀਆਂ, ਸਭਿਆਚਾਰਕ ਵਿੰਗ ਦੀ ਮੀਟਿੰਗ, ਮੇਲਾ ਦੀਆਂ ਸਹਿਯੋਗੀ ਸੰਸਥਾਵਾਂ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਮੇਲਾ ਪ੍ਰੇਮੀਆਂ ਦੀਆਂ ਰਾਵਾਂ, ਸੁਝਾਅ ਇਕੱਠੇ ਕਰਨ ਉਪਰੰਤ ਸਾਹਮਣੇ ਆਏ ਸਭਨਾਂ ਪੱਖਾਂ ਉਪਰ ਗੰਭੀਰ ਚਰਚਾ ਕੀਤੀ ਤਾਂ ਜੋ 34ਵਾਂ ਮੇਲਾ-2025 ਨੂੰ ਹੋਰ ਵੀ ਬੁਲੰਦੀਆਂ ਉਪਰ ਪਹੁੰਚਾਉਣ ਲਈ ਇਸ ਪੜਚੋਲਵੀਂ ਨਜ਼ਰ ਉਪਰੰਤ ਠੋਸ ਕਦਮ ਚੁੱਕੇ ਜਾਣ।
ਅੱਜ ਦੀ ਮੀਟਿੰਗ ਨੇ ਕੁਇਜ਼, ਭਾਸ਼ਣ, ਗਾਇਨ ਅਤੇ ਚਿੱਤਰਕਲਾ ਮੁਕਾਬਲੇ, ਕਵੀ ਦਰਬਾਰ, ਵਿਚਾਰ-ਚਰਚਾ, ਚਿੱਤਰ ਤੇ ਫੋਟੋ ਕਲਾ ਪ੍ਰਦਰਸ਼ਨੀ ਅਤੇ ਪੁਸਤਕ ਪ੍ਰਦਰਸ਼ਨੀ ਦੇ ਅਨੇਕਾਂ ਪੱਖਾਂ ਉਪਰ ਉਸਾਰੂ ਆਲੋਚਨਾਤਮਕ ਦ੍ਰਿਸ਼ਟੀ ਤੋਂ ਝਾਤ ਮਾਰਦੇ ਹੋਏ ਇਹਨਾਂ ਮੁਕਾਬਲਿਆਂ ਬਾਰੇ ਗਹਿਰਾਈ ਵਿੱਚ ਵਿਚਾਰਦਿਆ ਤਾਂ ਜੋ ਅਗਲੇ ਮੇਲੇ ਦੀ ਰੂਪ-ਰੇਖਾ ਉਲੀਕਣ ਸਮੇਂ ਇਹਨਾਂ ਪੱਖਾਂ ਨੂੰ ਧਿਆਨ ਵਿੱਚ ਰੱਖਿਆ ਜਾਏ।
ਨਾਟਕ, ਗੀਤ-ਸੰਗੀਤ, ਕਾਰਪੋਰੇਟ ਅਤੇ ਫਾਸ਼ੀ ਹੱਲੇ ਵਿਰੁੱਧ ਜੂਝਦੀਆਂ ਲਹਿਰਾਂ ਨੂੰ ਮੇਲਾ ਸਮਰਪਤ ਕਰਨ, ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਨੂੰ ਮੇਲੇ ਵਿੱਚ ਸਨਮਾਨਤ ਥਾਂ ਦੇਣ ਅਤੇ ਉਹਨਾਂ ਦੀ ਇਤਿਹਾਸਕ ਪ੍ਰਸੰਗਕਤਾ ਉਭਾਰਨ ਪੱਖੋਂ ਮੇਲਾ ਸਫ਼ਲ ਰਿਹਾ। ਮੁਲਕ ਦੇ ਨਾਮਵਰ ਵਿਦਵਾਨਾਂ, ਦੇਸ਼ ਬਦੇਸ਼ ਤੋਂ ਆਏ ਲੋਕਾਂ ਖਾਸ ਕਰਕੇ ਚੜਦੀ ਜੁਆਨੀ ਦੀ ਹਾਜ਼ਰੀ ਪੱਖੋਂ ਮੇਲਾ ਸਿਖਰਲੀ ਦਿਨ ਜਿਥੇ ਸਫ਼ਲ ਰਿਹਾ, ਓਥੇ ਮੁਕਾਬਲਿਆਂ ਵਿੱਚ ਰੜਕਵੀਂ ਘਾਟ ਬਹੁਤ ਕੁੱਝ ਵਿਚਾਰਨ ਦੀ ਮੰਗ ਕਰਦੀ ਹੈ। ਇਹ ਨੋਟ ਕਰਦੇ ਹੋਏ ਕਮੇਟੀ ਨੇ ਭਵਿੱਖ਼ ਵਿੱਚ ਇਸ ਕਾਰਜ਼ ਨੂੰ ਸੰਬੋਧਤ ਹੋਣ ਬਾਰੇ ਵੀ ਕਦਮ ਚੁੱਕਣ ਲਈ ਵਿਚਾਰਿਆ।
ਦੇਸ਼ ਭਗਤ ਯਾਦਗਾਰ ਹਾਲ ਦੇ ਜੀ.ਟੀ.ਰੋਡ ਤਰਫ਼ ਦੇ ਮੁੱਖੜੇ ਨੂੰ ਹੋਰ ਵੀ ਇਤਿਹਾਸਕ ਪੱਖੋਂ ਖਿੱਚ ਭਰਪੂਰ ਬਣਾਉਣ ਅਤੇ ਸ਼ਾਮ-ਸਵੇਰੇ ਅਤੇ ਢੁਕਵੇਂ ਮੌਕਿਆਂ ‘ਤੇ ਗ਼ਦਰੀ ਗੂੰਜਾਂ ਸਮੇਤ ਲੋਕ-ਪੱਖੀ ਗੀਤ-ਸੰਗੀਤ, ਪੁਸਤਕਾਂ, ਲਾਇਬ੍ਰੇਰੀ ਅਤੇ ਮਿਊਜ਼ੀਅਮ ਵਿੱਚ ਲੋਕਾਂ ਦੇ ਆਉਣ ਲਈ ਪ੍ਰਭਾਵਸ਼ਾਲੀ ਮਾਹੌਲ ਸਿਰਜਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਦਾ ਆਗਾਜ਼ ਬੀਤੇ ਦਿਨੀਂ ਵਿਛੜੇ ਸ਼ਿਆਮ ਬੈਨੇਗਲ, ਤਪਨ ਘੋਸ਼, ਗੁਰਬਖ਼ਸ਼ ਕੌਰ ਸੰਘਾ, ਬਸੰਤ ਕੋਠਾ ਗੁਰੂ, ਕਰਮ ਕੋਠਾ ਗੁਰੂ ਅਤੇ ਕੋਠਾ ਗੁਰੂ ਦੀਆਂ ਹੀ ਤਿੰਨ ਔਰਤਾਂ ਸਰਬਜੀਤ ਕੌਰ, ਬਲਬੀਰ ਕੌਰ, ਜਸਵੀਰ ਕੌਰ, ਡਾ. ਜਗਮੋਹਣ ਸਿੰਘ, ਹਰਪਾਲ ਬਰਾੜ, ਤਰਲੋਚਨ ਸਿੰਘ ਝੋਰੜਾਂ, ਬਲਵੰਤ ਸਿੰਘ ਬਾਘਾ ਪੁਰਾਣਾ, ਬਲਵੰਤ ਸਿੰਘ ਘੋ ਦੇ ਸਪੁੱਤਰ ਅਤੇ ਜੁਆਈ, ਬਲਜਿੰਦਰ ਸਿੰਘ ਲੁਧਿਆਣਾ, ਚੈਂਚਲ ਰਾਮ ਗੁਣਾ ਚੌਰ, ਬਲਬੀਰ ਕੌਰ ਹੱਪੋਵਾਲ, ਜਸਪਾਲ ਬਰਮੀ ਨੂੰ ਖੜੇ ਹੋ ਕੇ ਸ਼ਰਧਾਂਜ਼ਲੀ ਦੇਣ ਨਾਲ ਹੋਇਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅੱਜ ਦੀ ਮੀਟਿੰਗ ਦੇ ਫੈਸਲਿਆਂ ਅਤੇ ਵਿਚਾਰ-ਚਰਚਾ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਤੋਂ ਇਲਾਵਾ ਜਨਰਲ ਬਾਡੀ ਦੇ ਮੈਂਬਰ ਸ਼ਾਮਲ ਸਨ।