ਵਿਧਾਇਕ ਬਲਕਾਰ ਸਿੱਧੂ ਵੱਲੋਂ ਅਪਸ਼ਬਦ ਬੋਲਣ ਖਿਲਾਫ਼ ਗੁੱਸੇ ਵਿੱਚ ਆਇਆ ਰਾਮਗੜ੍ਹੀਆ ਭਾਈਚਾਰਾ

0
8
ਵਿਧਾਇਕ ਬਲਕਾਰ ਸਿੱਧੂ

• ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਨੇ ਮੁੱਖ ਮੰਤਰੀ ਪਾਸੋਂ ਬਲਕਾਰ ਸਿੱਧੂ ਨੂੰ ਵਿਧਾਨ ਸਭਾ ਦੇ ਮੈਂਬਰੀ ਤੋਂ ਲਾਂਭੇ ਕਰਨ ਦੀ ਕੀਤੀ ਮੰਗ

ਹੁਸ਼ਿਆਰਪੁਰ, 2 ਮਾਰਚ (ਤਰਸੇਮ ਦੀਵਾਨਾ ) ਆਮ ਆਦਮੀ ਪਾਰਟੀ ਦੇ ਹੰਕਾਰੇ ਹੋਏ ਰਾਮਪੁਰਾ ਫ਼ੂਲ ਤੋਂ ਵਿਧਾਇਕ ਬਲਕਾਰ ਸਿੱਧੂ ਵੱਲੋਂ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲ ਸੇਧਿਤ ਹੋ ਕੇ ਸਮੁੱਚੇ ਰਾਮਗੜ੍ਹੀਆ ਭਾਈਚਾਰੇ ਖਿਲਾਫ਼ ਬੋਲੇ ਗਏ ਅਪਸ਼ਬਦਾਂ ਨੂੰ ਲੈ ਕੇ ਸਮੁੱਚੀ ਰਾਮਗੜ੍ਹੀਆ ਕੌਮ ਵਿੱਚ ਭਾਰੀ ਗੁੱਸੇ ਦੀ ਲਹਿਰ ਪੈਦਾ ਹੋ ਗਈ ਹੈ | ਇਸ ਸੰਬੰਧੀ ਰਾਮਗੜ੍ਹੀਆ ਸਿੱਖ ਅਰਗੇਨਾਇਜ਼ੇਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਅਤੇ ਜਨਰਲ ਸਕੱਤਰ ਇੰਡੀਆ ਜਗਸੀਰ ਸਿੰਘ ਧੀਮਾਨ ਨੇ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਨੇ ਇੱਕ ਵਾਇਰਲ ਹੋਈ ਆਡੀਓ ਵਿੱਚ ਰਾਮਗੜ੍ਹੀਆ ਭਾਈਚਾਰੇ ਦੀ ਸਤਿਕਾਰਿਤ ਸਖਸ਼ੀਅਤ ਵਿਧਾਨ ਸਭਾ ਦੇ ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾ ਦੇ ਖਿਲਾਫ ਅਪਸ਼ਬਦ ਬੋਲਦਿਆਂ ਸਮੁੱਚੀ ਰਾਮਗੜ੍ਹੀਆ ਬਰਾਦਰੀ ਨੂੰ ਨਿਸ਼ਾਨੇ ਤੇ ਲਿਆ ਹੈ।

ਇਸ ਆਡੀਓ ਦੌਰਾਨ ਵਿਧਾਇਕ ਬਲਕਾਰ ਸਿੱਧੂ ਆਪਣੀ ਅਕਲ ਦਾ ਜਨਾਜ਼ਾ ਕੱਢਦਾ ਹੋਇਆ ਜਿੱਥੇ ਆਪਣੀ ਪਾਰਟੀ ਦੇ ਸੀਨੀਅਰ ਆਗੂ ਖਿਲਾਫ਼ ਅਪਸ਼ਬਦ ਬੋਲਦਾ ਹੋਇਆ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਦੇ ਦਮਗਜ਼ੇ ਮਾਰਦਾ ਹੈ ਉੱਥੇ ਆਪਣੇ ਹੀ ਪਾਰਟੀ ਵਰਕਰਾਂ ਦੀਆਂ ਘਰਵਾਲੀਆਂ ਲਈ ਵੀ ਕਿਰਦਾਰਕੁਸ਼ੀ ਵਾਲੇ ਲਫ਼ਜ਼ ਬੋਲਦਾ ਸੁਣਿਆ ਜਾ ਸਕਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਵਿਅਕਤੀ ਵਿਧਾਇਕ ਦੀ ਸੰਵਿਧਾਨਿਕ ਕੁਰਸੀ ਤਾਂ ਇੱਕ ਪਾਸੇ ਸਭਿਅਕ ਸਮਾਜ ਵਿੱਚ ਰਹਿਣ ਦੇ ਕਾਬਿਲ ਵੀ ਨਹੀਂ ਹੈ | ਉਕਤ ਆਗੂਆਂ ਨੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਵੱਲੋਂ ਵਿਧਾਇਕ ਬਲਕਾਰ ਸਿੱਧੂ ਵੱਲੋਂ ਕੀਤੀਆਂ ਬੇਹੁੱਦਾ ਟਿੱਪਣੀਆਂ ਦੀ ਜੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਬਲਕਾਰ ਸਿੱਧੂ ਨੂੰ ਇਹ ਨਹੀ ਭੁੱਲਣਾ ਚਾਹੀਦਾ ਕਿ ਰਾਮਗੜੀਆ ਕੌਮ ਜੁਝਾਰੂਆਂ ਦੀ ਕੌਮ ਹੈ ਜਿਸ ਦੇ ਵੱਡੇ ਵਡੇਰਿਆਂ ਨੇ ਮੁਗਲਾਂ ਦੇ ਜੰਗਾਂ ਯੁੱਧਾਂ ਵਿੱਚ ਚੰਗੇ ਆਹੂ ਲਾਹੇ, ਜਿਸ ਕੌਮ ਨੂੰ ਬਲਕਾਰ ਸਿੱਧੂ ਗੁੱਲੀ ਘੜ ਦੱਸ ਰਿਹਾ ਉਹੀ ਕੌਮ ਆਪਣੇ ਖਿਲਾਫ ਬੋਲਣ ਵਾਲਿਆਂ ਦੁਸਮਣਾਂ ਦੀ ਮੰਜੀ ਚੰਗੀ ਤਰ੍ਹਾਂ ਠੋਕਣਾ ਜਾਣਦੀ ਹੈ।

ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਇੱਕ ਕੈਬਨਿਟ ਮੰਤਰੀ ਨੂੰ ਆਪਣੇ ਖਿਲਾਫ਼ ਬੋਲਣ ‘ਤੇ ਆਪਣੇ ਕਰਾਰੇ ਹੱਥ ਦਿਖਾ ਚੁੱਕੀ ਹੈ

ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਇੱਕ ਕੈਬਨਿਟ ਮੰਤਰੀ ਨੂੰ ਆਪਣੇ ਖਿਲਾਫ਼ ਬੋਲਣ ‘ਤੇ ਆਪਣੇ ਕਰਾਰੇ ਹੱਥ ਦਿਖਾ ਚੁੱਕੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਲਕਾਰ ਸਿੱਧੂ ਦੇ ਨਾਲ ਨਾਲ ਸਾਰੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਰਾਮਗੜ੍ਹੀਆ ਕੌਮ ਦੇ ਜਬਰਦਸਤ ਰੋਹ ਦਾ ਸਾਹਮਣਾ ਕਰਨਾ ਪਵੇਗਾ। ਹਰਦੇਵ ਸਿੰਘ ਕੌਂਸਲ ਅਤੇ ਜਗਸੀਰ ਸਿੰਘ ਧੀਮਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਸੋਂ ਮੰਗ ਕੀਤੀ ਕਿ ਆਪਣੇ ਵਿਧਾਇਕਾਂ ਨੂੰ ਕਾਬੂ ਵਿੱਚ ਰੱਖਣ ਅਤੇ ਬਲਕਾਰ ਸਿੱਧੂ ਨੂੰ ਵਿਧਾਨ ਸਭਾ ਦੇ ਮੈਂਬਰੀ ਤੋਂ ਤੁਰੰਤ ਲਾਂਭੇ ਕਰਨ |ਇਸ ਦੌਰਾਨ ਉਹਨਾਂ ਬੀਤੇ ਦਿਨੀ ਲੋਕ ਅਵਾਜ ਟੀਵੀ ਦੇ ਸੰਚਾਲਕ ਮਨਿੰਦਰਜੀਤ ਸਿੰਘ ਸਿੱਧੂ ਤੇ ਕੀਤੇ ਝੂਠੇ ਪਰਚੇ ਦੀ ਵੀ ਜਰਦਾਰ ਨਿੰਦਾ ਕੀਤੀ।

ਉਹਨਾਂ ਕਿਹਾ ਕਿ ਜੇਕਰ ਸੱਚ ਬੋਲਣ ਵਾਲੇ ਪੱਤਰਕਾਰਾਂ ਦਾ ਇਸੇ ਤਰ੍ਹਾਂ ਗਲਾ ਘੁੱਟਿਆ ਜਾਂਦਾ ਰਿਹਾ ਤਾਂ ਸਮਾਜ ਵਿੱਚ ਗਲਤ ਅਨਸਰਾਂ ਦੀ ਤੂਤੀ ਬੋਲੇਗੀ ਅਤੇ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੋਵੇਗਾ | ਇਸ ਲਈ ਪ੍ਰੈਸ ਦਾ ਅਜਾਦ ਤੋਰ ਤੇ ਕੰਮ ਕਰਨਾ ਬਹੁਤ ਜਰੂਰੀ ਹੈ। ਉਹਨਾਂ ਮਨਿੰਦਰਜੀਤ ਸਿੰਘ ਸਿੱਧੂ ਤੇ ਕੀਤੇ ਨਜਾਇਜ਼ ਪਰਚੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਗੁਰਦੇਵ ਸਿੰਘ ਪਵਾਰ ਸਾਬਕਾ ਐਕਸੀਅਨ ਜਨਰਲ ਸਕੱਤਰ ਇੰਡੀਆ,ਤਰਸੇਮ ਸਿੰਘ ਸੋਖੀ ਲੁਧਿਆਣਾ,ਗੁਰਸੇਵਕ ਸਿੰਘ ਕੌਂਸਲ ਯੂਥ ਆਗੂ ਵੀ ਮੌਜੂਦ ਸਨ |

LEAVE A REPLY