ਡੀਸੀ ਡਾ. ਹਿਮਾਂਸ਼ੂ ਅਗਰਵਾਲ ਜੂਨ ਵਿੱਚ ਕਰਣਗੇ ਪਰਿਯੋਜਨਾ ਦਾ ਉਦਘਾਟਨ : ਰਿਤਿਨ ਖੰਨਾ
ਜਲੰਧਰ 3 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਜ਼ਿਲਾ ਬੈਡਮਿੰਟਨ ਐਸੋਸੀਏਸ਼ਨ ਨੇ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਚਾਰ ਮਲਟੀਪਰਪਜ਼ ਬੈਡਮਿੰਟਨ ਕੋਰਟ ਅਤੇ 200 ਮੀਟਰ ਰਨਿੰਗ ਟ੍ਰੈਕ ਦੇ ਨਿਰਮਾਣ ਦੀ ਘੋਸ਼ਣਾ ਕੀਤੀ ਹੈ। ਇਹ ਫੈਸਲਾ ਐਸੋਸੀਏਸ਼ਨ ਦੀ ਅੰਤਰਿਮ ਕਮੇਟੀ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ।
ਪਰਿਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਬੀ.ਏ. ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਐਸੋਸੀਏਸ਼ਨ ਨੂੰ ਸਟੇਡੀਅਮ ਵਿੱਚ ਖੇਡਣ ਲਈ ਖਿਡਾਰੀਆਂ ਵੱਲੋਂ ਲਗਾਤਾਰ ਅਰਜ਼ੀਆਂ ਮਿਲ ਰਹੀਆਂ ਸਨ। ਹਾਲਾਂਕਿ, ਪਿਛਲੇ ਦੋ ਸਾਲਾਂ ਤੋਂ ਸਾਰੇ ਸਲੌਟ ਪੂਰੀ ਤਰ੍ਹਾਂ ਬੁੱਕ ਹੋਣ ਕਰਕੇ ਨਵੇਂ ਮੈਂਬਰਾਂ ਨੂੰ ਮੈਂਬਰਸ਼ਿਪ ਨਹੀਂ ਦਿੱਤੀ ਜਾ ਰਹੀ ਸੀ। ਇਸ ਚੁਣੌਤੀ ਨੂੰ ਦੇਖਦੇ ਹੋਏ, ਐਸੋਸੀਏਸ਼ਨ ਦੇ ਪ੍ਰਧਾਨ ਡੀ.ਸੀ. ਡਾ. ਹਿਮਾਂਸ਼ੂ ਅਗਰਵਾਲ (ਆਈ.ਏ.ਐਸ.) ਨਾਲ ਡੂੰਗੀ ਚਰਚਾ ਤੋਂ ਬਾਅਦ, ਕਮੇਟੀ ਨੇ ਸਟੇਡੀਅਮ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਦਾ ਫੈਸਲਾ ਲਿਆ। ਖੰਨਾ ਨੇ ਦੱਸਿਆ ਕਿ ਪਰਿਯੋਜਨਾ ਨੂੰ ਲਾਗੂ ਕਰਨ ਲਈ ਐਸੋਸੀਏਸ਼ਨ ਜਲਦੀ ਹੀ ਪ੍ਰਸਿੱਧ ਖੇਡ ਉਪਕਰਣ ਕੰਪਨੀਆਂ ਤੋਂ ਟੈਂਡਰ ਮੰਗੇਗਾ। ਨਿਰਮਾਣ ਕਾਰਜ ਅਪ੍ਰੈਲ ਵਿੱਚ ਸ਼ੁਰੂ ਹੋਵੇਗਾ ਅਤੇ ਜੂਨ ਵਿੱਚ ਡੀਬੀਏ. ਪ੍ਰਧਾਨ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਉਦਘਾਟਨ ਕੀਤਾ ਜਾਵੇਗਾ।
ਸ਼੍ਰੀ ਖੰਨਾ ਨੇ ਦੱਸਿਆ ਕਿ ਨਵੇਂ ਮਲਟੀਪਰਪਜ਼ ਬੈਡਮਿੰਟਨ ਕੋਰਟ ਸਿੰਥੇਟਿਕ ਟਰਫ਼ ‘ਤੇ ਬਣਾਏ ਜਾਣਗੇ, ਜਿਸ ਨਾਲ ਖਿਡਾਰੀ ਇਸ ਤੇ ਵੱਖ-ਵੱਖ ਟ੍ਰੇਨਿੰਗ ਅਭਿਆਸ ਕਰ ਸਕਣਗੇ। ਇਸਦੇ ਨਾਲ ਬੈਡਮਿੰਟਨ ਅਤੇ ਪਿਕਲਬਾਲ ਕੋਰਟ ਦਾ ਆਕਾਰ ਬਰਾਬਰ ਹੋਣ ਕਰਕੇ, ਕੁਝ ਛੋਟੇ-ਮੋਟੇ ਸੋਧ ਕਰਕੇ ਇਹ ਕੋਰਟ ਪਿਕਲਬਾਲ ਲਈ ਵੀ ਵਰਤੇ ਜਾ ਸਕਣਗੇ। ਯਾਦ ਰਹੇ ਕਿ ਪਿਕਲਬਾਲ ਅੱਜਕੱਲ੍ਹ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਲੋਕਪ੍ਰਿਆ ਹੋ ਰਹੇ ਖੇਡਾਂ ਵਿੱਚੋਂ ਇੱਕ ਹੈ।
ਉਨ੍ਹਾਂ ਕਿਹਾ ਕਿ 200 ਮੀਟਰ ਦਾ ਰਨਿੰਗ ਟ੍ਰੈਕ ਕੋਰਟ ਦੇ ਬਾਹਰੀ ਹਿੱਸੇ ਵਿੱਚ ਬਣਾਇਆ ਜਾਵੇਗਾ। ਇਨ੍ਹਾਂ ਦੇ ਨਾਲ-ਨਾਲ, ਵਿਸ਼ੇਸ਼ ਲਾਈਟਿੰਗ ਅਤੇ ਸਾਊਂਡ ਸਿਸਟਮ ਵੀ ਲਗਾਇਆ ਜਾਵੇਗਾ ਤਾਂ ਜੋ ਖਿਡਾਰੀ ਰਾਤ ਸਮੇਂ ਵੀ ਆਸਾਨੀ ਨਾਲ ਖੇਡ ਸਕਣ।
ਜਾਣਕਾਰੀ ਮੁਤਾਬਕ, ਪਿਛਲੇ ਚਾਰ ਸਾਲਾਂ ਵਿੱਚ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਵੱਡੀ ਪੱਧਰੀ ਵਿਕਾਸ ਹੋਇਆ ਹੈ, ਜਿਸ ‘ਤੇ ਲਗਭਗ 1 ਕਰੋੜ ਰੁਪਏ ਦੀ ਲਾਗਤ ਆਈ ਹੈ। ਹੁਣ, ਨਵੀਆਂ ਸੁਵਿਧਾਵਾਂ ਦੇ ਨਾਲ, ਇਹ ਉੱਤਰ ਭਾਰਤ ਦਾ ਇੱਕਮਾਤਰ ਸਟੇਡੀਅਮ ਬਣ ਜਾਵੇਗਾ, ਜਿੱਥੇ 10 ਬੈਡਮਿੰਟਨ ਕੋਰਟ, ਰਨਿੰਗ ਟ੍ਰੈਕ, ਆਧੁਨਿਕ ਜਿਮਨੇਜ਼ਿਅਮ, ਯੋਗ ਕੇਂਦਰ ਅਤੇ ਹੋਰ ਖੇਡ ਸੁਵਿਧਾਵਾਂ ਮੌਜੂਦ ਹੋਣਗੀਆਂ।
ਕਮੇਟੀ ਨੇ ਆਉਣ ਵਾਲੇ ਵਿੱਤੀ ਸਾਲ ਲਈ ਖਿਡਾਰੀਆਂ ਦੀ ਫੀਸ ਵਿੱਚ ਥੋੜ੍ਹੀ ਵਾਧਾ ਕਰਨ ਦਾ ਵੀ ਫੈਸਲਾ ਲਿਆ। ਇਸ ਮੀਟਿੰਗ ਵਿੱਚ ਪ੍ਰਧਾਨ ਰਣਦੀਪ ਸਿੰਘ ਹੀਰ (ਐਸ.ਡੀ.ਐਮ.-1), ਖਜ਼ਾਨਚੀ ਪਲਵਿੰਦਰ ਜੁਨੇਜਾ ਅਤੇ ਮੈਂਬਰ ਅਨੀਲ ਭੱਟੀ, ਰਾਕੇਸ਼ ਖੰਨਾ, ਕੁਸੁਮ ਕੈਪੀ, ਮੁਕੁਲ ਵਰਮਾ ਅਤੇ ਹਰਪ੍ਰੀਤ ਸਿੰਘ ਸ਼ਾਮਲ ਸਨ।