
• ਸ਼ਾਤਿਰ ਚੋਰ ਨੇ ਬੈੰਕ ਅਕਾਉਂਟ ਕੀਤਾ ਖਾਲੀ
• ਜ਼ਿਲਾ ਪੁਲਿਸ ਮੁਖੀ ਰਾਹੀਂ ਸਾਈਬਰ ਕ੍ਰਾਈਮ ਨੂੰ ਕੀਤੀ ਸ਼ਿਕਾਇਤ
ਹੁਸ਼ਿਆਰਪੁਰ, 4 ਅਪ੍ਰੈਲ (ਤਰਸੇਮ ਦੀਵਾਨਾ)- ਸ਼ਾਤਰ ਠੱਗ ਆਮ ਲੋਕਾਂ ਨਾਲ ਠੱਗੀ ਮਾਰਨ ਤੋਂ ਬਾਜ ਨਹੀਂ ਆ ਰਹੇ ਅਤੇ ਨਾ ਹੀ ਲੋਕ ਜਾਗਰੂਕ ਹੋਣ ਦਾ ਨਾਮ ਲੈ ਰਹੇ ਹਨ ਕੁਝ ਅਜਿਹਾ ਹੀ ਵਰਤਾਰਾ ਹੁਸ਼ਿਆਰਪੁਰ ਦੇ ਨਜ਼ਦੀਕੀ ਅਬਾਦੀ ਪੁਰਹੀਰਾਂ ਵਿੱਚ ਰਹਿਣ ਵਾਲੀ ਬਜ਼ੁਰਗ ਔਰਤ ਨਾਲ ਵਾਪਰਿਆ ਜੋ ਹੁਸ਼ਿਆਰਪੁਰ ਫਗਵਾੜਾ ਰੋਡ ਤੇ ਦਾਣਾ ਮੰਡੀ ਸਾਹਮਣੇ ਐਚਡੀਐਫਸੀ ਬੈੰਕ ਦੀ ਫੋਕਲ ਪੁਆਇੰਟ ਬਰਾਂਚ ਵਿੱਚ ਲੱਗੇ ਹੋਏ ਏਟੀਐਮ ਵਿੱਚੋਂ ਪੈਸੇ ਕਢਵਾਉਣ ਲਈ ਆਈ ਤਾਂ ਇਸ ਦੌਰਾਨ ਬੜੀ ਚਲਾਕੀ ਨਾਲ ਏਟੀਐਮ ਵਿੱਚ ਦਾਖਲ ਹੋਏ ਸ਼ਾਤਿਰ ਠੱਗ ਨੇ ਏਟੀਐਮ ਕਾਰਡ ਚੋਰੀ ਕਰ ਲਿਆ ਅਤੇ ਬਾਅਦ ਵਿੱਚ 27 ਅਤੇ 28 ਮਾਰਚ ਨੂੰ 3.44 ਲੱਖ ਰੁਪਏ ਹੜਪ ਲਏ |
ਇਸ ਮਾਮਲੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਰਹੀਰਾਂ ਦੀ ਰਹਿਣ ਵਾਲੀ ਬਜ਼ੁਰਗ ਔਰਤ ਸੁਰਜੀਤ ਕੌਰ ਪਤਨੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੈਂਕ ਅਕਾਊਂਟ ਯੂਨੀਅਨ ਬੈਂਕ ਪੁਰਹੀਰਾਂ ਬਰਾਂਚ ਵਿੱਚ ਹੈ ਜਦੋਂ 27 ਮਾਰਚ ਨੂੰ ਸ਼ਾਮ ਕਰੀਬ 5 ਵਜੇ ਉਹ ਐਚਡੀਐਫਸੀ ਬੈੰਕ ਦੀ ਫੋਕਲ ਪੁਆਇੰਟ ਬਰਾਂਚ ਫਗਵਾੜਾ ਰੋਡ ਹੁਸ਼ਿਆਰਪੁਰ ਵਿਖੇ ਪੈਸੇ ਕਢਵਾਉਣ ਲਈ ਆਈ ਤਾਂ ਇੱਕ ਵਾਰ ਵਿੱਚ 8 ਹਜਾਰ ਰੁਪਏ ਕਢਵਾ ਕੇ ਜਦੋਂ ਵਾਪਸ ਪਰਤਣ ਲੱਗੀ ਤਾਂ ਏਟੀਐਮ ਵਿੱਚ ਅਚਾਨਕ ਦਾਖਲ ਹੋਏ ਇਕ ਅਣਪਛਾਤੇ ਵਿਅਕਤੀ ਨੇ ਕਿਹਾ ਕਿ ਉਸ ਦੀ ਏਟੀਐਮ ਵਿੱਚੋਂ ਪਰਚੀ ਨਹੀਂ ਨਿਕਲੀ ਜਦੋਂ ਉਸ ਨੇ ਕਿਹਾ ਕਿ ਕੋਈ ਲੋਡ਼ ਨਹੀਂ ਤਾਂ ਉਕਤ ਸ਼ਾਤਰ ਠੱਗ ਨੇ ਉਸ ਨੂੰ ਜੋਰ ਪਾ ਕੇ ਦੁਬਾਰਾ ਤੋਂ ਏਟੀਐਮ ਵਿੱਚ ਕਾਰਡ ਪਵਾ ਲਿਆ ਅਤੇ ਪਿੰਨ ਨੰਬਰ ਨੋਟ ਕਰ ਲਿਆ ਜਦੋਂ ਉਹ ਪੈਸੇ ਗਿਣਨ ਵਿੱਚ ਬਿਜ਼ੀ ਸੀ ਤਾਂ ਮੌਕਾ ਦੇਖ ਕੇ ਸ਼ਾਤਰ ਠੱਗ ਨੇ ਉਸ ਦੇ ਪਰਸ ਦੀ ਜਿੱਪ ਖੁੱਲੀ ਦੇਖ ਕੇ ਕਾਰਡ ਚੋਰੀ ਕਰ ਲਿਆ ਜਿਸਦਾ ਉਸ ਨੂੰ ਕੋਈ ਪਤਾ ਨਾ ਲੱਗਾ।
ਬੈੰਕ ਦੀ ਅਣਗਹਿਲੀ ਵੀ ਜ਼ਿੰਮੇਵਾਰ ਸਾਬਿਤ ਹੋ ਸਕਦੀ ਹੈ
ਘਰ ਆ ਕੇ ਜਦੋਂ ਉਸਨੇ ਭਾਲ ਕਰਨੀ ਸ਼ੁਰੂ ਕੀਤੀ ਤਾਂ ਕਾਰਡ ਗੁੰਮ ਹੋਣ ਦਾ ਪਤਾ ਲੱਗਾ ਜਿਸ ਬਾਰੇ ਉਸ ਨੇ 27 ਮਾਰਚ 2025 ਨੂੰ ਹੀ ਯੂਨੀਅਨ ਬੈੰਕ ਦੇ ਕਸਟਮਰ ਕੇਅਰ ਨੰਬਰ 1800-208-2244 ਉੱਪਰ ਫੋਨ ਕਰਕੇ ਕਾਰਡ ਗੁੰਮ ਹੋਣ ਦੀ ਜਾਣਕਾਰੀ ਦੇ ਕੇ ਕਾਰਡ ਬਲੋਕ ਕਰਨ ਦੀ ਬੇਨਤੀ ਕੀਤੀ ਇਸ ਵਾਰੀ ਉਸ ਨੂੰ ਦੱਸਿਆ ਗਿਆ ਕਿ ਕਾਰਡ ਬਲੋਕ ਕਰ ਦਿੱਤਾ ਗਿਆ ਹੈ। ਉਸ ਦੇ ਮੋਬਾਈਲ ਤੇ ਕਾਰਡ ਬਲਾਕ ਹੋਣ ਦਾ ਮੈਸੇਜ 28 ਮਾਰਚ ਨੂੰ ਸ਼ਾਮ 8:37 ‘ਤੇ ਆਇਆ ਇਸ ਸਮੇਂ ਦੌਰਾਨ ਉਸ ਦਾ ਖਾਤਾ ਖਾਲੀ ਹੋ ਚੁੱਕਾ ਸੀ ਇੰਝ ਇਸ ਹੋਏ ਨੁਕਸਾਨ ਵਿੱਚ ਬੈੰਕ ਦੀ ਅਣਗਹਿਲੀ ਵੀ ਜ਼ਿੰਮੇਵਾਰ ਸਾਬਿਤ ਹੋ ਸਕਦੀ ਹੈ | ਬਜ਼ੁਰਗ ਔਰਤ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਅਕਾਊਂਟ ਵਿੱਚੋਂ ਵੱਡੀ ਰਕਮ “ਮੁਕੇਸ਼ ਪੂਰਬੀਆ ਗੁੜਗਾਂਉ” ਦੇ ਕਿਸੇ ਬੈਂਕ ਅਕਾਊਂਟ ਵਿੱਚ ਟ੍ਰਾਂਸਫਰ ਹੋਈ ਹੈ |
ਇਸ ਪੂਰੇ ਮਾਮਲੇ ਦੀ ਲਿਖਤੀ ਸ਼ਿਕਾਇਤ ਐਸਐਸਪੀ ਹੁਸ਼ਿਆਰਪੁਰ ਦਫਤਰ ਕੀਤੀ ਜਾ ਚੁੱਕੀ ਹੈ ਜਿਨਾਂ ਨੇ ਇਸ ਮਾਮਲੇ ਨੂੰ ਸਾਈਬਰ ਕ੍ਰਾਈਮ ਬਰਾਂਚ ਨੂੰ ਭੇਜ ਕੇ ਬਣਦੀ ਪੜਤਾਲ ਕਰਨ ਦਾ ਭਰੋਸਾ ਦਵਾਇਆ ਹੈ | ਇਸ ਪੂਰੇ ਮਾਮਲੇ ਨੂੰ ਪਹਿਲੀ ਨਜ਼ਰੇ ਦੇਖਣ ਵਿੱਚ ਹੀ ਇਹ ਸਾਹਮਣੇ ਆ ਜਾਂਦਾ ਹੈ ਕਿ ਇਹ ਕਰਾਈਮ ਇੱਕ ਸੰਗਠਿਤ ਗਿਰੋਹ ਵੱਲੋਂ ਕੀਤਾ ਗਿਆ ਹੈ ਜੇਕਰ ਪੁਲਿਸ ਚਾਹੇ ਤਾਂ ਇਸ ਦੀ ਪੂਰੀ ਡੁੰਘਾਈ ਨਾਲ ਤਹਿਕੀਕਾਤ ਕਰਕੇ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ ਜਿਸ ਨਾਲ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਬਚਾਈ ਜਾ ਸਕਦੀ ਹੈ।