
– ਐਸ.ਡੀ.ਐਮ ਸ਼ੁਭੀ ਆਂਗਰਾ ਵਲੋਂ ਨਸ਼ਿਆਂ ਖਿਲਾਫ਼ ਇਕਜੁੱਟ ਹੋਣ ਦਾ ਸੱਦਾ
ਸ਼ਾਹਕੋਟ/ਜਲੰਧਰ 4 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਉਪ ਮੰਡਲ ਮੈਜਿਸਟ੍ਰੇਟ, ਸ਼ਾਹਕੋਟ ਸ਼ੁਭੀ ਆਂਗਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਹਾਈ ਸਕੂਲ ਨਿੰਮਵਾਲਾ, ਸਾਹਕੋਟ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ।
ਇਸ ਰੈਲੀ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਹੱਥਾਂ ਵਿੱਚ ਫੜੀਆਂ ਤਖ਼ਤੀਆਂ ਰਾਹੀਂ ਨਸ਼ਿਆਂ ਦੀ ਲਾਹਣਤ ਨੂੰ ਖ਼ਤਮ ਕਰਨ ਦਾ ਸੁਨੇਹਾ ਦਿੱਤਾ।
ਇਸ ਮੌਕੇ ਵਿਦਿਆਰਥੀਆਂ ਅਤੇ ਜਨਤਾ ਨੂੰ ਸੰਬੋਧਨ ਕਰਦਿਆਂ ਐਸ.ਡੀ.ਐਮ ਸ਼ੁਭੀ ਆਂਗਰਾ ਨੇ ਕਿਹਾ ਕਿ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨਸ਼ਿਆਂ ਖਿਲਾਫ਼ ਇਕਜੁੱਟਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਜਨਤਾ ਦੀ ਭਾਗੀਦਾਰੀ ਨਾਲ ਹੀ ਨਸ਼ੇ ਦਾ ਖਾਤਮਾ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਾ ਛੱਡਣ ਵਾਲੇ ਵਿਅਕਤੀਆਂ ਲਈ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਬਣਾਏ ਹਨ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਨਸ਼ਾ ਛੁਡਾਊ ਕੇਂਦਰ ਹੈਲਪਲਾਈਨ ਨੰਬਰ 0181-2911960 ਵੀ ਜਾਰੀ ਕੀਤਾ ਗਿਆ ਹੈ।
ਡੀ.ਐਸ.ਪੀ.ਸ਼ਾਹਕੋਟ ਓਂਕਾਰ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਟਸਐਪ ਨੰਬਰ 9779-100-200 ਜਾਰੀ ਕੀਤਾ ਗਿਆ ਹੈ, ਜਿਸ ’ਤੇ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਦੇਣ ਵਾਲਿਆਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਨਾਇਬ ਤਹਿਸੀਲਦਾਰ ਸ਼ਾਹਕੋਟ ਸੁਲੋਚਨਾ ਦੇਵੀ, ਪ੍ਰਿੰਸੀਪਲ ਨਿਸ਼ਾ ਰਾਣੀ, ਗੁਰਜਿੰਦਰ ਕੌਰ, ਜਸਬੀਰ ਕੌਰ, ਕੁਲਵਿੰਦਰ ਕੌਰ, ਸੁਮੇਧਾ, ਕਿਰਨਦੀਪ ਕੌਰ ਆਦਿ ਅਧਿਆਪਕ ਵੀ ਮੌਜੂਦ ਸਨ।