ਲਾਇਲਪੁਰ ਖ਼ਾਲਸਾ ਕਾਲਜ ਵਿਖੇ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ

0
12
ਲਾਇਲਪੁਰ ਖ਼ਾਲਸਾ ਕਾਲਜ

ਜਲੰਧਰ 29 ਅਗਸਤ (ਸੰਜੀਵ ਕਪੂਰ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾਂ ਤੱਤਪਰ ਰਹਿੰਦਾ ਹੈ। ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਵਿਦਿਆਰਥੀਆਂ ਵਾਸਤੇ ਮੌਕੇ ਪ੍ਰਦਾਨ ਕਰਨਾ ਲਾਇਲਪੁਰ ਖ਼ਾਲਸਾ ਕਾਲਜ ਦੇ ਹਿੱਸੇ ਆਇਆ ਹੈ। ਇਸੇ ਤਹਿਤ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਕਾਲਜ ਵਿਖੇ ਮਨਾਇਆ ਗਿਆ। ਜਿਸ ਵਿਚ ਸੁਰਜੀਤ ਹਾਕੀ ਅਕੈਡਮੀ ਤੋਂ ਕੋਚ ਸ. ਅਵਤਾਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਡਾ. ਰਛਪਾਲ ਸਿੰਘ ਡੀਨ ਸਪੋਰਟਸ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ।

ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡਾ ਜਸਪਾਲ ਸਿੰਘ ਨੇ ਖੇਡਾਂ ਦੇ ਖੇਤਰ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦੇ ਯੋਗਦਾਨ ਅਤੇ ਭਵਿੱਖ ਦੇ ਟੀਚਿਆਂ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ, ਉਸ ਲਈ ਖਿਡਾਰੀਆਂ ਨੂੰ ਵੀ ਲਗਨ ਨਾਲ ਮਿਹਨਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਖੇਡਾਂ ਵਿੱਚ ਪਾਏ ਯੋਗਦਾਨ ਤੋਂ ਜਾਣੂ ਕਰਵਾਇਆ ਅਤੇ ਆਪਣੇ ਜੀਵਨ ਵਿਚ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਮੁੱਖ ਮਹਿਮਾਨ ਸ. ਅਵਤਾਰ ਸਿੰਘ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਨਿੱਜੀ ਟੀਚੇ ਨਿਰਧਾਰਤ ਕਰਕੇ ਦ੍ਰਿੜਤਾ ਦੇ ਨਾਲ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਸਫਲਤਾ ਪ੍ਰਾਪਤ ਕਰਨ ਦਾ ਗੁਰ ਦਸਿਆ। ਉਹਨਾਂ ਵਿਦਿਆਰਥੀਆਂ ਨੂੰ ਇਮਾਨਦਾਰੀ, ਨਿਸ਼ਠਾ ਅਤੇ ਸੱਚੀ ਖੇਡ ਭਾਵਨਾ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਵਿਦਿਆਰਥੀ ਖਿਡਾਰੀਆਂ ਦੇ ਕਰਾਸ ਕੰਟਰੀ ਦੌੜ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪਹਿਲੇ 11 ਸਥਾਨਾਂ ਤੇ ਆਉਣ ਵਾਲੇ ਦੌੜਾਕਾਂ ਨੂੰ ਇਨਾਮ ਦਿੱਤੇ ਗਏ। ਅੰਤ ਵਿਚ ਡਾ. ਰਛਪਾਲ ਸਿੰਘ ਸੰਧੂ ਡੀਨ ਸਪੋਰਟਸ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਰਛਪਾਲ ਸਿੰਘ ਸੰਧੂ ਅਤੇ ਪ੍ਰੋ. ਸਤਪਾਲ ਸਿੰਘ ਨੇ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਕੋਚ ਸਾਹਿਬਾਨ ਸ. ਦਵਿੰਦਰਪਾਲ ਸਿੰਘ ਹਾਕੀ, ਸ. ਸਰਬਜੀਤ ਸਿੰਘ ਬਾਸਕਿਟਬਾਲ ਤੋਂ ਇਲਾਵਾ ਡਾ. ਅੰਮ੍ਰਿਤਪਾਲ ਸਿੰਘ ਨਿੰਦਰਾਯੋਗ, ਡਾ. ਦਿਨਕਰ ਸ਼ਰਮਾ, ਡਾ. ਅਜੀਤਪਾਲ ਸਿੰਘ, ਡਾ. ਕਰਨਬੀਰ ਸਿੰਘ, ਡਾ. ਵਿਕਾਸ ਕੁਮਾਰ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਅਜੇ ਕੁਮਾਰ, ਪ੍ਰੋ. ਮਨਵੀਰ ਪਾਲ, ਸ੍ਰੀ ਜਗਦੀਸ਼ ਸਿੰਘ, ਸ੍ਰੀ ਅੰਮ੍ਰਿਤ ਲਾਲ ਸੈਣੀ ਨੇ ਵੀ ਸ਼ਮੂਲੀਅਤ ਕੀਤੀ।

LEAVE A REPLY