ਕਾਰਪੋਰੇਟ ਅਤੇ ਫਾਸ਼ੀਵਾਦ ਵਿਰੁੱਧ ਸੰਘਰਸ਼ਾਂ ਨੂੰ ਸਮਰਪਿਤ ਹੋਏਗਾ 33ਵਾਂ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ

0
35
ਮੇਲਾ ਗ਼ਦਰੀ ਬਾਬਿਆਂ ਦਾ

* ਕਮੇਟੀ ਮੈਂਬਰ ਹਰਦੇਵ ਅਰਸ਼ੀ ਲਹਿਰਾਉਣਗੇ ਗ਼ਦਰੀ ਝੰਡਾ

* ਦੇਸ਼ ਭਗਤ ਹਾਲ ਵਿੱਚ ਲੱਗੀ ਝੰਡੇ ਦੇ ਗੀਤ ਦੀ ਵਰਕਸ਼ਾਪ

* ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ, ਡਾ. ਪ੍ਰਬੀਰ, ਡਾ. ਅਪੂਰਵਾਨੰਦ, ਰਾਜਿੰਦਰ ਸਿੰਘ ਚੀਮਾ, ਉੱਘੇ ਫ਼ਿਲਮਸਾਜ਼ ਸੰਜੇ ਕਾਕ ਕਰਨਗੇ ਸੰਬੋਧਨ

ਜਲੰਧਰ 5 ਨਵੰਬਰ (ਕਪੂਰ)- ਭਖ਼ਦੇ ਮੁੱਦਿਆਂ ਉਪਰ ਕੇਂਦਰਤ ਹੋਏਗਾ ਇਸ ਵਾਰ 7, 8, 9 ਨਵੰਬਰ ਨੂੰ ਲੱਗ ਰਿਹਾ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਾਰਪੋਰੇਟ ਅਤੇ ਫਾਸ਼ੀਵਾਦ ਵਿਰੁੱਧ ਸੰਘਰਸ਼ਾਂ ਨੂੰ ਸਮਰਪਿਤ ਹੋਏਗਾ, ਮੇਲਾ ਗ਼ਦਰੀ ਬਾਬਿਆਂ ਦਾ।

ਇਸ ਮੇਲੇ ਦੇ ਸਿਖ਼ਰਲੇ ਦਿਨ 9 ਨਵੰਬਰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ ਅਦਾ ਕਰਨਗੇ। ਇਸ ਉਪਰੰਤ ਪੇਸ਼ ਹੋਣ ਵਾਲੇ ਝੰਡੇ ਦੇ ਗੀਤ ਦੀ ਵਰਕਸ਼ਾਪ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸ਼ੁਰੂ ਹੋ ਗਈ। ਉਨਾਂ ਦੱਸਿਆ ਕਿ ਅਮੋਲਕ ਸਿੰਘ ਦੇ ਲਿਖੇ ਸੱਤਪਾਲ (ਪਟਿਆਲਾ) ਅਤੇ ਕਰਾਂਤੀਪਾਲ (ਬਿਆਸ) ਦੀ ਨਿਰਦੇਸ਼ਨਾ ਵਿੱਚ ਸੰਗੀਤ ਓਪੇਰਾ ਰੂਪੀ ਇਹ ਝੰਡੇ ਦਾ ਗੀਤ ‘ਮੇਲਾ ਕੀ ਕਹਿੰਦੈ’ 100 ਦੇ ਕਰੀਬ ਕਲਾਕਾਰ ਪੇਸ਼ ਕਰਨਗੇ।

9 ਨਵੰਬਰ ਦੁਪਹਿਰ ਵੇਲੇ ਵਿਸ਼ਵ ਪ੍ਰਸਿੱਧ ਵਿਦਵਾਨ ਅਰੁੰਧਤੀ ਰਾਏ ਅਤੇ ਨਿਊਜ਼ ਕਲਿੱਕ ਦੇ ਸੰਸਥਾਪਕ ਸੰਪਾਦਕ ਪ੍ਰਬੀਰ ਸੰਬੋਧਨ ਕਰਨਗੇ। ਇਸ ਦਿਨ ਸ਼ਾਮ 4 ਵਜੇ ‘ਖੇਤੀ ਅਤੇ ਪਾਣੀ ਸੰਕਟ’ ਵਿਸ਼ੇ ਉਪਰ ਕਮੇਟੀ ਦੇ ਪ੍ਰਤੀਨਿੱਧ ਜਗਰੂਪ, ਰਮਿੰਦਰ ਪਟਿਆਲਾ, ਸੁਖਵਿੰਦਰ ਸੇਖੋਂ, ਕੁਲਵੰਤ ਸੰਧੂ, ਵਿਜੈ ਬੰਬੇਲੀ ਅਤੇ ਡਾ. ਪਰਮਿੰਦਰ ਸੰਬੋਧਨ ਕਰਨਗੇ। ਮੰਚ ਸੰਚਾਲਨ ਪ੍ਰੋ. ਗੋਪਾਲ ਬੁੱਟਰ ਕਰਨਗੇ।

9 ਨਵੰਬਰ ਸ਼ਾਮ 6:30 ਵਜੇ ਕਮੇਟੀ ਪ੍ਰਧਾਨ ਅਜਮੇਰ ਸਿੰਘ ਦੇ ਸੰਬੋਧਨ ਉਪਰੰਤ ਸਾਰੀ ਰਾਤ ‘ਪੋਸਟਰ’ (ਚਕਰੇਸ਼ ਚੰਡੀਗੜ), ‘ਧਰਤੀ ਦੀ ਧੀ: ਐਟੀਗਨੀ’ (ਕੇਵਲ ਧਾਲੀਵਾਲ), ‘ਗੁੰਮਸ਼ੁਦਾ ਔਰਤ’ (ਅਨੀਤਾ ਸ਼ਬਦੀਸ਼), ‘ਰਾਖਾ’ (ਬਲਰਾਜ ਸਾਗਰ), ‘ਹਨੇਰ ਨਗਰੀ’ (ਜਸਵਿੰਦਰ ਪੱਪੀ) ਅਤੇ ਇਪਟਾ ਦੇ ਅਵਤਾਰ ਚੜਿਕ ਅਤੇ ਸਾਥੀ ‘ਭੰਡ ਮੇਲੇ ਆਏ’ ਪੇਸ਼ ਕਰਨਗੇ। ਇਸ ਸਿਖਰਲੇ ਦਿਨ ਅਤੇ ਰਾਤ ਗੀਤ-ਸੰਗੀਤ ਦਾ ਆਪਣਾ ਵਿਸ਼ੇਸ਼ ਰੰਗ ਹੋਏਗਾ। ਇਸ ਵਿੱਚ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ (ਸਵਰਨ ਧਾਲੀਵਾਲ), ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਦਸਤਕ ਮੰਚ (ਸਾਰਾ), ਖਾਲਸਾ ਕਾਲਜ ਗੜਦੀਵਾਲ (ਗੁਰਪਿੰਦਰ ਸਿੰਘ), ਧਰਮਿੰਦਰ ਮਸਾਣੀ, ਨਰਗਿਸ, ਅੰਮ੍ਰਿਤ ਲਾਲ ਫਿਲੌਰ ਆਦਿ ਗਾਇਕਾਂ ਵੱਲੋਂ ਗੀਤ-ਸੰਗੀਤ ਹੋਵੇਗਾ।

ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ਮੇਲੇ ਦੇ ਦਿਨਾਂ ਵਿੱਚ ਗ਼ਦਰ ਪਾਰਟੀ ਦੇ ਪਹਿਲੇ ਖਜ਼ਾਨਚੀ ‘ਕਾਂਸ਼ੀ ਰਾਮ ਮੜੌਲੀ ਨਗਰ’, ਸ਼ਹੀਦ ਭਗਤ ਸਿੰਘ ਆਡੀਟੋਰੀਅਮ ਨੂੰ ਪਗੜੀ ਸੰਭਾਲ ਲਹਿਰ ਦੇ ਬਾਨੀ ‘ਅਜੀਤ ਸਿੰਘ ਪੰਡਾਲ’ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਨੂੰ ਫਾਸ਼ੀਵਾਦ ਖਿਲਾਫ਼ ਲੜਨ ਵਾਲੇ ਜੁਝਾਰੂਆਂ ਵਿੱਚ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਸੰਗਰਾਮੀਏ ਦੇ ਨਾਂਅ ‘ਜੂਲੀਅਸ ਫਿਊਚਕ ਪੁਸਤਕ ਪ੍ਰਦਰਸ਼ਨੀ ਪੰਡਾਲ’ ਦਾ ਨਾਂਅ ਦਿੱਤਾ ਜਾਏਗਾ।

7 ਨਵੰਬਰ 2 ਵਜੇ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਹੋਏਗਾ ਉਦਘਾਟਨ ਅਤੇ ਸਨਮਾਨ। ‘ਜੂਲੀਅਸ ਫਿਊਚਕ ਪੁਸਤਕ ਪ੍ਰਦਰਸ਼ਨੀ ਪੰਡਾਲ’ ਵਿੱਚ ਹੀ ਮੇਲੇ ਦੇ ਪਹਿਲੇ ਦਿਨ 7 ਨਵੰਬਰ ਦਿਨ ਸ਼ੁੱਕਰਵਾਰ ਸ਼ਾਮ ਠੀਕ 4 ਵਜੇ ਰੂਸੀ ਕਰਾਂਤੀ ਦੇ ਦਿਹਾੜੇ ਨੂੰ ਸਿਜਦਾ ਕਰਦੇ ਹੋਏ ‘ਪੁਸਤਕ ਸਭਿਆਚਾਰ’ ਵਿਸ਼ੇ ‘ਤੇ ਚਰਚਾ ਹੋਏਗੀ। ‘ਫੁਲਵਾੜੀ’ ਦੇ 100ਵੇਂ ਵਰੇ ਦੇ ਹਵਾਲੇ ਨਾਲ ਵੀ ਹੋਣਗੀਆਂ ਬਾਤਾਂ। ਇਸ ਮੌਕੇ ਸਾਡੇ ਕੋਲੋਂ ਵਿਛੜੇ ਸੁਰਜੀਤ ਪਾਤਰ, ਸ੍ਰੀਮਤੀ ਕੈਲਾਸ਼ ਕੌਰ, ਇਕਬਾਲ ਖ਼ਾਨ, ਅਮਰਜੀਤ ਰਸੂਲਪੁਰੀ, ਕੁਲਦੀਪ ਜਲੂਰ, ਹਰਬੰਸ ਹੀਓਂ ਆਦਿ ਕਵੀਆਂ, ਲੇਖਕਾਂ ਨੂੰ ਯਾਦ ਕੀਤਾ ਜਾਏਗਾ।

8 ਨਵੰਬਰ ਦਿਨ ਸ਼ਨਿਚਰਵਾਰ ਸਵੇਰੇ ਕੁਇਜ਼, ਪੇਂਟਿੰਗ, ਗਾਇਨ ਅਤੇ ਭਾਸ਼ਣ ਮੁਕਾਬਲੇ ਵੱਖ-ਵੱਖ ਹਾਲਾਂ ਵਿੱਚ ਹੋਣਗੇ। ਕੁਇਜ਼ ਮੁਕਾਬਲਾ ਪੁਸਤਕ ‘ਕਿਰਤੀ ਵਾਰਤਕ: ਸ਼ਹੀਦੀ ਜੀਵਨੀਆਂ’ (ਸੰਪਾਦਕ: ਚਰੰਜੀ ਲਾਲ ਕੰਗਣੀਵਾਲ) ਉਪਰ ਹੋਏਗਾ। ਪੇਂਟਿੰਗ ਮੁਕਾਬਲਾ ਦੇ ਇਨਾਮ-ਸਨਮਾਨ ਵੰਡ ਮੌਕੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਬਾਰੇ ਵਿਚਾਰਾਂ ਅਤੇ ਬਾਲ ਕਲਾਕਾਰਾਂ ਵੱਲੋਂ ‘ਜਲਿਆਂਵਾਲਾ ਬਾਗ਼’ ਬਾਲ ਨਾਟਕ ਹੋਏਗਾ। ਵਿਗਿਆਨਕ ਵਿਚਾਰਾਂ ਬਾਰੇ ਬੱਚਿਆਂ ਨਾਲ ਗੱਲਬਾਤ ਹੋਏਗੀ। ਇਸ ਦਿਨ ਦੁਪਹਿਰ 2 ਵਜੇ ਬਾਬਾ ਜਵਾਲਾ ਸਿੰਘ ਹਾਲ ਵਿੱਚ ਤਿੰਨ ਨਵੇਂ ਫੌਜਦਾਰੀ ਅਤੇ ਕਾਲ਼ੇ ਕਾਨੂੰਨਾਂ ਦੇ ਮਨਸ਼ੇ, ਮਾਰੂ ਪ੍ਰਭਾਵ ਅਤੇ ਇਹਨਾਂ ਖਿਲਾਫ਼ ਜਨਤਕ ਆਵਾਜ਼ ਸਬੰਧੀ ਵਿਚਾਰ-ਚਰਚਾ ਹੋਏਗੀ। ਜਿਸ ਵਿੱਚ ਉੱਘੇ ਵਿਦਵਾਨ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਅਤੇ ਅਪੂਰਵਾਨੰਦ ਮੁੱਖ ਵਕਤਾ ਹੋਣਗੇ। ਸ਼ਾਮ 4 ਵਜੇ ਕਵੀ-ਦਰਬਾਰ, 6 ਵਜੇ ‘ਮਾਟੀ ਕੇ ਲਾਲ’ ਫ਼ਿਲਮ ਦਿਖਾਈ ਜਾਏਗੀ। ਫ਼ਿਲਮਸਾਜ਼ ਸੰਜੇ ਕਾਕ ਸੰਬੋਧਨ ਕਰਨਗੇ।

ਇਸ ਮੇਲੇ ਵਿੱਚ ਗ਼ਦਰੀ ਦੇਸ਼ ਭਗਤਾਂ ਦੇ ਪਿੰਡਾਂ ਵੱਲੋਂ ਮੁੱਖ ਤੌਰ ‘ਤੇ ਪ੍ਰਿਥੀਪਾਲ ਸਿੰਘ ਮਾੜੀਮੇਘਾ, ਰਣਜੀਤ ਸਿੰਘ ਔਲਖ ਅਤੇ ਰਾਜਿੰਦਰ ਮੰਡ ਦੀ ਅਗਵਾਈ ਵਿੱਚ ਲੰਗਰ ਸੇਵਾਵਾਂ ਹੋਣਗੀਆਂ। ਨਾਟਕਾਂ ਦੀ ਰਾਤ ਚਾਹ ਦਾ ਲੰਗਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹੋਏਗਾ।

ਪ੍ਰੈਸ ਕਾਨਫਰੰਸ ਵਿੱਚ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਗੁਰਮੀਤ ਸਿੰਘ, ਕੁਲਬੀਰ ਸੰਘੇੜਾ, ਹਰਵਿੰਦਰ ਭੰਡਾਲ ਵੀ ਸ਼ਾਮਲ ਸਨ।

ਦੇਸ਼ ਭਗਤ ਕਮੇਟੀ ਨੇ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਸਖਸ਼ੀਅਤਾਂ ਨੂੰ ਪਰਿਵਾਰਾਂ ਸਮੇਤ ਮੇਲੇ ਵਿੱਚ ਸ਼ਿਰਕਤ ਕਰਨ ਅਤੇ ਹਰ ਪੱਖੋਂ ਸਹਿਯੋਗ ਲਈ ਅਪੀਲ ਕੀਤੀ ਹੈ।

ਪ੍ਰੈੱਸ ਕਾਨਫਰੰਸ ਵਿੱਚ ਆਏ ਸੁਆਲਾਂ ਦੇ ਕਮੇਟੀ ਆਗੂਆਂ ਨੇ ਸਾਰਥਕ ਜਵਾਬ ਦਿੰਦੇ ਹੋਏ ਸੁਆਲਾਂ ਦਾ ਸੁਆਗਤ ਕੀਤਾ।

LEAVE A REPLY