ਅਕਾਲੀ ਦਲ ਵੱਲੋਂ ਐੱਸ.ਡੀ.ਐੱਮ. ਦਫਤਰ ਹੁਸ਼ਿਆਰਪੁਰ ਦੇ ਬਾਹਰ ਰੋਸ ਧਰਨਾ

0
23
ਅਕਾਲੀ ਦਲ

ਆਪ ਫੇਲ ਤੇ ਭਾਜਪਾ ਪੰਜਾਬ ਤੋਂ ਕਿਸਾਨੀ ਅੰਦੋਲਨ ਦਾ ਬਦਲਾ ਲੈ ਰਹੀ-ਲਾਲੀ ਬਾਜਵਾ

ਹੁਸ਼ਿਆਰਪੁਰ 5 ਨਵੰਬਰ (ਤਰਸੇਮ ਦੀਵਾਨਾ)- ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਿਲੀਭੁਗਤ ਅਤੇ ਡੂੰਘੀ ਸਾਜਿਸ਼ ਕਰਕੇ ਪੰਜਾਬ ਭਰ ਵਿੱਚ ਝੋਨੇ ਦੀ ਖਰੀਦ ਵਿੱਚ ਵੱਡਾ ਸੰਕਟ ਖੜ੍ਹਾ ਕੀਤਾ ਗਿਆ ਹੈ ਤੇ ਇਹ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ, ਇਹ ਪ੍ਰਗਟਾਵਾ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਇੱਥੇ ਐੱਸ.ਡੀ.ਐੱਮ. ਦਫਤਰ ਦੇ ਬਾਹਰ ਅਕਾਲੀ ਦਲ ਵੱਲੋਂ ਲਗਾਏ ਗਏ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ, ਇਸ ਮੌਕੇ ਜਗਤਾਰ ਸਿੰਘ, ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਹਰਸਿਮਰਨ ਸਿੰਘ ਬਾਜਵਾ, ਸੋਈ ਦੇ ਦੋਆਬਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਔਜਲਾ ਵੀ ਮੌਜੂਦ ਰਹੇ। ਲਾਲੀ ਬਾਜਵਾ ਨੇ ਅੱਗੇ ਕਿਹਾ ਕਿ ਝੋਨੇ ਦੀ ਖਰੀਦ ਵਿੱਚ ਜਾਣਬੁੱਝ ਕੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਹਨ ਕਿ ਕਿਸਾਨ ਮਜਬੂਰ ਹੋ ਕਿ ਕਈ-ਕਈ ਕਿੱਲੇ ਝੋਨੇ ਦੇ ਕੱਟ ਲਵਾ ਕੇ ਐਮ.ਐਸ.ਪੀ ਤੋਂ ਘੱਟ ਰੇਟ ਤੇ ਫਸਲ ਵੇਚ ਰਹੇ ਹਨ ਤੇ ਦੂਜੇ ਪਾਸੇ ਸੂਬਾ ਸਰਕਾਰ ਖਰੀਦ ਪ੍ਰਤੀ ਸਭ ਠੀਕ ਚੱਲ ਰਿਹਾ ਹੈ ਦੀਆਂ ਟਾਹਰਾਂ ਮਾਰ ਰਹੀ ਹੈ ਜੋ ਸਰਾਸਰ ਗਲਤ ਹੈ। ਲਾਲੀ ਬਾਜਵਾ ਨੇ ਕਿਹਾ ਕਿ ਖਰੀਦੇ ਹੋਏ ਮਾਲ ਦੀ ਲਿਫਟਿੰਗ ਦੇ ਨਾਕਸ ਪ੍ਰਬੰਧਾਂ ਸਦਕਾ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ ਅਤੇ ਮੰਡੀਆਂ ਵਿੱਚ ਹੋਰ ਝੋਨਾ ਸੁੱਟਣ ਲਈ ਇੱਕ ਇੰਚ ਵੀ ਥਾਂ ਨਹੀਂ।

ਉਨ੍ਹਾ ਕਿਹਾ ਕਿ ਇਨ੍ਹਾਂ ਹਾਲਾਤਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਕਿਉਂਕਿ ਉਹਨਾਂ ਨੇ ਪੰਜਾਬ ਦੇ ਗੋਦਾਮਾਂ ਵਿਚੋਂ ਝੋਨੇ ਦੇ ਭੰਡਾਰ ਬਾਹਰ ਲਿਜਾਣ ਲਈ ਕੇਂਦਰ ਸਰਕਾਰ ਨਾਲ ਸਹੀ ਤਾਲਮੇਲ ਨਹੀਂ ਕੀਤਾ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਵੀ ਸੂਬੇ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕੀਤਾ। ਇਸ ਮੌਕੇ ਵਰਿੰਦਰ ਬਾਜਵਾ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਕਾਰਨ ਕਣਕ ਦੀ ਆਉਂਦੀ ਫਸਲ ਵੀ ਖ਼ਤਰੇ ਵਿਚ ਪੈ ਗਈ ਹੈ ਅਤੇ ਸੂਬੇ ਦੇ ਵੱਡੇ ਹਿੱਸੇ ਵਿਚ ਕਣਕ ਦੀ ਬਿਜਾਈ ਵਿਚ ਦੇਰੀ ਹੋਣੀ ਤੈਅ ਹੈ ਤੇ ਇਸ ਨਾਲ ਕਣਕ ਦੇ ਝਾੜ ’ਤੇ ਵੀ ਫ਼ਰਕ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਖਦਸ਼ਾ ਹੈ ਕਿ ਡੀ.ਏ.ਪੀ ਦੀ ਘਾਟ ਕਾਰਨ ਕਣਕ ਦੀ ਫਸਲ ਲਈ ਵੀ ਗੰਭੀਰ ਖ਼ਤਰੇ ਖੜ੍ਹੇ ਹੋਣਗੇ।

ਇਸ ਮੌਕੇ ਹਲਕਾ ਸ਼ਾਮਚੁਰਾਸੀ ਦੇ ਇੰਚਾਰਜ ਸੰਦੀਪ ਸਿੰਘ ਸੀਕਰੀ ਨੇ ਕਿਹਾ ਕਿ ਬਰਬਾਦੀ ਵੱਲ ਜਾ ਰਹੀ ਕਿਸਾਨੀ ਦੇ ਦਰਦ ਨੂੰ ਦੇਖਦੇ ਹੋਏ ਅਕਾਲੀ ਦਲ ਮੈਦਾਨ ਵਿੱਚ ਉਤਰਿਆ ਹੈ ਤੇ ਜੇਕਰ ਪੰਜਾਬ ਤੇ ਕੇਂਦਰ ਸਰਕਾਰ ਨੇ ਝੋਨੇ ਦੀ ਸੁਚੱਜੀ ਖਰੀਦ ਵਾਸਤੇ ਤੁਰੰਤ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਅਕਾਲੀ ਦਲ ਆਪਣਾ ਸੰਘਰਸ਼ ਹੋਰ ਤਿੱਖਾ ਕਰੇਗਾ। ਰੋਸ ਧਰਨੇ ਉਪਰੰਤ ਇਸ ਸਬੰਧ ਵਿੱਚ ਇੱਕ ਮੰਗ ਪੱਤਰ ਐੱਸ.ਡੀ.ਐੱਮ.ਨੂੰ ਸੌਂਪਿਆ ਗਿਆ। ਇਸ ਮੌਕੇ ਬਰਿੰਦਰ ਸਿੰਘ ਪਰਮਾਰ, ਨਿਰਮਲ ਸਿੰਘ ਭੀਲੋਵਾਲ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਸੰਜੀਵ ਤਲਵਾੜ, ਰਵਿੰਦਰਪਾਲ ਮਿੰਟੂ, ਬੰਟੀ ਚੱਗਰਾ, ਭੁਪਿੰਦਰ ਸਿੰਘ ਮਹਿੰਦੀਪੁਰ, ਜਪਿੰਦਰ ਅਟਵਾਲ, ਭੁਪਿੰਦਰ ਸਿੰਘ ਹੁਸ਼ਿਆਰਪੁਰੀ, ਜਸਵਿੰਦਰ ਸਿੰਘ ਛਾਉਣੀ ਕਲਾ,ਅਜਮੇਰ ਸਿੰਘ, ਸੁਖਦੇਵ ਸੁੱਖਾ ਬਾਗਪੁਰ, ਹਰਦੇਵ ਸਿੰਘ ਸਹਾਏਪੁਰ, ਗੁਰਪ੍ਰੀਤ ਸਿੰਘ ਕੋਟਲੀ, ਐਡਵੋਕੇਟ ਸੂਰਜ ਸਿੰਘ ਆਦਿ ਵੀ ਮੌਜੂਦ ਰਹੇ।

LEAVE A REPLY