
ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਖ਼ਿਲਾਫ਼ ਅਗਲੇ ਸੰਘਰਸ਼ ਦਾ ਵਜਾਇਆ ਵਿਗਲ
ਜਲੰਧਰ, 18 ਅਗਸਤ (ਐਸ ਕੇ. ਕਪੂਰ)
ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੀ ਇੱਕ ਅਹਿਮ ਹੰਗਾਮੀ ਮੀਟਿੰਗ ਅੱਜ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਸੂਬਾ ਭਰ ਤੋਂ ਪਹੁੰਚੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਆਗੂਆਂ ਦੀ ਹਾਜ਼ਰੀ ਵਿੱਚ ਹੋਈ। ਮੀਟਿੰਗ ਦੌਰਾਨ ਅਧਿਆਪਕਾਂ ਅਤੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀਆਂ ਲਟਕਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਅਗਲੇ ਤਿੱਖੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਗਈ।
ਯੂਨੀਅਨ ਨੇ ਸਰਬਸੰਮਤੀ ਨਾਲ ਪੰਜ ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ, ਜਿਸ ਵਿੱਚ ਓਂਕਾਰ ਸਿੰਘ (ਗੁਰਦਾਸਪੁਰ), ਗੁਰਜੀਤ ਸਿੰਘ (ਘਨੌਰ, ਸੰਗਰੂਰ), ਗੁਰਪ੍ਰੀਤ ਸਿੰਘ (ਮੁਕਤਸਰ ਸਾਹਿਬ), ਸ਼ਿਵ ਕੁਮਾਰ ਰਾਣਾ (ਮੋਹਾਲੀ) ਅਤੇ ਸ਼ਿਵਰਾਜ ਸਿੰਘ (ਜਲੰਧਰ) ਨੂੰ ਸ਼ਾਮਲ ਕੀਤਾ ਗਿਆ। ਇਹ ਕਮੇਟੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੌਰੇ ਕਰਕੇ ਅਧਿਆਪਕ ਕੇਡਰ ਨਾਲ ਤਾਲਮੇਲ ਬਣਾਏਗੀ ਅਤੇ ਸੰਘਰਸ਼ ਲਈ ਲਾਮਬੰਦੀ ਨੂੰ ਹੋਰ ਤੇਜ਼ ਕਰੇਗੀ।
ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਲਈ ਕੀਤੇ ਜਾਣ ਵਾਲੇ ਹਰ ਸੰਘਰਸ਼ ਵਿੱਚ ਈ.ਟੀ.ਟੀ. ਅਧਿਆਪਕ ਯੂਨੀਅਨ ਪੂਰਾ ਸਹਿਯੋਗ ਦੇਵੇਗੀ ਅਤੇ ਮੋਢੇ ਨਾਲ ਮੋਢਾ ਜੋੜ ਕੇ ਸਾਂਝੀ ਲੜਾਈ ਲੜੇਗੀ।
ਪੰਜਾਬ ਰਿਫ਼ਲੈਕਸ਼ਨ ਦੇ ਮੁੱਖ ਸੰਵਾਦਾਤਾ ਐਸ. ਕੇ. ਕਪੂਰ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੂਬਾ ਪੱਧਰ ‘ਤੇ ਹੋਰ ਵੱਡਾ ਅਤੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਮੀਟਿੰਗ ਦੌਰਾਨ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੀ ਜ਼ਿਲ੍ਹਾ ਅਤੇ ਬਲਾਕ ਲੀਡਰਸ਼ਿਪ ਵਿੱਚ ਭਰਪੂਰ ਜੋਸ਼ ਅਤੇ ਏਕਤਾ ਦੇਖਣ ਨੂੰ ਮਿਲੀ। ਇਸ ਮੌਕੇ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਬਲਰਾਜ ਸਿੰਘ ਘਲੋਟੀ, ਪਰਮਜੀਤ ਸਿੰਘ ਮਾਨ (ਲੁਧਿਆਣਾ), ਕੇਵਲ ਸਿੰਘ ਹੁੰਦਲ, ਅਜਮੇਰ ਸਿੰਘ, ਅਸ਼ੋਕ ਕੁਮਾਰ, ਕੁਲਦੀਪ ਸੱਭਰਵਾਲ, ਸਿਮਲਜੀਤ ਸਿੰਘ, ਸੁਭਾਸ਼ ਚੰਦਰ (ਫਾਜ਼ਿਲਕਾ), ਸਤਨਾਮ ਸਿੰਘ (ਗੁਰਦਾਸਪੁਰ), ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ (ਅੰਮ੍ਰਿਤਸਰ), ਜਗਜੀਤ ਸਿੰਘ (ਮਾਲੇਰਕੋਟਲਾ), ਰਾਜਵੀਰ (ਸੰਗਰੂਰ), ਸੁਖਵੀਰ ਸਿੰਘ, ਜਸਪਾਲ ਸਿੰਘ (ਕਪੂਰਥਲਾ), ਬਲਜਿੰਦਰ ਸਿੰਘ ਬੱਲ, ਮੱਖਣ ਸਿੰਘ (ਪਠਾਨਕੋਟ), ਪ੍ਰਵੀਨ ਕੌਰ (ਮੋਹਾਲੀ), ਸੰਜੀਵ ਜੋਸ਼ੀ, ਅਮਰਜੀਤ ਸਿੰਘ, ਜਸਬੀਰ ਸਿੰਘ, ਖੁਸ਼ਹਾਲ ਸਿੰਘ, ਸਾਹਿਬ ਸਿੰਘ ਅਤੇ ਗੌਰਵ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।



























